![]()

ਲੋਕ ਸਭਾ ਮੈਂਬਰ ਅਤੇ ਮੇਅਰ ਨੇ ਨੁਕਸਾਨੇ ਗਿੱਲ ਫਲਾਈਓਵਰ ਦਾ ਅਚਾਨਕ ਜਾਇਜ਼ਾ ਲਿਆ
ਲੁਧਿਆਣਾ, 28 ਮਈ ( ਸਤ ਪਾਲ ਸੋਨੀ ) : -ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਬੀਤੀ ਰਾਤ ਸਥਾਨਕ ਗਿੱਲ ਚੌਕ ਸਥਿਤ ਫਲਾਈਓਵਰ ਦੇ ਉਸ ਹਿੱਸੇ ਦਾ ਜਾਇਜ਼ਾ ਲਿਆ, ਜਿਸ ਹਿੱਸੇ ਦੀ ਇੱਕ ਕੰਧ (ਰੀਟੇਨਿੰਗ ਵਾਲ) ਟੁੱਟ ਗਈ ਸੀ ਅਤੇ ਹੁਣ ਉਸਦੀ ਮੁਰੰਮਤ ਚੱਲ ਰਹੀ ਹੈ। ਬਿੱਟੂ ਨੇ ਮੁਰੰਮਤ ਕਰ ਰਹੀ ਕੰਪਨੀ ਦੇ ਨੁਮਾਇੰਦਿਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ 15 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਅਸੁਵਿਧਾ ਕਾਰਨ ਹੋਰ ਖੱਜਲ ਖੁਆਰ ਨਾ ਹੋਣਾ ਪਵੇ।
ਬੀਤੀ ਰਾਤ ਇਸ ਪੁੱਲ ਦੇ ਮੁਰੰਮਤ ਕਾਰਜ ਦਾ ਅਚਨਚੇਤ ਨਿਰੀਖਣ ਕਰਨ ਪੁੱਜੇ ਬਿੱਟੂ ਨੇ ਮੌਕੇ ‘ਤੇ ਪਹੁੰਚ ਕੇ ਅਧਿਕਾਰੀਆਂ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਬੁਲਾਇਆ। ਉਨਾਂ ਕਿਹਾ ਕਿ ਉਨਾਂ ਦੇ ਅਚਾਨਕ ਆਉਣ ਪਿੱਛੇ ਕਾਰਨ ਸੀ ਕਿ ਉਹ ਦੇਖਣਾ ਚਾਹੁੰਦੇ ਸਨ ਕਿ ਕੀ ਕੰਪਨੀ ਦੇ ਕਾਮੇ ਇਸ ਕੰਮ ਨੂੰ ਪ੍ਰਮੁੱਖਤਾ ਨਾਲ ਦਿਨ ਰਾਤ ਲਗਾ ਕੇ ਕਰ ਰਹੇ ਹਨ ਜਾਂ ਨਹੀਂ। ਉਹ ਇਹ ਵੀ ਦੇਖਣਾ ਚਾਹੁੰਦੇ ਸਨ ਕਿ ਇਸ ਅਸੁਵਿਧਾ ਨਾਲ ਲੋਕਾਂ ਨੂੰ ਅਸਲ ਵਿੱਚ ਕਿੰਨੀ ਕੁ ਪ੍ਰੇਸ਼ਾਨੀ ਹੋ ਰਹੀ ਹੈ।
ਬਿੱਟੂ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋਡ਼ ਸਰਕਾਰ ਦੀ ਮਾਡ਼ੀ ਕਾਰਗੁਜ਼ਾਰੀ ‘ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਹੀ ਨੀਅਤ ਅਤੇ ਦੇਖ-ਰੇਖ ਵਿੱਚ ਵਿਕਾਸ ਪ੍ਰੋਜੈਕਟ ਨੇਪਰੇ ਚਡ਼ਾਏ ਹੁੰਦੇ ਤਾਂ ਅਜਿਹੇ ਨੁਕਸਾਨ ਨਹੀਂ ਹੋਣੇ ਸਨ। ਉਨਾਂ ਕਿਹਾ ਕਿ ਇਸ ਨੁਕਸਾਨ ਲਈ ਜੋ ਵੀ ਅਧਿਕਾਰੀ ਜਾਂ ਧਿਰ ਦੋਸ਼ੀ ਪਾਈ ਜਾਵੇਗੀ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।