![]()
ਸੀਨੀਅਰ, ਜੂਨੀਅਰ ਅਤੇ ਸਬ-ਜੂਨੀਅਰ ਵਰਗ ਦੀਆਂ ਕੁੱਲ 20 ਟੀਮਾਂ ਲੈਣਗੀਆਂ ਹਿੱਸਾ

ਫ਼ਲੱਡ ਲਾਈਟਾਂ ਦੀ ਰੌਸ਼ਨੀ ‘ਚ ਹੋਣਗੇ ਸਾਰੇ ਮੈਚ
ਲੁਧਿਆਣਾ, 22 ਅਪ੍ਰੈਲ (ਸਤ ਪਾਲ ਸੋਨੀ): ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ 9ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ 4 ਮਈ ਤੋਂ 2 ਜੂਨ ਤੱਕ ਖੇਡ ਕੰਪਲੈਕਸ ਜਰਖੜ ਵਿਖੇ ਹੋਵੇਗਾ। ਇਸ ਟੂਰਨਾਮੈਂਟ ਵਿਚ ਸੀਨੀਅਰ ਵਰਗ ਵਿਚ (35 ਸਾਲ ਤੋਂ ਉੱਪਰ) ਦੀਆਂ 8 ਟੀਮਾਂ ਅਤੇ ਜੂਨੀਅਰ ਵਰਗ ਅੰਡਰ 17 ‘ਚ 8 ਟੀਮਾਂ ਤੇ ਹਾਕੀ ਨੂੰ ਅਪਗ੍ਰੇਡਿੰਗ ਕਰਨ ਲਈ ਅੰਡਰ-10 ਸਾਲ ਵਰਗ ‘ਚ 4 ਟੀਮਾਂ ਹਿੱਸਾ ਲੈਣਗੀਆਂ। ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਸਾਰੇ ਮੈਚ ਹਫਤਾਵਰੀ ਸ਼ਨਿਚਰਵਾਰ ਅਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ। ਸੀਨੀਅਰ ਵਰਗ ‘ਚ ਪਿਛਲੇ ਸਾਲ ਦੀ ਚੈਂਪੀਅਨ ਹਰਪਾਲ ਕਲੱਬ ਕਿਲਾ ਰਾਏਪੁਰ, ਉਪਜੇਤੂ ਨੀਟ੍ਹਾ ਕਲੱਬ ਰਾਮਪੁਰ, ਸ਼ਹੀਦ ਊਧਮ ਸਿੰਘ ਕਲੱਬ ਸੁਨਾਮ, ਫਰਿਜ਼ਨੋ ਫੀਲਡ ਹਾਕੀ ਕਲੱਬ, ਅਕਾਲਗੜ ਇਲੈਵਨ, ਸ਼ੇਰੇ ਪੰਜਾਬ ਸੁਲਤਾਨਪੁਰ, ਅਜ਼ਾਦ ਕਲੱਬ ਹਠੂਰ, ਯੰਗ ਕਲੱਬ ਓਟਾਲਾਂ ਆਦਿ ਟੀਮਾਂ ਨੇ ਖੇਡਣ ਦੀ ਪੁਸ਼ਟੀ ਕਰ ਦਿੱਤੀ ਹੈ, ਜਦਕਿ 2 ਹੋਰ ਟੀਮਾਂ ਨੂੰ ਐਂਟਰੀ ਦਿੱਤੀ ਜਾਏਗੀ।
ਜੂਨੀਅਰ ਵਰਗ ‘ਚ ਹਾਕੀ ਸੈਂਟਰ ਰਾਮਪੁਰ, ਜਰਖੜ ਹਾਕੀ ਅਕੈਡਮੀ, ਕਿਲਾ ਰਾਏਪੁਰ ਹਾਕੀ ਸੈਂਟਰ, ਬਹਾਦਰਗੜ, ਘਵੱਦੀ ਸਕੂਲ, ਸੰਤ ਫਤਹਿ ਸਿੰਘ ਅਕੈਡਮੀ ਢੋਲਣ, ਲੁਧਿਆਣਾ ਸੈਂਟਰ, ਅਮਰਗੜ ਹਾਕੀ ਸੈਂਟਰ ਸੰਗਰੂਰ ਆਦਿ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਦਾ ਮੁੱਖ ਮਕਸਦ ਸੀਨੀਅਰ ਖਿਡਾਰੀਆਂ ਨੂੰ ਹਾਕੀ ਦੇ ਨਾਲ ਜੋੜੀ ਰੱਖਣਾ ਅਤੇ ਜੂਨੀਅਰ ਖਿਡਾਰੀਆਂ ਨੂੰ ਹਾਕੀ ਪ੍ਰਤੀ ਉਤਸ਼ਾਹਿਤ ਕਰਨਾ ਹੈ। 