![]()

ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੋਣਾਂ ਪਾਰਦਰਸ਼ਤਾ ਅਤੇ ਅਮਨ ਸ਼ਾਂਤੀ ਦੇ ਮਾਹੌਲ ਵਿੱਚ ਕਰਵਾਈਆਂ ਜਾਣ-ਜ਼ਿਲਾ ਚੋਣ ਅਫ਼ਸਰ
ਲੁਧਿਆਣਾ, 22 ਫਰਵਰੀ ( ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੇ ਸਾਰੇ ਵਾਰਡਾਂ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡਾਂ ਦੀ 24 ਫਰਵਰੀ ਨੂੰ ਹੋ ਰਹੀ ਚੋਣ ਨੂੰ ਪਾਰਦਰਸ਼ਤਾ ਅਤੇ ਸੁਚਾਰੂ ਤਰੀਕੇ ਨਾਲ ਕਰਾਉਣ ਲਈ ਆਖ਼ਰੀ ਸਮੇਂ ਦੀਆਂ ਲੋਡ਼ੀਂਦੀਆਂ ਹਦਾਇਤਾਂ ਜਾਰੀ ਕਰਨ ਲਈ ਮੀਟਿੰਗ ਦਾ ਆਯੋਜਨ ਅੱਜ ਸਥਾਨਕ ਸਰਕਟ ਹਾਊਸ ਵਿਖੇ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ, ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਅਤੇ ਚੋਣ ਨਿਗਰਾਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਸਮੂਹ ਚੋਣ ਅਮਲੇ ਨੂੰ ਸੰਬੋਧਨ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਕੋਈ ਵੀ ਚੋਣ ਅਧਿਕਾਰੀ ਉਨਾਂ ਦੀ ਆਗਿਆ ਤੋਂ ਬਿਨਾਂ ਆਪਣਾ ਚੋਣ ਖੇਤਰ ਕਿਸੇ ਵੀ ਹਾਲ ਵਿੱਚ ਨਹੀਂ ਛੱਡੇਗਾ ਅਤੇ ਨਾ ਹੀ ਆਪਣਾ ਮੋਬਾਈਲ ਫੋਨ ਬੰਦ ਕਰੇਗਾ। ਹਰੇਕ ਚੋਣ ਅਧਿਕਾਰੀ ਪੂਰੀ ਚੋਣ ਪ੍ਰਕਿਰਿਆ ‘ਤੇ ਖੁਦ ਨੇਡ਼ੇ ਹੋ ਕੇ ਨਜ਼ਰ ਰੱਖੇਗਾ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚਡ਼ਾਇਆ ਜਾਵੇ ਤਾਂ ਜੋ ਕਿਸੇ ਵੀ ਤਰਾਂ ਦੀ ਤਿਆਰੀ ਵਿੱਚ ਕਮੀ ਨਾ ਰਹਿ ਸਕੇ। ਉਨਾਂ ਹਦਾਇਤ ਕੀਤੀ ਕਿ ਸਾਰੇ ਚੋਣ ਅਧਿਕਾਰੀਆਂ ਦੇ ਆਪਸੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਇੱਕ ਵਟਸਐਪ ਗਰੁੱਪ ਬਣਾਇਆ ਜਾਵੇਗਾ, ਜਿਸ ਵਿੱਚ ਜ਼ਿਲਾ ਚੋਣ ਅਫ਼ਸਰ, ਪੁਲਿਸ ਕਮਿਸ਼ਨਰ, ਵਧੀਕ ਜ਼ਿਲਾ ਚੋਣ ਅਫ਼ਸਰ, ਡਿਪਟੀ ਕਮਿਸ਼ਨਰ ਪੁਲਿਸ, ਚੋਣ ਨਿਗਰਾਨ, ਰਿਟਰਨਿੰਗ ਅਫ਼ਸਰ ਅਤੇ ਚੋਣ ਖੇਤਰਾਂ ਨਾਲ ਸੰਬੰਧਤ ਪੁਲਿਸ ਅਧਿਕਾਰੀ ਸ਼ਾਮਿਲ ਕੀਤੇ ਜਾਣਗੇ। ਇਸ ਤੋਂ ਇਲਾਵਾ ਰਿਟਰਨਿੰਗ ਅਧਿਕਾਰੀ ਆਪਣੇ ਪੱਧਰ ‘ਤੇ ਵੀ ਇੱਕ-ਇੱਕ ਵਟਸਐਪ ਗਰੁੱਪ ਬਣਾ ਕੇ ਤਾਲਮੇਲ ਪੁਖ਼ਤਾ ਕਰਨਗੇ।
ਅਗਰਵਾਲ ਨੇ ਕਿਹਾ ਕਿ ਵੋਟਿੰਗ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ ਅੰਦਰ ਸਿਰਫ਼ ਪੋਲਿੰਗ ਸਟਾਫ਼, ਸੀਨੀਅਰ ਚੋਣ ਅਧਿਕਾਰੀ, ਚੋਣ ਨਿਗਰਾਨ, ਉਮੀਦਵਾਰ ਜਾਂ ਉਸਦਾ ਪੋਲਿੰਗ ਏਜੰਟ, ਵੋਟਰ ਜਾਂ ਅਧਿਕਾਰਤ ਮੀਡੀਆ ਨੁਮਾਇੰਦੇ ਹੀ ਜਾ ਸਕਣਗੇ। ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਦੀ ਰਿਟਰਨਿੰਗ ਅਫ਼ਸਰ ਵੱਲੋਂ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਜੇਕਰ ਕੋਈ ਉਮੀਦਵਾਰ ਆਪਣੇ ਪੱਧਰ ‘ਤੇ ਵੀਡੀਓਗ੍ਰਾਫੀ ਕਰਵਾਉਣੀ ਚਾਹੇਗਾ ਤਾਂ ਉਹ ਬਕਾਇਦਾ ਰਿਟਰਨਿੰਗ ਅਫ਼ਸਰ ਤੋਂ ਲਿਖ਼ਤੀ ਪ੍ਰਵਾਨਗੀ ਲੈ ਕੇ ਹੀ ਪੋਲਿੰਗ ਸਟੇਸ਼ਨ ਦੇ ਬਾਹਰੋਂ ਇੱਕ ਕੈਮਰੇ ਨਾਲ ਵੀਡੀਓਗ੍ਰਾਫੀ ਕਰਵਾ ਸਕਦਾ ਹੈ। ਵੀਡੀਓਗ੍ਰਾਫੀ ਦਾ ਖਰਚਾ ਸੰਬੰਧਤ ਉਮੀਦਵਾਰ ਦੇ ਚੋਣ ਖ਼ਰਚ ਵਿੱਚ ਦਰਜ ਕੀਤਾ ਜਾਵੇਗਾ। ਉਮੀਦਵਾਰ ਦਾ ਪੋਲਿੰਗ ਏਜੰਟ ਉਸੇ ਚੋਣ ਖੇਤਰ ਦਾ ਹੋਣਾ ਲਾਜ਼ਮੀ ਹੈ। ਹਰੇਕ ਉਮੀਦਵਾਰ ਦਾ ਇੱਕ ਸਮੇਂ ਸਿਰਫ਼ ਇੱਕ ਪੋਲਿੰਗ ਏਜੰਟ ਹੀ ਪੋਲਿੰਗ ਸਟੇਸ਼ਨ ਦੇ ਅੰਦਰ ਰਹਿ ਸਕਦਾ ਹੈ।
ਅਗਰਵਾਲ ਨੇ ਹਦਾਇਤ ਕੀਤੀ ਕਿ ਪੋਲਿੰਗ ਸੁਪਰਵਾਈਜ਼ਰ ਅਤੇ ਪੋਲਿੰਗ ਸਟਾਫ਼ ਆਪਣੀ ਚੋਣ ਸਮੱਗਰੀ ਨਾਲ ਇੱਕ ਦਿਨ ਪਹਿਲਾਂ ਪੋਲਿੰਗ ਸਟੇਸ਼ਨ ‘ਤੇ ਪੁੱਜਣਗੇ ਅਤੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਬਿਜਲਈ ਵੋਟਿੰਗ ਮਸ਼ੀਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਟਰੌਂਗ ਰੂਮਾਂ ਵਿੱਚ ਸਥਾਪਤ ਕਰਨ ਤੱਕ ਨਾਲ ਹੀ ਰਹਿਣਗੀਆਂ। ਪੁਲਿਸ ਪਾਰਟੀਆਂ ਵੱਲੋਂ ਲੋਡ਼ੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਅਧੀਨ ਆਉਂਦੇ ਖੇਤਰਾਂ ਵਿੱਚ ਕੁੱਲ 1153 ਪੋਲਿੰਗ ਬੂਥ (ਸਮੇਤ 2 ਵਿਸ਼ੇਸ਼ ਐਗਜ਼ਿਲਰੀ ਪੋਲਿੰਗ ਸਟੇਸ਼ਨ) ਬਣਾਏ ਗਏ ਹਨ। 24 ਤੋਂ 27 ਫਰਵਰੀ ਤੱਕ ਬਿਜਲਈ ਵੋਟਿੰਗ ਮਸ਼ੀਨਾਂ ਦੀ ਸੰਭਾਲ ਲਈ 9 ਜਗਾ ‘ਤੇ 9 ਸਟਰੌਂਗ ਰੂਮ ਤਿਆਰ ਕੀਤੇ ਗਏ ਹਨ, ਜਿਨਾਂ ‘ਤੇ 24 ਘੰਟੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ। ਇਹ ਕੈਮਰੇ ਵਾਈ-ਫਾਈ ਸਹੂਤਲਯੁਕਤ ਹੋਣਗੇ, ਜਿਨਾਂ ਨੂੰ ਚੋਣ ਅਧਿਕਾਰੀ ਅਤੇ ਉਮੀਦਵਾਰ ਪਾਸਵਰਡ ਲਗਾ ਕੇ ਕਿਸੇ ਵੀ ਜਗਾ ਤੋਂ ਦੇਖ ਸਕਣਗੇ। ਦੱਸਣਯੋਗ ਹੈ ਕਿ ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ ਹੋਵੇਗੀ ।ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨਾਂ ਵਿਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।
ਅਗਰਵਾਲ ਅਤੇ ਢੋਕੇ ਨੇ ਸਮੂਹ ਚੋਣ ਅਮਲੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਹ ਚੋਣ ਪੂਰੀ ਤਰਾਂ ਪਾਰਦਰਸ਼ਤਾ ਅਤੇ ਅਮਨ ਸ਼ਾਂਤੀ ਨਾਲ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਸਾਰੇ ਚੋਣ ਨਿਗਰਾਨ, ਰਿਟਰਨਿੰਗ ਅਧਿਕਾਰੀ, ਪੁਲਿਸ ਅਧਿਕਾਰੀ ਅਤੇ ਹੋਰ ਹਾਜ਼ਰ ਸਨ।