![]()

19 ਸਤੰਬਰ ਨੂੰ ਪੈਣਗੀਆਂ ਵੋਟਾਂ, ਗਿਣਤੀ 22 ਨੂੰ-ਵਧੀਕ ਜ਼ਿਲਾ ਚੋਣ ਅਫ਼ਸਰ
ਲੁਧਿਆਣਾ, 2 ਸਤੰਬਰ ( ਸਤ ਪਾਲ ਸੋਨੀ ) : ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ 4 ਸਤੰਬਰ ਤੋਂ ਸ਼ੁਰੂ ਹੋਣਗੀਆਂ, ਜੋ ਕਿ 7 ਸਤੰਬਰ ਤੱਕ ਜਾਰੀ ਰਹਿਣਗੀਆਂ। ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਇਆ ਕਰੇਗਾ। ਇਸ ਸੰਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪਡ਼ਤਾਲ 10 ਸਤੰਬਰ ਨੂੰ ਸਵੇਰੇ 11 ਵਜੇ ਹੋਵੇਗੀ, ਜਦਕਿ ਨਾਮਜ਼ਦਗੀਆਂ 11 ਸਤੰਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਵਾਪਸ ਲਈਆਂ ਜਾ ਸਕਣਗੀਆਂ। ਉਪਰੰਤ ਉਸੇ ਦਿਨ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਉਨਾਂ ਦੱਸਿਆ ਕਿ 19 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।
ਉਨਾਂ ਦੱੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਨੀਰੂ ਕਤਿਆਲ ਗੁਪਤਾ ਨੂੰ ਜ਼ਿਲਾ ਪ੍ਰੀਸ਼ਦ ਦੇ ਸਾਰੇ ਜ਼ੋਨਾਂ ਲਈ ਰਿਟਰਨਿੰਗ ਅਫ਼ਸਰ ਜਦਕਿ ਤਹਿਸੀਲਦਾਰ ਲੁਧਿਆਣਾ (ਕੇਂਦਰੀ) ਅਤੇ ਕਾਰਜਕਾਰੀ ਇੰਜੀਨੀਅਰ ਉਸਾਰੀ ਡਵੀਜਨ-1 ਲੋਕ ਨਿਰਮਾਣ ਵਿਭਾਗ (ਭਵਨ ਅਤੇ ਮਾਰਗ) ਨੂੰ ਸਹਾਇਕ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ। ਜ਼ਿਲਾ ਪ੍ਰੀਸ਼ਦ ਦੇ 25 ਜ਼ੋਨਾਂ ਲਈ ਨਾਮਜ਼ਦਗੀਆਂ ਜ਼ਿਲਾ ਪ੍ਰੀਸ਼ਦ ਕੰਪਲੈਕਸ ਲੁਧਿਆਣਾ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ। ਜਦਕਿ ਪੰਚਾਇਤ ਸੰਮਤੀਆਂ ਦੇ 236 ਜ਼ੋਨਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਲਈ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਅਲੱਗ ਤੌਰ ‘ਤੇ ਲਗਾਏ ਗਏ ਹਨ।ਹੋਰ ਵੇਰਵਾ ਦਿੰਦਿਆਂ ਉਨਾਂ ਦੱਸਿਆ ਕਿ ਪੰਚਾਇਤ ਸੰਮਤੀ ਡੇਹਲੋਂ ਦੇ 15 ਜ਼ੋਨਾਂ ਲਈ ਲੁਧਿਆਣਾ (ਪੂਰਬੀ) ਦੇ ਐੱਸ. ਡੀ. ਐੱਮ. ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਆਪਣੇ ਦਫ਼ਤਰ ਵਿਖੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਪੰਚਾਇਤ ਸੰਮਤੀ ਦੋਰਾਹਾ ਦੇ 17 ਜ਼ੋਨਾਂ ਲਈ ਭੂਮੀ ਅਧਿਗ੍ਰਹਿਣ ਕੁਲੈਕਟਰ (ਲੈਂਡ ਐਕੂਜੇਸ਼ਨ ਕੁਲੈਕਟਰ) ਨਗਰ ਸੁਧਾਰ ਟਰੱਸਟ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਨਗਰ ਕੌਂਸਲ ਦੋਰਾਹਾ ਵਿਖੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਪੰਚਾਇਤ ਸੰਮਤੀ ਜਗਰਾਂਉ ਦੇ 25 ਜ਼ੋਨਾਂ ਲਈ ਐੱਸ. ਡੀ. ਐੱਮ. ਜਗਰਾਂਉ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਆਪਣੇ ਦਫ਼ਤਰ ਵਿਖੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਪੰਚਾਇਤ ਸੰਮਤੀ ਖੰਨਾ ਦੇ 15 ਜ਼ੋਨਾਂ ਲਈ ਐੱਸ. ਡੀ. ਐੱਮ. ਖੰਨਾ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਆਪਣੇ ਅਦਾਲਤੀ ਕਮਰੇ ਵਿੱਚ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਪੰਚਾਇਤ ਸੰਮਤੀ ਲੁਧਿਆਣਾ-1 ਦੇ 25 ਜ਼ੋਨਾਂ ਲਈ ਨਗਰ ਨਿਗਮ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ (ਕੇ) ਰਿਟਰਨਿੰਗ ਅਫ਼ਸਰ ਸਰਕਾਰੀ ਕਾਲਜ (ਲਡ਼ਕੇ) ਵਿਖੇ ਨਾਮਜ਼ਦਗੀਆਂ ਲੈਣਗੇ। ਪੰਚਾਇਤ ਸੰਮਤੀ ਲੁਧਿਆਣਾ-2 ਦੇ 25 ਜ਼ੋਨਾਂ ਲਈ ਨਗਰ ਨਿਗਮ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ (ਪੀ) ਰਿਟਰਨਿੰਗ ਅਫ਼ਸਰ ਲਗਾਏ ਗਏ ਹਨ, ਜੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਲੁਧਿਆਣਾ-2 ਦੇ ਜ਼ਿਲਾ ਪ੍ਰੀਸ਼ਦ ਸਥਿਤ ਦਫ਼ਤਰ ਵਿਖੇ ਨਾਮਜ਼ਦਗੀਆਂ ਲੈਣਗੇ।