4 ਮਈ ਨੂੰ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜਸੇਵੀ ਭਾਈ ਭੁਪਿੰਦਰ ਸਿੰਘ ਬਾਬਾ ਭਿੰਦਾ ਕਾਰ ਸੇਵਾ ਵਾਲੇ ਅਤੇ ਓਲੰਪੀਅਨ ਗੁਰਬਾਜ ਸਿੰਘ ਕਰਨਗੇ। ਇਸ ਮੌਕੇ ਪੰਜਾਬ ਦੀ ਕੌਮੀ ਚੈਂਪੀਅਨ ਬਣੀ ਸੀਨੀਅਰ ਬਾਸਕਟਬਾਲ ਟੀਮ ਨੂੰ 12 ਸਾਈਕਲਾਂ ਤੇ ਵੱਖ-ਵੱਖ ਐਵਾਰਡਾਂ ਨਾਲ ਸਨਮਾਨਤ ਕੀਤਾ ਜਾਏਗਾ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਜਿਸ ਉਪਰੰਤ ਹਾਕੀ ਲੀਗ ਦੀ ਸ਼ੁਰੂਆਤ ਹੋਵੇਗੀ। ਇਸ ਸਾਰੇ ਮੈਚ ਹਫ਼ਤਾਵਰੀ ਮੈਚਾਂ ‘ਚ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਖੇਡੇ ਜਾਣਗੇ। ਜਿੰਨ੍ਹਾਂ ‘ਚ ਪਹਿਲੇ ਗੇੜ ਦੇ ਮੈਚ 4 ਤੇ 5 ਮਈ ਨੂੰ ਫਿਰ 11 ਤੇ 12 ਮਈ ਨੂੰ, ਫਿਰ 20 ਮਈ, 25 ਤੇ 26 ਮਈ ਨੂੰ, ਕੁਆਟਰਫਾਈਨਲ ਮੁਕਾਬਲੇ 30 ਮਈ, ਸੈਮੀਫਾਈਨਲ ਮੁਕਾਬਲੇ 31 ਮਈ ਤੇ 1 ਜੂਨ, ਫਾਈਨਲ ਮੁਕਾਬਲੇ 2 ਜੂਨ ਨੂੰ ਹੋਣਗੇ। ਹਾਕੀ ਫੈਸਟੀਵਲ ਦੀ ਤਿਆਰੀਆਂ ਸਬੰਧੀ ਹੋਈ ਮੀਟਿੰਗ ‘ਚ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਸਰਪੰਚ ਦਪਿੰਦਰ ਸਿੰਘ ਡਿੰਪੀ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸੰਦੀਪ ਸਿੰਘ ਪੰਧੇਰ, ਮਨਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਸੰਦੀਪ ਸਿੰਘ ਸੋਨੂ, ਰਜਿੰਦਰ ਸਿੰਘ ਰਾਜੂ ਜਰਖੜ, ਬਿੱਕਰ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ, ਕੋਚ ਗੁਰਸਤਿੰਦਰ ਸਿੰਘ ਪਰਗਟ, ਸਾਹਿਬਜੀਤ ਸਿੰਘ ਸਾਬ੍ਹੀ, ਪਹਿਲਵਾਨ ਹਰਮੇਲ ਸਿੰਘ ਕਾਲਾ, ਡਾ. ਜਗਜੀਤ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਰਣਜੀਤ ਸਿੰਘ ਦੁਲੇ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ।