ਜਲਦ ਹੀ ਐੱਲ. ਈ. ਡੀ. ਸਟਰੀਟ ਲਾਈਟਾਂ ਨਾਲ ਜਗਮਗਾਏਗਾ ਸ਼ਹਿਰ ਲੁਧਿਆਣਾ

Loading

ਬਿਜਲੀ ਖਰਚ ਕੱਢ ਕੇ ਸਾਲਾਨਾ 6 ਕਰੋੜ ਰੁਪਏ ਦੀ ਹੋਵੇਗੀ ਵਾਧੂ ਬਚਤ-ਵਿਧਾਇਕ ਆਸ਼ੂ
ਲੁਧਿਆਣਾ, 6 ਜਨਵਰੀ ( ਸਤ ਪਾਲ ਸੋਨੀ ) : ਸ਼ਹਿਰ ਲੁਧਿਆਣਾ ਨੂੰ ਸਾਫ਼ ਸੁਥਰਾ, ਹਰਾ-ਭਰਾ ਅਤੇ ਜਗਮਗਾਉਂਦਾ ਬਣਾਉਣ ਲਈ ਯਤਨਾਂ ਨੂੰ ਅੱਗੇ ਤੋਰਦਿਆਂ ਜਲਦ ਹੀ ਸ਼ਹਿਰ ਦੀਆਂ ਸਾਰੀਆਂ ਪੁਰਾਣੀਆਂ ਸਟਰੀਟ ਲਾਈਟਾਂ ਨੂੰ ਬਦਲਕੇ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਚੱਜੀ ਅਗਵਾਈ ਵਿੱਚ ਲੁਧਿਆਣਾ (ਪੱਛਮੀ) ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੇ ਵਿਸ਼ੇਸ਼ ਉੱਦਮ ਨਾਲ ਹੋਣ ਵਾਲੇ ਇਸ ਕਾਰਜ ਨਾਲ ਜਿੱਥੇ ਊਰਜਾ ਦੀ ਬੱਚਤ ਤਾਂ ਹੋਵੇਗੀ ਹੀ ਸਗੋਂ ਇਸ ਨਾਲ ਨਗਰ ਨਿਗਮ ਦੇ ਬਿਜਲੀ ਦੇ ਖਰਚੇ ਵਿੱਚ ਵੀ ਭਾਰੀ ਕਮੀ ਆਵੇਗੀ।
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਅਤੇ ਚਾਲੂ ਹੋਣ ਨਾਲ ਸ਼ਹਿਰ ਦੀ ਨਗਰ ਨਿਗਮ ਨੂੰ ਸਾਲਾਨਾ 6 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। ਉਨਾਂ ਕਿਹਾ ਕਿ ਵਾਤਾਵਰਨ ਅਨੁਕੂਲ ਇਸ ਪ੍ਰੋਜੈਕਟ ਨੂੰ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਵੇਲੇ ਹਮੇਸ਼ਾਂ ਅੱਖੋਂ ਪਰੋਖੇ ਕੀਤਾ ਗਿਆ। ਪਿਛਲੀ ਸਰਕਾਰ ਨੇ ਸ਼ਹਿਰ ਵਿੱਚ ਮੌਜੂਦ ਵਸੀਲਿਆਂ ਦੀ ਸੁਚੱਜੀ ਵਰਤੋਂ ਕਰਨ ਦੀ ਕੋਈ ਪਹਿਲਕਦਮੀ ਨਹੀਂ ਕੀਤੀ। ਉਨਾਂ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੰਬੰਧਤ ਅਧਿਕਾਰੀਆਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਲੁਧਿਆਣਾ ਨੂੰ ਹਰਾ ਭਰਾ ਅਤੇ ਸੁੰਦਰ ਬਣਾਉਣ ਲਈ ਯਤਨ ਲਗਾਤਾਰ ਜਾਰੀ ਰਹਿਣਗੇ।
ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪ੍ਰਸਿੱਧ ਟਾਟਾ ਕੰਪਨੀ ਵੱਲੋਂ ਸ਼ਹਿਰ ਦੀਆਂ ਸਾਰੀਆਂ ਪੁਰਾਣੀਆਂ ਲਾਈਟਾਂ ਨੂੰ ਤਬਦੀਲ ਕਰਕੇ ਨਵੀਂਆਂ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾਣਗੀਆਂ। ਇਸ ਕੰਮ ਨੂੰ ਨੇਪਰੇ ਚਾੜਨ ਲਈ ਕੁੱਲ 9 ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਕੰੰਪਨੀ ਵੱਲੋਂ ਇਨਾਂ ਲਾਈਟਾਂ ਦੀ ਅਗਲੇ 7 ਸਾਲ ਸਾਂਭ ਸੰਭਾਲ ਅਤੇ ਮੁਰੰਮਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ 1.05 ਲੱਖ ਗਲੀਆਂ ਵਿੱਚ ਇਹ ਲਾਈਟਾਂ ਲਗਾਈਆਂ ਜਾਣਗੀਆਂ। ਇਹ ਸਾਰਾ ਖਰਚ ਬਿਜਲੀ ਦੀ ਹੋਣ ਵਾਲੀ ਕੁੱਲ ਬੱਚਤ ਵਿੱਚੋਂ ਹੀ ਸਹਾਰਿਆ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਨੂੰ ਇਸ ਪ੍ਰੋਜੈਕਟ ਦੇ ਸਫ਼ਲ ਹੋਣ ਨਾਲ ਸਾਲਾਨਾ 6 ਕਰੋੜ ਰੁਪਏ ਵਾਧੂ ਬਚਤ ਹੋਵੇਗੀ, ਜਦਕਿ ਰਿਪੇਅਰ ਦਾ ਖਰਚ ਵੀ ਜ਼ੀਰੋ ਹੀ ਰਹੇਗਾ।

10770cookie-checkਜਲਦ ਹੀ ਐੱਲ. ਈ. ਡੀ. ਸਟਰੀਟ ਲਾਈਟਾਂ ਨਾਲ ਜਗਮਗਾਏਗਾ ਸ਼ਹਿਰ ਲੁਧਿਆਣਾ

Leave a Reply

Your email address will not be published. Required fields are marked *

error: Content is protected !!