![]()
ਜਿਸ ਵਿਅਕਤੀ ਜਾਂ ਕਾਰੋਬਾਰੀ ਦੇ ਅਧਿਕਾਰ ਖੇਤਰ ਵਾਲੇ ਸਥਾਨ ਤੋਂ ਲਾਰਵਾ ਜਾਂ ਡੇਂਗੂ ਫੈਲਾਉਣ ਵਾਲਾ ਮੱਛਰ ਮਿਲੇਗਾ ਉਸ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਡਿਪਟੀ ਕਮਿਸ਼ਨਰ ਵੱਲੋਂ ਅਜਿਹੇ ਵਿਅਕਤੀਆਂ ਦੇ ਚਾਲਾਨ ਕੱਟਣ ਦੀ ਹਦਾਇਤ
ਲੁਧਿਆਣਾ, 9 ਅਕਤੂਬਰ ( ਸਤ ਪਾਲ ਸੋਨੀ ) : ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਲੁਧਿਆਣਾ ਨੂੰ ਹਦਾਇਤ ਕੀਤੀ ਹੈ ਕਿ ਉਹ ਉਨਾਂ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭਣ, ਜਿਨਾਂ ਦੀ ਮਾਲਕੀ ਵਾਲੇ ਘਰ ਜਾਂ ਕਾਰੋਬਾਰੀ ਖੇਤਰ ਵਿੱਚੋਂ ਡੇਂਗੂ ਫੈਲਾਉਣ ਵਾਲਾ ਮੱਛਰ ਜਾਂ ਲਾਰਵਾ ਮਿਲਦਾ ਹੈ। ਉਨਾਂ ਇਹ ਹਦਾਇਤ ਜ਼ਿਲਾ ਪੱਧਰੀ ਡੇਂਗੂ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤੀ। ਇਹ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਕੀਤੀ ਗਈ, ਜਿਸ ਵਿੱਚ ਵੱਖ–ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਅਗਰਵਾਲ ਦੇ ਧਿਆਨ ਵਿੱਚ ਆਇਆ ਕਿ ਭਾਵੇਂਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਡੇਂਗੂ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਪਰ ਹਾਲੇ ਵੀ ਕਈ ਲੋਕ ਅਤੇ ਕਾਰੋਬਾਰੀ ਆਪਣੇ ਘਰਾਂ ਅਤੇ ਕਾਰੋਬਾਰਾਂ ਵਿੱਚ ਪਾਣੀ ਖੜਾ ਹੋਣ ਤੋਂ ਰੋਕਣ ਲਈ ਕੁਝ ਵੀ ਨਹੀਂ ਕਰ ਰਹੇ, ਨਾ ਹੀ ਉਨਾਂ ਵੱਲੋਂ ਚੈਕਿੰਗ ਟੀਮਾਂ ਨੂੰ ਸਹਿਯੋਗ ਕੀਤਾ ਜਾਂਦਾ ਹੈ। ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਅਗਰਵਾਲ ਨੇ ਦੋਵਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਲੋਕਾਂ ਅਤੇ ਕਾਰੋਬਾਰੀਆਂ ਦੇ ਚਾਲਾਨ ਕੱਟਣ ਦੇ ਨਾਲ–ਨਾਲ ਉਨਾਂ ਖ਼ਿਲਾਫ਼ ਪੁਲਿਸ ਰਿਪੋਰਟ ਦਰਜ ਕਰਾਉਣ ਤਾਂ ਜੋ ਅਜਿਹੇ ਲੋਕਾਂ ਨੂੰ ਚੰਗਾ ਸਬਕ ਸਿਖਾਇਆ ਜਾ ਸਕੇ। ਅਗਰਵਾਲ ਨੇ ਨਹਿਰੀ ਵਿਭਾਗ ਨੂੰ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਨਹਿਰਾਂ ਦੇ ਪਾਣੀ ਵਿੱਚ ਖਲਾਅ ਪੈਦਾ ਨਾ ਹੋਵੇ ਅਤੇ ਪਾਣੀ ਚੱਲਦਾ ਹੀ ਰਹੇ। ਕਿਉਂਕਿ ਪਾਣੀ ਰੁਕਣ ਨਾਲ ਡੇਂਗੀ ਮੱਛਰ ਪੈਦਾ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਨਿੱਜੀ ਹਸਪਤਾਲ ਡੇਂਗੀ ਸੰਬੰਧੀ ਕਾਰਡ ਟੈਸਟ ਨਾ ਕਰੇ। ਇਸ ਸੰਬੰਧੀ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੀ ਇੰਨ–ਬਿੰਨ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਨਿੱਜੀ ਹਸਪਤਾਲ ਡੇਂਗੂ ਸੰਬੰਧੀ ਕੇਸਾਂ ਦੇ ਅੰਕਡ਼ੇ ਵੀ ਰੁਟੀਨ ਵਿੱਚ ਸਿਹਤ ਵਿਭਾਗ ਨੂੰ ਭੇਜਣ।
