![]()

ਮਾਨਵਤਾ ਦੀ ਭਲਾਈ ਲਈ ਕੰਮ ਕਰਨੇ ਹੀ ਗੁਰੂਆਂ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ–ਰਵਨੀਤ ਸਿੰਘ ਬਿੱਟੂ
ਲੁਧਿਆਣਾ, 7 ਜੂਨ (ਸਤ ਪਾਲ ਸੋਨੀ) : ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਮਾਨਵਤਾ ਦੀ ਰਾਖੀ ਅਤੇ ਭਲਾਈ ਲਈ ਦਿੱਤੀ। ਮਾਨਵਤਾ ਦੀ ਰਾਖੀ ਅਤੇ ਭਲਾਈ ਲਈ ਕੀਤੇ ਗਏ ਕਾਰਜਾਂ ਨਾਲ ਹੀ ਅਸੀਂ ਗੁਰੂਆਂ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਉਹ ਅੱਜ ਸਥਾਨਕ ਗੁਰਦੇਵ ਨਗਰ ਵਿਖੇ ਸਰਪੰਚ ਬਲਵੀਰ ਸਿੰਘ ਝੱਮਟ ਦੀ ਅਗਵਾਈ ਵਿੱਚ ਰਹਿਰਾਸ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਛੇਵੇਂ ਵਿਸ਼ਾਲ ਖੂਨਦਾਨ ਕੈਂਪ ਨੂੰ ਸੰਬੋਧਨ ਕਰ ਰਹੇ ਸਨ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਤ ਸਾਰੇ ਗੁਰੂ ਸਾਹਿਬਾਨ ਨੇ ਸਾਨੂੰ ਮਾਨਵਤਾ ਦੀ ਰਾਖੀ ਅਤੇ ਭਲਾਈ ਲਈ ਕੰਮ ਕਰਨ ਲਈ ਸਿੱਖਿਆ ਦਿੱਤੀ ਹੈ। ਇਸ ਸਿੱਖਿਆ ਨੂੰ ਗ੍ਰਹਿਣ ਕਰਨ ਅਤੇ ਇਸ ਮੁਤਾਬਿਕ ਕੰਮ ਕਰਨ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾ ਕੇ ਲੋੜਵੰਦ ਲੋਕਾਂ ਲਈ ਖੂਨ ਇਕੱਤਰ ਕਰਨ ਦਾ ਉਪਰਾਲਾ ਕਰਨਾ ਸ਼ਲਾਘਾਯੋਗ ਕੰਮ ਹੈ। ਇਹੀ ਸੱਚੀ ਸ਼ਰਧਾਂਜਲੀ ਹੈ। ਉਨਾਂ ਹੋਰਨਾਂ ਵਰਗਾਂ ਅਤੇ ਲੋਕਾਂ ਨੂੰ ਵੀ ਅਜਿਹੇ ਕਾਰਜ ਕਰਨ ਦੀ ਅਪੀਲ ਕੀਤੀ। ਕੈਂਪ ਦੌਰਾਨ ਰਘੂਨਾਥ ਹਸਪਤਾਲ ਅਤੇ ਸਿਵਲ ਹਸਪਤਾਲ ਦੀਆਂ ਮੈਡੀਕਲ ਟੀਮਾਂ ਨੇ ਖੂਨ ਇਕੱਤਰ ਕੀਤਾ। ਕੈਂਪ ਦੌਰਾਨ 200 ਤੋਂ ਵਧੇਰੇ ਖੂਨਦਾਨੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਪਰਵਿੰਦਰ ਸਿੰਘ ਲਾਪਰਾਂ, ਕਰਨ ਵੜਿੰਗ, ਰਵੀ ਗਰੇਵਾਲ, ਸਨੀ ਸੇਖੋਂ, ਇੰਦਰਜੀਤ ਸਿੰਘ ਗਿੱਲ, ਨੰਬਰਦਾਰ ਮਿੰਟੂ ਪੋਹੀੜ੍ , ਨੰਬਰ ਹਰਵਿੰਦਰ ਸਿੰਘ ਝੱਮਟ, ਹਰਪ੍ਰੀਤ ਸਿੰਘ, ਗੁਰਲਾਲ ਸਿੰਘ ਔਲਖ, ਸਾਬੀ ਮੋਹੀ, ਪੰਮਾ ਗਰੇਵਾਲ, ਸੋਨੀ ਬੈਂਸ, ਸੋਨੀ ਹੰਬੜ੍ਹਾਂ , ਅਜੇ ਗਰੇਵਾਲ, ਗੁਰਜੀਤ ਸਿੰਘ ਜਾਂਗਪੁਰ, ਗੁਰਜੀਤ ਝੱਮਟ, ਗੋਰਾ ਝੱਮਟ, ਸੁੱਖਾ, ਬਿੰਦਰੀ ਅਤੇ ਹੋਰ ਮੌਜੂਦ ਸਨ।