![]()

ਲੁਧਿਆਣਾ 8 ਅਕਤੂਬਰ ( ਚਡ਼੍ਹਤ ਪੰਜਾਬ ਦੀ ) : ਮਹਾਰਾਜਾ ਮਿਲਿੰਦ ਬੁੱਧ ਵਿਹਾਰ ਵੱਲੋਂ ਵਾਰਡ ਨੰ: 7 ਦੀ ਗਰੇਵਾਲ ਕਲੋਨੀ ਵਿੱਚ ਆਯੋਜਤ 4 ਰੋਜਾ ਡਾ: ਅੰਬੇਡਕਰ ਧੰਮ ਦੀਕਸ਼ਾ ਅਤੇ ਵਿਜੇ ਦਸਮੀਂ ਦਿਵਸ ਦੀ ਅੱਜ ਸਮਾਪਤੀ ਹੋ ਗਈ। ਸਮਾਗਮ ਦੇ ਅਖਰੀਲੇ ਦਿਨ ਤਕਸਿੱਲਾ ਬੁੱਧ ਵਿਹਾਰ ਦੇ ਮੁੱਖੀ ਭੰਤੇ ਪ੍ਰਗਿਆ ਬੋਧੀ, ਧੰਮਦੀਪ ਭੰਤੇ, ਬੁੱਧਰਤਨ ਭੰਤੇ ਅਤੇ ਵਿਸੂਦਾ ਨੰਦ ਭੰਤੇ ਨੇ ਸੰਗਤ ਨੂੰ ਭਗਵਾਨ ਬੁੱਧ ਦੇ ਮਾਰਗ ਤੋਂ ਜਾਣੂ ਕਰਵਾਉਂਦਿਆਂ ਇਸਤੇ ਚੱਲਣ ਲਈ ਕਿਹਾ। ਉਨਾਂ ਪ੍ਰਮਾਤਮਾ ਦੀ ਮੌਜੂਦਗੀ ਨੂੰ ਨਕਾਰਦਿਆਂ ਕਿਹਾ ਕਿ ਮਹਾਂਮਾਨਵ ਗੌਤਮ ਬੁੱਧ ਨੇ ਇਸ ਸਬੰਧੀ ਕੋਈ ਵੀ ਟਿੱਪਣੀ ਨਹੀ ਕੀਤੀ ਬਲਕਿ ਉਨਾਂ ਹਰ ਵਿਆਕਤੀ ਨੂੰ ਅਪਣੀ ਅੰਦਰੂਨੀ ਤਾਕਤ ਨੂੰ ਮਜਬੂਤ ਕਰਨ ਅਤੇ ਆਪਣੀ ਅਗਵਾਈ ਖੁਦ ਕਰਨ ਦੀ ਪ੍ਰੇਰਣਾ ਦਿੱਤੀ। ਉਨਾਂ ਬੁੱਧ ਮੱਤ ਨੂੰ ਵਿਸ਼ਵ ਦੀ ਸੱਭ ਤੋਂ ਉੱਤਮ ਵਿਚਾਰਧਾਰਾ ਆਖਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਕੇ ਵਿਕਾਰਾਂ ਦਾ ਖਾਤਮਾ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹਾ ਨਾ ਕਰਨ ਤੇ ਹੀ ਦੁੱਖ ਪੈਦਾ ਹੁੰਦੇ ਹਨ ਜੋ ਬਹੁਤ ਸਾਰੀਆਂ ਚਿੰਤਾਵਾਂ ਨੂੰ ਜਨਮ ਦਿੰਦੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਗਿਆਨਸ਼ੀਲ ਬੌਧੀ, ਡਾ: ਭੀਮ ਰਾਓ ਅੰਬੇਡਕਰ ਸਿੱਖ ਫਾਊਡੇਸ਼ਨ ਦੇ ਸੂਬਾ ਕਨਵੀਨਰ ਹਰਪ੍ਰੀਤ ਸਿੰਘ ਜਮਾਲਪੁਰ, ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ ਭਾਮੀਆਂ ਮੈਂਬਰ ਬਲਾਕ ਸੰਮਤੀ ਆਦਿ ਨੇ ਵੀ ਮਹਾਂਤਮਾ ਬੁੱਧ ਅਤੇ ਡਾ: ਭੀਮ ਰਾਓ ਅੰਬੇਡਕਰ ਦੇ ਜੀਵਣ ਅਤੇ ਸਿਧਾਂਤਾਂ ਤੇ ਵਿਚਾਰ ਰੱਖੇ। ਇਸ ਤੋਂ ਇਲਾਵਾ ਉਨਾਂ 29 ਅਕਤੂਬਰ ਨੂੰ ਜਮਾਲਪੁਰ ਦੇ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਸਵੇਰੇ 9 ਵਜੇ ਤੋਂ ਦੁਪਿਹਰ 12 ਵਜੇ ਤੱਕ ‘ਸਾਈਮਨ ਕਮਿਸ਼ਨ ਅਤੇ ਬਾਬਾ ਸਾਹਿਬ ਅੰਬੇਡਕਰ’ ਵਿਸ਼ੇ ਤੇ ਰੱਖੇ ਗਿਆਨ ਗੋਸਟੀ ਵਿੱਚ ਪਹੁੰਚਣ ਦਾ ਸਾਰਿਆਂ ਨੂੰ ਸੱਦਾ ਦਿੱਤਾ। ਇਸ ਮੌਕੇ ਰਾਮਲੋਚਨ, ਮਾਸਟਰ ਰਾਮਨੰਦ, ਰਾਮ ਭਾਰਤੀ, ਤੇਜਿੰਦਰ ਸਿੰਘ, ਰਾਮ ਯਤਨ, ਰਾਜਿੰਦਰ ਕੁਮਾਰ, ਸਰਵਣ ਕੁਮਾਰ, ਰਾਮ ਅਵਤਾਰ, ਚੰਦਰਭਾਨ, ਰਾਮਚੰਦ, ਰਾਮਨਰੈਣ ਬੋਧ ਅਤੇ ਹੋਰ ਹਾਜਰ ਸਨ।