![]()

ਕਿਸਾਨਾਂ ਨੂੰ ਪਰਾਲੀ ਨਾ ਸਾਡ਼ ਕੇ ਵਾਤਾਵਰਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਦੀ ਅਪੀਲ
ਰਾਏਕੋਟ, 27 ਫਰਵਰੀ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੇ ਸਹਿਯੋਗ ਨਾਲ ਪਿੰਡ ਗੋਬਿੰਦਗਡ਼ ਵਿਖੇ ‘ਫਾਰਮਰ ਫੀਲਡ ਡੇਅ’ ਮਨਾਇਆ ਗਿਆ, ਜਿਸ ਵਿੱਚ 100 ਤੋਂ ਵਧੇਰੇ ਉਨਾਂ ਕਿਸਾਨਾਂ ਨੇ ਭਾਗ ਲਿਆ, ਜਿਨਾਂ ਨੇ ਸਮੂਹਿਕ ਰੂਪ ਵਿੱਚ 800 ਏਕਡ਼ ਤੋਂ ਵਧੇਰੇ ਖੇਤਾਂ ਨੂੰ ਪਰਾਲੀ ਜਲਾਉਣ ਤੋਂ ਮੁਕਤ ਕੀਤਾ ਹੈ।
ਪਿੰਡ ਗੋਬਿੰਦਗਡ਼ ਜ਼ਿਲਾ ਲੁਧਿਆਣਾ ਦੇ ਉਨਾਂ 11 ਪਿੰਡਾਂ ਵਿੱਚੋਂ ਇੱਕ ਹੈ, ਜਿੱਥੇ ਸੀ. ਆਈ. ਆਈ. ਨੇ ਪਰਾਲੀ ਦੇ ਉੱਚਿਤ ਪ੍ਰਬੰਧਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਹ ਯੋਜਨਾ ਸੀ. ਆਈ. ਆਈ. ਫਾਊਂਡੇਸ਼ਨ ਵੱਲੋਂ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿੱਚ ਤਿੰਨ ਕਿਸਾਨ ਉਤਪਾਦਕ ਸਮੂਹਾਂ, ਓ. ਐੱਨ. ਜੀ. ਸੀ., ਜੀ. ਬੀ. ਡੀ. ਐੱਸ. ਜੀ. ਐੱਨ. ਐੱਸ. ਫਾਊਂਡੇਸ਼ਨ ਅਤੇ ਹੋਰ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਇਸ ਮੌਕੇ ਸਮੂਹ ਅਧਿਕਾਰੀਆਂ ਨੇ ਇਨਾਂ ਖੇਤਾਂ ਦਾ ਦੌਰਾ ਕੀਤਾ ਅਤੇ ਪਰਾਲੀ ਨੂੰ ਸਾਡ਼ਨ ਤੋਂ ਰੋਕਣ ਲਈ ਉਨਾਂ ਵੱਲੋਂ ਕੀਤੇ ਗਏ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਹੋਰ ਕਿਸਾਨਾਂ ਨੂੰ ਦੱਸਿਆ ਗਿਆ। ਸਮਾਗਮ ਦੌਰਾਨ ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਬਲਦੇਵ ਸਿੰਘ, ਓ. ਐੱਨ. ਜੀ. ਸੀ. ਦੇ ਜਨਰਲ ਮੈਨੇਜਰ ਮਹਿੰਦਰ ਸਿੰਘ ਖੁਸ਼ਵਾਹਾ, ਪੀ. ਏ. ਯੂ. ਪਸਾਰ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਡੀ. ਐੱਸ. ਭੱਟੀ, ਡਾ. ਹਰਮਿੰਦਰ ਸਿੰਘ ਸਿੱਧੂ ਅਤੇ ਹੋਰਾਂ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾਡ਼ ਕੇ ਵਾਤਾਵਰਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਦੀ ਅਪੀਲ ਕੀਤੀ।
ਇਸ ਮੌਕੇ ਮਾਹਿਰਾਂ ਨੇ ਦੱਸਿਆ ਕਿ ਸੀ. ਆਈ. ਆਈ. ਨੇ ਜ਼ਿਲਾ ਲੁਧਿਆਣਾ ਅਤੇ ਪਟਿਆਲਾ ਦੇ 19 ਪਿੰਡਾਂ ਦੇ 3000 ਕਿਸਾਨਾਂ ਨਾਲ ਮਿਲ ਕੇ 16 ਹਜ਼ਾਰ ਏਕਡ਼ ਜ਼ਮੀਨ ‘ਤੇ ਪਰਾਲੀ ਨੂੰ ਨਾ ਜਲਾ ਕੇ ਉੱਚਿਤ ਪ੍ਰਬੰਧਨ ਲਈ ਕੰਮ ਕੀਤਾ ਹੈ। ਉਨਾਂ ਕਿਹਾ ਕਿ ਇਸ ਯੋਜਨਾ ਦਾ ਕਾਫੀ ਲਾਭ ਹੋ ਰਿਹਾ ਹੈ, ਜਿਸ ਕਾਰਨ 12000 ਹਜ਼ਾਰ ਏਕਡ਼ ਰਕਬੇ ਨੂੰ ਪਰਾਲੀ ਨੂੰ ਜਲਾਉਣ ਤੋਂ ਮੁਕਤ ਕਰਾ ਲਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਗਾ ਸਿੰਘ ਜਲਾਲਦੀਵਾਲ, ਦਰਸ਼ਨ ਸਿੰਘ ਰਾਜਗਡ਼, ਜਸਵੀਰ ਸਿੰਘ, ਜੁਗਰਾਜ ਸਿੰਘ, ਬਲਵਿੰਦਰ ਸਿੰਘ, ਕਰਨਪਾਲ ਸਿੰਘ, ਜਗਪਾਲ ਸਿੰਘ, ਹਰਦੇਵ ਸਿੰਘ, ਜਗਸੀਰ ਸਿੰਘ, ਬਸੰਤਪਾਲ ਸਿੰਘ, ਹਰਜੀਤ ਸਿੰਘ, ਸੋਮਾ ਸਿੰਘ ਅਤੇ ਹੋਰ ਹਾਜ਼ਰ ਸਨ।