![]()

ਖੰਨਾ/ਲੁਧਿਆਣਾ, 31 ਜੁਲਾਈ (ਸਤ ਪਾਲ ਸੋਨੀ) : ਪੁਲਿਸ ਜ਼ਿਲਾ ਖੰਨਾ ਵੱਲੋਂ ਨਸ਼ਾ ਤਸਕਰੀ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਇੱਕ ਔਰਤ ਤਸਕਰ ਨੂੰ 1 ਕਿਲੋ 260 ਗਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਹੋਈ ਹੈ।
ਜ਼ਿਲਾ ਪੁਲਿਸ ਮੁੱਖੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਸਥਾਨਕ ਪ੍ਰਿਸਟੀਨ ਮਾਲ, ਜੀ. ਟੀ. ਰੋਡ (ਅਲੋਡ਼) ਖੰਨਾ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੋਬਿੰਦਗਡ਼ ਵਾਲੇ ਪਾਸੇ ਤੋਂ ਇੱਕ ਸਵਿਫਟ ਡਿਜ਼ਾਇਰ ਕਾਰ (ਟੈਕਸੀ) ਨੰਬਰ ਐੱਚ. ਆਰ.-55-ਡਬਲਿਊ-8632 ਆਈ। ਜਿਸ ਦੀ ਤਲਾਸ਼ੀ ਲੈਣ ‘ਤੇ ਕਾਰ ਵਿੱਚ ਸਵਾਰ ਡਰਾਈਵਰ ਅਮਿਤ ਮੌਂਗੀਆ ਪੁੱਤਰ ਸਵਰਗੀ ਹਰੀਸ਼ ਮੌਂਗੀਆ ਵਾਸੀ ਬੁਡ਼ੇਲ ਥਾਣਾ ਵਿਕਾਸਪੁਰੀ (ਨਵੀਂ ਦਿੱਲੀ) ਅਤੇ ਈਵਾ ਦਾਸ ਉਮਰ ਕਰੀਬ 24 ਸਾਲ ਪਤਨੀ ਰਿਸ਼ੀ ਵਾਸੀ ਟੇਚਪੁਰ ਥਾਣਾ ਸਦਰ ਟੇਚਪੁਰ ਜ਼ਿਲਾ ਸੋਨੀਪੁਰ (ਆਸਾਮ) ਹੁਣ ਵਾਸੀ ਚੰਦਰ ਵਿਹਾਰ ਸੰਡੇ ਮਾਰਕੀਟ ਨਵੀਂ ਦਿੱਲੀ ਕੋਲੋਂ 1 ਕਿਲੋ 260 ਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਜ਼ਿਲਾ ਪੁਲਿਸ ਮੁੱਖੀ ਗਰੇਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਦੋਸ਼ਣ ਖ਼ਿਲਾਫ਼ ਮੁਕੱਦਮਾ ਨੰਬਰ 148, ਮਿਤੀ 31 ਜੁਲਾਈ 2019 ਅ/ਧ 21/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਿਟੀ-2 ਖੰਨਾ ਵਿਖੇ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ਣ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।