ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਛੀਵਾਡ਼ਾ ਲਈ 11.10 ਕਰੋਡ਼ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਦੀ ਯਾਦਗਾਰ ਦਾ ਐਲਾਨ

Loading

ਸਮਰਾਲਾ/ਮਾਛੀਵਾਡ਼ਾ, 30 ਮਈ (ਸਤ ਪਾਲ  ਸੋਨੀ)  :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਛੀਵਾਡ਼ਾ ਦੇ ਬੇਟ ਇਲਾਕੇ ਵਿਚ 11.10 ਕਰੋਡ਼ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਨਬੀ ਖਾਨ ਅਤੇ ਘਨੀ ਖਾਨ ਦੀ ਯਾਦ ਵਿਚ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ।  ਮੁੱਖ ਮੰਤਰੀ ਨੇ ਇਹ ਐਲਾਨ ਸਬਜ਼ੀ ਪ੍ਰਾਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੀਤਾ ਜੋ ਆਈ.ਐਫ.ਐਫ.ਸੀ.ਓ ਅਤੇ ਸਪੇਨ ਦੀ ਕੰਪਨੀ ਸੀ.ਐਨ ਕਾਰਪ ਵੱਲੋਂ ਸਾਂਝੇ ਤੌਰ ‘ਤੇ ਵਿਕਸਿਤ ਕੀਤਾ ਜਾ ਰਿਹਾ ਹੈ।ਦਸਮੇਸ਼ ਪਿਤਾ ਜੀ ਦੀ ਮਾਛੀਵਾਡ਼ਾ ਫੇਰੀ ਦੌਰਾਨ ਉਨਾਂ ਦੀ ਮੇਜ਼ਬਾਨੀ ਕਰਕੇ ਆਪਣਾ ਜੀਵਨ ਖਤਰੇ ਵਿਚ ਪਾਉਣ ਲਈ ਮੁੱਖ ਮੰਤਰੀ ਨੇ ਨਬੀ ਖਾਨ ਅਤੇ ਗਨੀ ਖਾਨ ਨੂੰ ਯਾਦ ਕੀਤਾ ਅਤੇ ਉਨਾਂ ਦੇ ਸਨਮਾਨ ਵਿਚ ਇਕ ਸ਼ਾਨਦਾਰ ਯਾਦਗਾਰ ਬਨਾਉਣ ਦਾ ਐਲਾਨ ਕੀਤਾ। ਮੌਜੂਦਾ ਹਾਡ਼ੀ ਦੇ ਮੌਜੂਦਾ ਸੀਜ਼ਨ ਦੌਰਾਨ ਖਰਾਬ ਮੌਸਮ ਕਾਰਨ ਫਸਲਾਂ ਨੂੰ ਹੋਏ ਨੁਕਸਾਨ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੀ ਨੀਤੀ ਦੇ ਆਧਾਰ ‘ਤੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦਾ ਭਰੋਸਾ ਦਿਵਾਇਆ।

