![]()

• ਜਾਖਡ਼ ਨੇ ਬੀ.ਜੇ.ਪੀ. ‘ਤੇ ਵਰਦਿਆਂ ਕਿਹਾ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ਨੂੰ ਕੀਤਾ ਖਤਮ
ਲੁਧਿਆਣਾ 1 ਜੁਲਾਈ ( ਸਤ ਪਾਲ ਸੋਨੀ ) : ਸੁਨੀਲ ਜਾਖਡ਼ ਪ੍ਰਧਾਨ ਪੰਜਾਬ ਕਾਂਗਰਸ ਅਤੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਨੇ ਬੀ.ਜੇ.ਪੀ.ਨੂੰ ਤਾਡ਼ਨਾ ਕਰਦਿਆ ਕਿਹਾ ਜੀ.ਐਸ.ਟੀ. ਨੇ ਦੇਸ਼ ਅੰਦਰ ਵਪਾਰ ਨੂੰ ਖਤਮ ਕਰ ਦਿੱਤਾ ਹੈ ਅਤੇ 2019 ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਜਿੱਤ ਦਰਜ਼ ਕਰਕੇ ਕਾਂਗਰਸ ਪਾਰਟੀ ਜੀ.ਐਸ.ਟੀ. ਦੀਆਂ ਖਾਮੀਆਂ ਨੂੰ ਖਤਮ ਕਰੇਗੀ ਅਤੇ ਵਪਾਰ ਕਰਨ ਨੂੰ ਸੁਖਾਲਾ ਬਣਾਇਆ ਜਾਵੇਗਾ।
ਜਾਖਡ਼ ਅੱਜ ਇੱਥੇ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਇਸ ਸਮੇਂ ਉਨਾਂ ਨਾਲ ਫੂਡ ਸਪਲਾਈ ਅਤੇ ਖਪਤਕਾਰ ਮਾਮਲਿਆ ਬਾਰੇ ਕੈਬਨਿਟ ਮੰਤਰੀ ਭਾਰਤ ਭੁਸ਼ਣ ਆਸ਼ੂ ਵੀ ਹਾਜ਼ਰ ਸਨ। ਜਾਖਡ਼ ਨੇ ਐਨ.ਡੀ.ਏ.ਸਰਕਾਰ ਵੱਲੋਂ ਜੀ.ਐਸ.ਟੀ.ਸਬੰਧੀ ਦਿੱਤੀ ਜਾ ਰਹੀ ਸਟੇਟਮੈਂਟ ਨੂੰ ਪੂਰੀ ਤਰਾਂ ਨਕਾਰਦਿਆ ਕਿਹਾ ਕਿ ਇਹ ਬੇਹੱਦ ਗੁੰਝਲਦਾਰ ਪ੍ਰਣਾਲੀ ਹੈ। ਉਨਾਂ ਐਨ.ਡੀ.ਏ ਸਰਕਾਰ ਦੀ ਆਲੋਚਨਾ ਕਰਦਿਆ ਕਿਹਾ ਕਿ ਇਸ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਹੋਰ ਵਧੇਰੇ ਵਿਕਾਸ ਲਈ ਪ੍ਰਸਤਾਵਤ ਜੀ.ਐਸ.ਟੀ. ਦਾ ਅਸਲ ਮਕਸਦ ਹੀ ਬਦਲ ਦਿੱਤਾ ਹੈ।
ਜਾਖਡ਼ ਨੇ ਨੇ ਕਿਹਾ ਕਿ ਇੱਕ ਦੇਸ਼ ਅਤੇ ਇੱਕ ਟੈਕਸ ਦੀ ਆਸ ਨਾਲ ਲਿਆਂਦੇ ਜੀ.ਐਸ.ਟੀ. ਦੀਆਂ 5 ਵੱਖਰੀਆਂ-ਵੱਖਰੀਆਂ ਸਲੈਬਸ ਹਨ, ਜਿਨਾਂ ਕਾਰਨ ਦੇਸ਼ ਦਾ ਉਦਯੋਗ ਅਤੇ ਵਪਾਰ ਖਤਮ ਹੋ ਗਿਆ ਹੈ ਅਤੇ ਆਮ ਲੋਕ ਬਹੱਦ ਪ੍ਰੇਸ਼ਾਨ ਹੋ ਰਹੇ ਹਨ।

ਜਾਖਡ਼ ਨੇ ਕਿਹਾ ਕਿ ਆਰ.ਬੀ.ਆਈ. ਦੇ ਸਾਬਕਾ ਗਵਰਨਰ ਰਘੂਰਾਮ ਰਾਜ਼ਨ ਅਤੇ ਮੁੱਖ ਅੰਕਡ਼ਾ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਅਸਤੀਫਾ ਦੇ ਦਿੱਤਾ ਹੈ, ਕਿਉਂਕਿ ਜੀ.ਐਸ.ਟੀ ਵਿੱਚ ਵੱਡੀ ਪੱਧਰ ‘ਤੇ ਖਾਮੀਆਂ ਹਨ ਅਤੇ ਇਹ ਬਗੈਰ ਤਿਆਰੀ ਤੋਂ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਦੇਸ਼ ਵਿੱਚ ਵਪਾਰ ਖਤਮ ਹੋ ਰਿਹਾ ਹੈ। ਉਨਾਂ ਕਿਹਾ ਕਿ ਜੀ.ਐਸ.ਟੀ. ਹੋਰ ਤਰਕਸੰਗਤ ਬਣਾਉਣ ਦੀ ਮੰਗ ਕਰਦਾ ਹੈ, ਜਿਸ ਨੂੰ ਕਾਂਗਰਸ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਾਗੂ ਕਰੇਗੀ। ਉਨਾਂ ਕਿਹਾ ਕਿ ਪੰਜਾਬ ਕਾਂਗਰਸ ਸਮੂਹ ਐਮ.ਪੀਜ਼ ਨੂੰ ਨਾਲ ਲੈ ਕੇ ਲੋਕ ਸਭਾ ਵਿੱਚ ਵਪਾਰ ਦੀ ਮਾਡ਼ੀ ਹਾਲਤ ਬਾਰੇ ਮੁੱਦਾ ਉਠਾਏਗੀ। ਇਸ ਮੌਕੇ ਉਨਾਂ ਨਾਲ ਬਲਕਾਰ ਸਿੰਘ ਸੰਧੂ ਮੇਅਰ ਨਗਰ-ਨਿਗਮ, ਜਿਲਾ ਪ੍ਰਧਾਨ ਕਾਂਗਰਸ ਗੁਰਪ੍ਰੀਤ ਗੋਗੀ, ਕੇ.ਕੇ. ਬਾਵਾ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਰਾਜੀਵ ਰਾਜਾ ਵੀ ਹਾਜ਼ਰ ਸਨ।