ਪੰਚਾਇਤ ਸੰਮਤੀ ਮਾਛੀਵਾਡ਼ਾ ਦੇ 16 ਜ਼ੋਨਾਂ ਲਈ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਨਗਰ ਕੌਂਸਲ ਮਾਛੀਵਾਡ਼ਾ ਦਫ਼ਤਰ ਵਿਖੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਪੰਚਾਇਤ ਸੰਮਤੀ ਮਲੌਦ ਦੇ 15 ਜ਼ੋਨਾਂ ਲਈ ਐੱਸ. ਡੀ. ਐੱਮ. ਪਾਇਲ ਨੂੰ ਰਿਟਰਨਿੰਗ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਤਹਿਸੀਲਦਾਰ ਪਾਇਲ ਦੇ ਅਦਾਲਤੀ ਕਮਰੇ ਵਿੱਚ ਨਾਮਜ਼ਦਗੀਆਂ ਲੈਣਗੇ। ਪੰਚਾਇਤ ਸੰਮਤੀ ਪੱਖੋਵਾਲ ਦੇ 16 ਜ਼ੋਨਾਂ ਲਈ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ-2 ਲੁਧਿਆਣਾ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪੱਖੋਵਾਲ ਦੇ ਦਫ਼ਤਰ ਵਿਖੇ ਨਾਮਜ਼ਦਗੀਆਂ ਪ੍ਰਾਪਤ ਕਰਨਗੇ। ਪੰਚਾਇਤ ਸੰਮਤੀ ਰਾਏਕੋਟ ਦੇ 15 ਜ਼ੋਨਾਂ ਲਈ ਐੱਸ. ਡੀ. ਐੱਮ. ਰਾਏਕੋਟ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਆਪਣੇ ਅਦਾਲਤੀ ਕਮਰੇ ਵਿੱਚ ਨਾਮਜ਼ਦਗੀਆਂ ਲੈਣਗੇ। ਪੰਚਾਇਤ ਸੰਮਤੀ ਸਮਰਾਲਾ ਦੇ 15 ਜ਼ੋਨਾਂ ਲਈ ਐੱਸ. ਡੀ. ਐੱਮ. ਸਮਰਾਲਾ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਆਪਣੇ ਅਦਾਲਤੀ ਕਮਰੇ ਵਿੱਚ ਨਾਮਜ਼ਦਗੀਆਂ ਲੈਣਗੇ। ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ 15 ਜ਼ੋਨਾਂ ਲਈ ਵਧੀਕ ਮੁੱਖ ਪ੍ਰਸਾਸ਼ਕ ਗਲਾਡਾ ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ ਦੇ ਦਫ਼ਤਰ ਵਿਖੇ ਨਾਮਜ਼ਦਗੀਆਂ ਲੈਣਗੇ। ਪੰਚਾਇਤ ਸੰਮਤੀ ਸੁਧਾਰ ਦੇ 22 ਜ਼ੋਨਾਂ ਲਈ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਨੂੰ ਰਿਟਰਨਿੰਗ ਅਫ਼ਸਰ ਲਗਾਇਆ ਗਿਆ ਹੈ, ਜੋ ਕਿ ਮਾਰਕੀਟ ਕਮੇਟੀ ਮੁੱਲਾਂਪੁਰ ਵਿਖੇ ਨਾਮਜ਼ਦਗੀਆਂ ਲੈਣਗੇ।
ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ 11 ਲੱਖ 61 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸ ਲਈ 1542 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣਾਂ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਡ਼ਾਉਣ ਲਈ ਪੁਲਿਸ ਪ੍ਰਸਾਸ਼ਨ ਨੂੰ ਪੁਖ਼ਤਾ ਸੁਰੱਖਿਆ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣਾਂ ਸੰਬੰਧੀ ਸਮੁੱਚੇ ਪ੍ਰਬੰਧਾਂ ਅਤੇ ਹੋਰ ਜਾਣਕਾਰੀਆਂ ਬਾਰੇ ਦੱਸਿਆ ਜਾ ਚੁੱਕਾ ਹੈ ਅਤੇ ਉਨਾਂ ਤੋਂ ਚੋਣਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾਡ਼ਨ ਲਈ ਸਹਿਯੋਗ ਦੀ ਮੰਗ ਕੀਤੀ ਗਈ ਹੈ। ਉਨਾਂ ਕਿਹਾ ਕਿ ਚੋਣਾਂ ਲਈ ਜ਼ਰੂਰੀ ਪ੍ਰਬੰਧ ਜਿਵੇਂ ਕਿ ਬੈੱਲਟ ਪੇਪਰਾਂ, ਬਕਸੇ, ਚੋਣ ਸਮੱਗਰੀ, ਸਟਰੌਂਗ ਰੂਮ ਆਦਿ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।