![]()

ਜਲਦ ਮੁਕੰਮਲ ਕਰਾਉਣ ਲਈ ਹਰੇਕ ਹਫ਼ਤੇ ਲਿਆ ਜਾ ਰਿਹੈ ਜਾਇਜ਼ਾ-ਰਵਨੀਤ ਸਿੰਘ ਬਿੱਟੂ
ਲੁਧਿਆਣਾ, 21 ਜੁਲਾਈ ( ਸਤ ਪਾਲ ਸੋਨੀ ) : ਸ਼ਹਿਰ ਦੀ ਸਾਹਰਗ ਵਜੋਂ ਜਾਣੇ ਜਾਂਦੇ ਜਗਰਾਂਉ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਜ਼ੋਰਾਂ ‘ਤੇ ਜਾਰੀ ਹੈ, ਜੋ ਕਿ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਪੂਰਾ ਕਰਨ ਦਾ ਟੀਚਾ ਹੈ। ਮੁਰੰਮਤ ਕਾਰਜ ਦਾ ਅੱਜ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਨੂੰ ਤਰਜੀਹ ਨਾਲ ਪੂਰਾ ਕਰਵਾਇਆ ਜਾਵੇ।
ਜਾਇਜ਼ਾ ਲੈਣ ਮੌਕੇ ਜਾਣਕਾਰੀ ਦਿੰਦਿਆਂ ਸ੍ਰ. ਬਿੱਟੂ ਨੇ ਦੱਸਿਆ ਕਿ ਇਸ ਪੁੱਲ ਦੇ ਇੱਕ ਹਿੱਸੇ ਨੂੰ ਢਾਹੁਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।ਇਸ ਤੋਂ ਬਾਅਦ ਮੁਰੰਮਤ ਕਾਰਜ ਸ਼ੁਰੂ ਹੋਣ ਵਾਲਾ ਹੈ।ਉਨਾਂ ਕਿਹਾ ਕਿ ਮੁਰੰਮਤ ਕੀਤੇ ਜਾ ਰਹੇ ਪੁੱਲ ਦੇ ਹਿੱਸੇ ਦੀ ਲੰਬਾਈ 65 ਫੁੱਟ ਅਤੇ ਚੌਡ਼ਾਈ 10.5 ਫੁੱਟ ਹੈ।ਮੁਰੰਮਤ ਕਾਰਜ ਲਈ ਲੋਡ਼ੀਂਦੀ 24.30 ਕਰੋਡ਼ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਇਸ ਪੁੱਲ ਲਈ ਵਰਤੇ ਜਾਣ ਵਾਲੇ ਵਿਸ਼ੇਸ਼ ਕਿਸਮ ਦੇ ਗਾਡਰ, ਡਿਜ਼ਾਈਨ ਅਤੇ ਹੋਰ ਸਮੱਗਰੀ ਦੀ ਤਿਆਰੀ ਹੋ ਚੁੱਕੀ ਹੈ।ਪੁੱਲ ਦਾ ਕੰਮ ਮੁਕੰਮਲ ਹੋਣ ਬਾਅਦ ਪੁੱਲ ਨਾਲ ਜੁਡ਼ਦੀਆਂ ਸਡ਼ਕਾਂ (ਅਪਰੋਚ ਰੋਡਜ਼) ਨਗਰ ਨਿਗਮ ਲੁਧਿਆਣਾ ਵੱਲੋਂ ਤਿਆਰ ਕੀਤੀਆਂ ਜਾਣਗੀਆਂ।
ਸ੍ਰ. ਬਿੱਟੂ ਨੇ ਇਸ ਪੁੱਲ ਦੇ ਕੰਮ ਨੂੰ ਤੈਅ ਸਮਾਂ ਸੀਮਾ ਵਿੱਚ ਕਰਾਉਣ ਦਾ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਉਹ ਇਸ ਕੰਮ ਦਾ ਹਰੇਕ ਹਫ਼ਤੇ ਖੁਦ ਜਾਇਜ਼ਾ ਲੈ ਰਹੇ ਹਨ, ਜੋ ਕਿ ਉਸ ਵੇਲੇ ਤੱਕ ਜਾਰੀ ਰਹੇਗਾ, ਜਦੋਂ ਤੱਕ ਇਹ ਕੰਮ ਮੁਕੰਮਲ ਨਹੀਂ ਹੋ ਜਾਂਦਾ।ਇਸ ਕੰਮ ਵਿੱਚ ਕਿਸੇ ਵੀ ਤਰੀਕੇ ਦੀ ਢਿੱਲਮੁੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਕੰਮ ਨੂੰ ਪ੍ਰਮੁੱਖਤਾ ਨਾਲ ਕਰਾਉਣ ਲਈ ਰੇਲਵੇ ਵਿਭਾਗ ਨੂੰ ਕਹਿ ਕੇ ਐਕਸੀਅਨ ਦੀ ਠਹਿਰ ਲੁਧਿਆਣਾ ਵਿਖੇ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ।
ਇਸ ਮੌਕੇ ਉਨਾਂ ਨਾਲ ਯੂਥ ਕਾਂਗਰਸੀ ਆਗੂ ਸਨੀ ਕੈਂਥ, ਨਿੱਜੀ ਸਹਾਇਕ ਗੁਰਦੀਪ ਸਿੰਘ ਸਰਪੰਚ ਅਤੇ ਹੋਰ ਹਾਜ਼ਰ ਸਨ।