![]()

-ਅਨਾਜ ਸੰਭਾਲਣ ਲਈ ਹੋਰ ਗੋਦਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ-ਰਵੀ ਕਾਂਤ
ਖੰਨਾ, 26 ਅਪ੍ਰੈੱਲ ( ਸਤ ਪਾਲ ਸੋਨੀ ) : ਭਾਰਤ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਰਵੀ ਕਾਂਤ ਆਈ. ਏ. ਐੱਸ. ਨੇ ਅੱਜ ਸਥਾਨਕ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਿਖੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਨਾਲ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ, ਪੰਜਾਬ ਦੇ ਸਕੱਤਰ ਸ੍ਰੀ ਕੇ. ਏ. ਪੀ. ਸਿਨਹਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਰਵੀ ਕਾਂਤ ਨੇ ਕਿਹਾ ਹੈ ਕਿ ਸੂਬੇ ਭਰ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸੁਚੱਜੇ ਤਰੀਕੇ ਨਾਲ ਜਾਰੀ ਹੈ। ਖਰੀਦ ਅਤੇ ਅਦਾਇਗੀ ਵਿੱਚ ਕੋਈ ਵੀ ਦਿੱਕਤ ਨਹੀਂ ਹੈ, ਜਦਕਿ ਲਿਫਟਿੰਗ ਦੀ ਚੱਲ ਰਹੀ ਸਮੱਸਿਆ ਨੂੰ ਦਰੁਸਤ ਕਰ ਦਿੱਤਾ ਗਿਆ ਹੈ, ਅਗਲੇ ਦੋ ਤਿੰਨ ਦਿਨ ਵਿੱਚ 100 ਫੀਸਦੀ ਲਿਫ਼ਟਿੰਗ ਹੋ ਜਾਵੇਗੀ।
ਉਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹਨ। ਕਿਸਾਨਾਂ ਦੀ ਜਿਣਸ ਦੀ ਕੀਮਤ ਉਨਾਂ ਨੂੰ ਨਾਲ-ਨਾਲ ਖਰੀਦ ਤੋਂ 48 ਘੰਟੇ ਵਿੱਚ-ਵਿੱਚ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਅਦਾਇਗੀ ਲਈ ਸਰਕਾਰੇ-ਦਰਬਾਰੇ ਪ੍ਰੇਸ਼ਾਨ ਨਾ ਹੋਣਾ ਪਵੇ। ਇਸੇ ਤਰਾਂ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਆਨਲਾਈਨ ਵਿਧੀ ਰਾਹੀਂ ਨਾਲ ਦੀ ਨਾਲ ਹੀ ਕੀਤੀ ਜਾ ਰਹੀ ਹੈ। ਉਨਾਂ ਭਰੋਸਾ ਦਿੱਤਾ ਕਿ ਆਡ਼ਤੀ ਵਰਗ ਦੀ ਕਮਿਸ਼ਨ ਦੀ ਅਦਾਇਗੀ ਵੀ ਜਲਦ ਤੋਂ ਜਲਦ ਕਰਵਾ ਦਿੱਤੀ ਜਾਵੇਗੀ। ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਇਸ ਵਾਰ ਮੌਸਮ ਦੇ ਮਿਜ਼ਾਜ਼ ਦੇ ਚੱਲਦਿਆਂ ਅਤੇ ਕਣਕ ਦੀ ਮੰਡੀਆਂ ਵਿੱਚ ਇੱਕੋ ਵੇਲੇ ਆਮਦ ਹੋਣ ਕਾਰਨ ਲਿਫਟਿੰਗ ਵਿੱਚ ਸਮੱਸਿਆ ਆ ਗਈ ਸੀ। ਹੁਣ ਝੋਨੇ ਦੀ ਵੱਧ ਤੋਂ ਵੱਧ ਸਪੈਸ਼ਲ ਲਗਾ ਕੇ ਗੋਦਾਮਾਂ ਨੂੰ ਖਾਲੀ ਕੀਤਾ ਜਾ ਰਿਹਾ ਹੈ ਅਤੇ ਕਣਕ ਦੀ ਲਿਫ਼ਟਿੰਗ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅਨਾਜ ਦੇ ਭੰਡਾਰਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਡ਼ ਮੁਤਾਬਿਕ ਹੋਰ ਗੋਦਾਮਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਡੀ. ਐੱਮ. ਖੰਨਾ ਸੰਦੀਪ ਗਾਡ਼ਾ, ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਰਾਕੇਸ਼ ਭਾਸਕਰ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।