ਉਨਾਂ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਜਨਰਲ ਮੈਨੇਜਰਾਂ ਨੂੰ ਆਖ਼ਰੀ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਵਰਕਸ਼ਾਪ ਵਿੱਚ ਖੁੱਲੇ ਪਏ ਟਾਇਰ ਅਤੇ ਹੋਰ ਸਮਾਨ ਨੂੰ ਕਵਰ ਕਰ ਕੇ ਰੱਖਿਆ ਜਾਵੇ। ਜੇਕਰ ਭਵਿੱਖ ਵਿੱਚ ਬੱਸਾਂ ਦੀਆਂ ਵਰਕਸ਼ਾਪਾਂ ਵਿੱਚ ਟਾਇਰਾਂ ਆਦਿ ਵਿੱਚ ਡੇਂਗੂ ਮੱਛਰ ਜਾਂ ਲਾਰਵਾ ਮਿਲਿਆ ਤਾਂ ਉਨਾਂ ਖ਼ਿਲਾਫ਼ ਵੀ ਸਖ਼ਤ ਵਿਭਾਗੀ ਕਾਰਵਾਈ ਆਰੰਭੀ ਜਾਵੇਗੀ। ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਯਕੀਨੀ ਬਣਾਉਣ ਕਿ ਸਕੂਲਾਂ ਦੇ ਵਿਦਿਆਰਥੀ ਪੂਰੀ ਵਰਦੀ ਅਤੇ ਜੁੱਤੇ ਪਾਉਣ। ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਇਸ ਬਾਰੇ ਜਾਗਰੂਕ ਕੀਤਾ ਜਾਵੇ।
ਮੀਟਿੰਗ ਵਿੱਚ ਡੇਂਗੂ ਦੇ ਨਾਲ–ਨਾਲ ਚਿਕਨਗੁਨੀਆ ਬੁਖਾਰ ਤੋਂ ਵੀ ਕਿਵੇਂ ਬਚਿਆ ਜਾਵੇ, ਬਾਰੇ ਵਿਸਥਾਰ ਸਾਹਿਤ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ–ਵੱਖ ਵਿਭਾਗਾਂ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ। ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਡੇਂਗੂ ਪ੍ਰਭਾਵਿਤ ਸ਼ਹਿਰ ਦੇ ਹਾਈ ਰਿਸਕ ਏਰੀਏ ਅਤੇ ਬਾਕੀ ਸਾਰੇ ਸ਼ਹਿਰੀ ਏਰੀਏ ਵਿੱਚ ਫੌਗਿੰਗ ਸਬੰਧੀ ਕਿਹਾ ਗਿਆ। ਜਿਸ ਸਥਾਨ ‘ਤੇ ਡੇਂਗੂ ਦਾ ਲਾਰਵਾ ਮਿਲਦਾ ਹੈ, ਚਲਾਨ ਕੀਤੇ ਜਾਣ ਅਤੇ ਕੀਤੇ ਚਲਾਨਾਂ ਦੀ ਗਿਣਤੀ ਸਿਵਲ ਸਰਜਨ ਲੁਧਿਆਣਾ ਨੂੰ ਭੇਜੀ ਜਾਵੇ। ਸ਼ਹਿਰ ਵਿੱਚ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ। ਕਿਸੇ ਵੀ ਸਥਾਨ ‘ਤੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ, ਜਿਸ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ।
ਵਾਟਰ ਸਪਲਾਈ ਵਿਭਾਗ ਵੱਲੋਂ ਪਾਣੀ ਦੀ ਲੀਕੇਜ਼ ਵਾਲੀਆਂ ਪਾਈਪਾਂ ਨੂੰ ਠੀਕ ਰੱਖਣ ਲਈ ਕਿਹਾ ਗਿਆ। ਪੰਜਾਬ ਮੰਡੀ ਬੋਰਡ ਨੂੰ ਕਿਹਾ ਗਿਆ ਕਿ ਸ਼ੈੱਡਾਂ ਆਦਿ ਵਿੱਚ ਪਾਣੀ ਖਡ਼ਾ ਨਹੀਂ ਹੋਣਾ ਚਾਹੀਦਾ। ਨੈਸ਼ਨਲ ਹਾਈਵੇ ਅਥਾਰਟੀ ਨੂੰ ਕਿਹਾ ਗਿਆ ਕਿ ਸਡ਼ਕਾਂ ਦੇ ਆਸ–ਪਾਸ ਪਾਣੀ ਖੜਾ ਨਹੀਂ ਹੋਣਾ ਚਾਹੀਦਾ। ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਡੇਂਗੂ ਤੋਂ ਬਚਾਓ ਸਬੰਧੀ ਯੋਗਦਾਨ ਪਾਉਣ ਲਈ ਕਿਹਾ ਗਿਆ। ਸ਼ੁੱਕਰਵਾਰ ਦਿਨ ਡਰਾਈ ਡੇਅ–ਫਰਾਈ ਡੇਅ ਦੇ ਤੌਰ ‘ਤੇ ਰੱਖਿਆ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਅਤੇ ਵੱਖ–ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।