![]()

ਲੁਧਿਆਣਾ 27 ਦਸੰਬਰ ( ਸਤ ਪਾਲ ਸੋਨੀ ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਮਹਾਨ ਕਵੀ ਦਰਬਾਰ ਗੁਰਦੁਆਰਾ ਕਮੇਟੀ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਡਾ. ਗੁਰਚਰਨ ਕੌਰ ਕੋਚਰ ਦੀ ਅਗਵਾਈ ਵਿਚ ਕਰਵਾਏ ਗਏ ਇਸ ਕਵੀ ਦਰਬਾਰ ਦੀ ਸ਼ੁਰੂਆਤ ਗੁਰਵਿੰਦਰ ਸਿੰਘ ਸ਼ੇਰਗਿੱਲ ਦੇ ਗੀਤ ਨਾਲ ਹੋਈ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆ ਨੂੰ ਮੁਖਾਤਫ ਰਚਨਾ ਪੇਸ਼ ਕਰਕੇ ਵਾਹਵਾ ਖੱਟੀ। ਭਾਈ ਰਵਿੰਦਰ ਸਿੰਘ ਦੀਵਾਨਾਂ ਨੇ ਤੂੰਬੀ ਤੇ ਰਚਨਾ ਬੁਲੰਦ ਆਵਾਜ ਵਿਚ “ਇਕ ਸੀ ਅਜੀਤ ਇਕ ਸੀ ਜੁਝਾਰ” ਗਾਂ ਕੇ ਜੈਕਾਰਿਆ ਦੀ ਦਾਦ ਲਈ। ਗੁਰਦੀਪ ਸਿੰਘ ਔਲਖ ਨੇ ਵੀ ਦੋ ਸ਼ੇਅਰਾਂ ਤੋਂ ਬਾਅਦ ਛੋਟੇ ਸਾਹਿਬਜਾਦਿਆਂ ਦੀ ਰਚਨਾ ਪੇਸ਼ ਕਰਕੇ ਚੰਗਾ ਪ੍ਰਭਾਵ ਪਾਇਆ। ਬੀਬੀ ਅਮਰਜੀਤ ਕੌਰ ਨਾਜ ਨੇ ਆਪਣੇ ਵੱਖਰੇ ਹੀ ਰੰਗ ਨਾਲ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਜਦਕਿ ਚਰਚਿੱਤ ਸ਼ਾਅਰਾ ਬੀਬੀ ਸਰਬਜੀਤ ਕੌਰ ਸੰਧਾਂ ਵਾਲੀਆ ਨੇ ਆਪਣੇ ਬਾਕ ਕਮਾਲ ਸ਼ੇਅਰ ਅਤੇ ਛੋਟੇ ਸਾਹਿਬਜਾਦਿਆਂ ਦੀ ਰਚਨਾ ਸੁਣਾ ਕੇ ਜੈਕਾਰੇ ਝੋਲੀ ਪਵਾਏ। ਇਸ ਤੋਂ ਬਾਅਦ ਕਵੀਸ਼ਰੀ ਜੱਥੇ ਨੇ ਵੀ ਆਪਣੀ ਕਵੀਸ਼ਰੀ ਦਾ ਰੰਗ ਪੇਸ਼ ਕੀਤਾ ਅਤੇ ਅਖੀਰ ਵਿਚ ਇਸ ਕਵੀ ਦਰਬਾਰ ਦੀ ਰੂਹੇਰਵਾਂ ਉੱਘੀ ਲੇਖਿਕਾ ਅਤੇ ਇੰਟਰਨੈਸ਼ਨਲ ਐਵਾਰਡੀ ਬੀਬੀ ਡਾ. ਗੁਰਚਰਨ ਕੌਰ ਕੋਚਰ ਨੇ ਆਪਣੇ ਸੁਚੱਜੇ ਲਹਿਜੇ ਨਾਲ ਦੋ ਖੂਬਸ਼ੂਰਤ ਸ਼ੇਅਰਾ ਤੋਂ ਬਾਅਦ ਦਸਮ ਪਾਤਸ਼ਾਹ ਦੇ ਸਾਹਿਬਜਾਦਿਆਂ ਨੂੰ ਆਪਣੇ ਨਿਵੇਕਲੇ ਅਲਫਾਜਾਂ ਨਾਲ ਇਕ ਨਿਆਰਾ ਹੀ ਮਹੌਲ ਸਿਰਜਕੇ ਕਵਿਤਾ ਕਹੀ ਤਾਂ ਸਰੋਤੇ ਅੱਸ਼ ਅੱਸ਼ ਕਰ ਉੱਠੇ। ਗੁਰਦੁਆਰਾ ਕਮੇਟੀ ਦੇ ਸਕੱਤਰ ਕਮਲਜੀਤ ਸਿੰਘ ਮਠਾਡ਼ੂ ਨੇ ਸਾਰੇ ਕਵੀ ਸਹਿਬਾਨਾ ਦਾ ਨਾਮ ਬੋਲਕੇ ਸਮੁੱਚੀ ਕਮੇਟੀ ਵੱਲੋਂ ਸਿਰੋਪਾਉ ਬਖਸ਼ਿਸ ਕੀਤੇ ਅਤੇ ਨੱਕਦੀ ਦੇ ਲਿਫਾਫੇ ਭੇਂਟ ਕੀਤੇ ਗਏ। ਵੱਡੀ ਗਿਣਤੀ ਵਿਚ ਪਹੁੰਚੀ ਹੋਈ ਸੰਗਤ ਨੇ ਜੈਕਾਰਿਆਂ ਨਾਲ ਕਵੀ ਸਹਿਬਾਨਾ ਦਾ ਹੋਸਲਾ ਵਧਾਇਆ। ਇਸ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।