ਮੁੱਖ ਮੰਤਰੀ ਵੱਲੋਂ ਐਲਾਨ ਗਏ ਵਿਕਾਸ ਪ੍ਰਾਜੈਕਟਾਂ ਵਿੱਚ ਆਈ.ਟੀ.ਆਈ ਅਤੇ ਇਕ ਨਵੀਂ ਦੇਹਾਤੀ ਡਿਸਪੈਂਸਰੀ ਸ਼ਾਮਲ ਹਨ। ਉਨਾਂ ਦੱਸਿਆ ਕਿ ਸਮਰਾਲਾ ਵਿਖੇ ਐਸ.ਟੀ.ਪੀ ਦੇ ਨਿਰਮਾਣ ਲਈ ਐਨ.ਐਚ.ਏ.ਆਈ ਵੱਲੋਂ ਪਹਿਲਾਂ ਹੀ ਢੁਕਵੀਂ ਜਗਾ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਇਸ ਨੂੰ ਪ੍ਰਾਪਤ ਕੀਤਾ ਜਾ ਚੁੱਕਾ ਹੈ। ਇਸ ਨਾਲ ਸੀਵਰੇਜ਼ ਸਮੱਸਿਆ ਦਾ ਹੱਲ ਹੋਵੇਗਾ। ਪਿਛਲੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਪ੍ਰਸ਼ਾਸਨਿਕ ਉਦਾਸੀਨਤਾ ਦੇ ਨਤੀਜੇ ਵੱਜੋਂ ਇਹ ਪ੍ਰਾਜੈਕਟ 2007 ਤੋਂ ਰੁਕਿਆ ਪਿਆ ਹੈ ਜਿਸ ਨੂੰ ਮੌਜੂਦਾ ਸਰਕਾਰ ਨੇ ਪਹਿਲ ਦੇ ਆਧਾਰ ‘ਤੇ ਲਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੁਆਵਜ਼ੇ ਦੀ ਰਾਸ਼ੀ ਪਹਿਲਾਂ ਹੀ ਸੀਵਰੇਜ਼ ਬੋਰਡ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਸਰਕਾਰ ਨੇ ਪਲਾਂਟ ਦੇ ਲਈ 2 ਏਕਡ਼ ਦੇ ਬਦਲਵੇਂ ਪਲਾਟ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਨੇ ਇਸ ਮੌਕੇ ਇਕ ਹੋਰ ਪ੍ਰਾਜੈਕਟ ਦਾ ਵੀ ਐਲਾਨ ਕੀਤਾ ਜਿਸ ਵਿੱਚ ਰਾਹੋਂ-ਮਾਛੀਵਾਡ਼ਾ-ਰੋਪਡ਼ ਬਰਾਸਤਾ ਬੇਲਾ ਸਡ਼ਕ ਦੀ ਮੁਰੰਮਤ ਦਾ ਕੰਮ ਸ਼ਾਮਲ ਹੈ। ਇਹ ਮੁਰੰਮਤ 7.9 ਕਰੋਡ਼ ਰੁਪਏ ਦੇ ਲਾਗਤ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ 20 ਲੱਖ ਰੁਪਏ ਦੇ ਲਾਗਤ ਨਾਲ ਇਕ ਨਵਾਂ ਕਮਿਉਨਟੀ ਹਾਲ ਉਸਾਰਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ 3 ਕਰੋਡ਼ ਰੁਪਏ ਦੀ ਮਿਉਂਸਪਲ ਗ੍ਰਾਂਟ ਦਾ ਵੀ ਐਲਾਨ ਕੀਤਾ। ਇਨਾਂ ਪ੍ਰਾਜੈਕਟਾਂ ਦੇ ਨਾਲ ਇਸ ਖੇਤਰ ਵਿਚ ਸ਼ਹਿਰੀ ਸੁਵਿਧਾਵਾਂ ਨੂੰ ਸੁਧਾਰਿਆ ਜਾਵੇਗਾ। ਮੁੱਖ ਮੰਤਰੀ ਨੇ ਇਸ ਖਿੱਤੇ ਵਿਚ ਸਾਰੇ ਵਿਕਾਸ ਪ੍ਰਾਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਆਪਣੀ ਸਰਕਾਰ ਦੀ ਵਚਨਬਧਤਾ ਨੂੰ ਦੁਹਰਾਇਆ। ਉਨਾਂ ਕਿਹਾ ਕਿ ਇਨਾਂ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਹਲਕੇ ਦੀਆਂ ਲੋਡ਼ਾਂ ਬਾਰੇ ਵੇਰਵਾ ਪੇਸ਼ ਕੀਤਾ।

40690cookie-checkਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਛੀਵਾਡ਼ਾ ਲਈ 11.10 ਕਰੋਡ਼ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈਆਂ ਦੀ ਯਾਦਗਾਰ ਦਾ ਐਲਾਨ
error: Content is protected !!