![]()

ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਨੇ ਕੀਤਾ ਦਰਸ਼ਕਾਂ ਦਾ ਮਨੋਰੰਜਨ
ਲੁਧਿਆਣਾ, 14 ਅਕਤੂਬਰ ( ਸਤ ਪਾਲ ਸੋਨੀ ) : ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੇਲਾ ਮੈਦਾਨ ਵਿਖੇ ਚੱਲ ਰਹੇ ਖੇਤਰੀ ਸਰਸ ਮੇਲਾ-2017 ਦੌਰਾਨ ਅੱਜ ਮੁੱਖ ਮਹਿਮਾਨ ਵਜੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਸੀ. ਸਿੱਬਨ ਨੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨਾਂ ਮੇਲਾ ਦੇਖਣ ਆਏ ਸਮੂਹ ਦਰਸ਼ਕਾਂ ਅਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੇਲੇ ਲੌਕਾਂ ਲਈ ਮਨੋਰੰਜਨ ਦੇ ਨਾਲ-ਨਾਲ ਗਿਆਨ ਵਿੱਚ ਵਾਧਾ ਕਰਨ ਵਿੱਚ ਵੀ ਸਹਾਈ ਸਿੱਧ ਹੁੰਦੇ ਹਨ। ਉਨਾਂ ਕਿਹਾ ਕਿ ਖੇਤਰੀ ਮੇਲਾ ਪੇਂਡੂ ਵਿਕਾਸ ਅਤੇ ਖੁਸ਼ਹਾਲੀ ਦਾ ਵੀ ਪ੍ਰਤੀਕ ਹੈ, ਕਿਉਂਕਿ ਆਮ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਦਿਹਾਤੀ ਖੇਤਰਾਂ ਵਿੱਚ ਵੱਸਦੇ ਲੋਕ ਵਿਹਲੇ ਹਨ ਅਤੇ ਉਹ ਕੋਈ ਅਸਾਧਾਰਨ ਕੰਮ ਨਹੀਂ ਕਰ ਸਕਦੇ ਪਰ ਇਹ ਸੱਚਾਈ ਨਹੀਂ। ਇਸ ਮੇਲੇ ਵਿੱਚ ਭਾਗ ਲੈਣ ਵਾਲੇ ਜਿਆਦਾਤਰ ਦੁਕਾਨਦਾਰ, ਹਸਤਕਾਰ ਅਤੇ ਕਲਾਕਾਰ ਪੇਂਡੂ ਖੇਤਰਾਂ ਨਾਲ ਹੀ ਸੰਬੰਧਤ ਹੁੰਦੇ ਹਨ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀਮਤੀ ਸੁਰਭੀ ਮਲਿਕ ਨੇ ਸਮਾਜ ਸੇਵਾ ਨੂੰ ਸਮਰਪਿਤ ਸਖ਼ਸ਼ੀਅਤ ਕੁਲਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ।

ਇਸ ਤੋਂ ਪਹਿਲਾਂ ਰੰਗਾਰੰਗ ਪ੍ਰੋਗਰਾਮ ਦੌਰਾਨ ਸਵੇਰੇ ਬੀ. ਵੀ. ਐੱਮ. ਸਕੂਲ ਕਿਚਲੂ ਨਗਰ, ਸ਼ਿਫਾਲੀ ਇੰਟਰਨੈਸ਼ਨਲ ਸਕੂਲ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ, ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਵਿਦਿਆਰਥੀਆਂ/ਵਿਦਿਆਰਥਣਾਂ ਵੱਲੋਂ ਸੋਲੋ ਲੋਕ ਗੀਤ, ਘੂਮਰ, ਹੋਜਾਗਿਰੀ ਤ੍ਰਿਪੁਰਾ, ਕਵੀਸ਼ਰੀ, ਕਵਿਤਾ, ਲੋਕ ਗੀਤ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ । ਨਾਰਥ ਜ਼ੋਨ ਕਲਚਰਲ ਕੌਸਲ ਪਟਿਆਲਾ ਵੱਲੋਂ ਲੰਗਾਗਿਆਨ ਅਤੇ ਕਾਲਬੇਲੀਆ (ਰਾਜਸਥਾਨ) ਅਤੇ ਸਿੱਧੀ ਧਮਾਲ, ਗੁੱਪਗੁਡ਼ੂ ਪ੍ਰੋਗਰਾਮ ਪੇਸ਼ ਕੀਤੇ ਗਏ।
ਇਸੇ ਤਰਾਂ ਬਾਅਦ ਸ਼ਾਮ ਨੂੰ ਨਾਰਥ ਜ਼ੋਨ ਕਲਚਰਲ ਕੌਸਲ ਵੱਲੋਂ ਰਥਵਾ (ਗੁਜਰਾਤ), ਬੀਹੂ (ਆਸਾਮ), ਸਿੱਧੀ ਧਮਾਲ (ਗੁਜਰਾਤ), ਛਾਹੂ (ਝਾਰਖੰਡ), ਬਰਸਾਨਾ ਕੀ ਹੋਲੀ (ਉੱਤਰ ਪ੍ਰਦੇਸ਼), ਬਧਾਈ (ਮੱਧ ਪ੍ਰਦੇਸ਼), ਸੰਭਲਪੁਰੀ (ਓਡੀਸ਼ਾ), ਲੰਗਾਗਿਆਨ ਅਤੇ ਚੇਰੀ ਤੇ ਭਵਾਈ (ਰਾਜਸਥਾਨ) ਦੀਆਂ ਪੇਸ਼ਕਾਰੀਆਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਸੱਭਿਆਚਾਰਕ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵੱਲੋਂ ਭੰਗਡ਼ਾ ਅਤੇ ਦੇਰ ਰਾਤ ਤੱਕ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।