ਐੱਸ. ਡੀ. ਐੱਮ. ਨੁਕਸਾਨ ਅਤੇ ਰਾਹਤ ਕਾਰਜਾਂ ਦੇ ਵੇਰਵੇ ਇਕੱਤਰ ਕਰਨ ਦੀ ਪ੍ਰਕਿਰਿਆ ਦੀ ਖੁਦ ਨਿਗਰਾਨੀ ਕਰਨ-ਡਿਪਟੀ ਕਮਿਸ਼ਨਰ

Loading

ਲੁਧਿਆਣਾ, 30 ਅਗਸਤ ( ਸਤ ਪਾਲ  ਸੋਨੀ) : ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿੱਚ ਹੜਾਂ ਕਾਰਨ ਹੋਏ ਨੁਕਸਾਨ ਦੇ ਵੇਰਵੇ ਇਕੱਤਰ ਕਰਕੇ ਭੇਜਣ ਦਾ ਆਦੇਸ਼ ਦਿੱਤਾ ਹੋਇਆ ਹੈ। ਇਸ ਸੰਬੰਧੀ ਪ੍ਰੋਫਾਰਮਾ ਭੇਜ ਕੇ ਰੋਜ਼ਾਨਾ ਰਿਪੋਰਟ ਭੇਜਣ ਬਾਰੇ ਕਿਹਾ ਗਿਆ ਹੈ। ਇਸ ਤੋਂ ਇਲਾਵਾ ਮਾਲ ਅਧਿਕਾਰੀਆਂ ਨੂੰ ਵਿਸ਼ੇਸ਼ ਗਿਰਦਾਵਰੀ ਬਾਰੇ ਵੀ ਹਦਾਇਤ ਕਰ ਦਿੱਤੀ ਗਈ ਹੈ। ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸੰਬੰਧਤ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਪੂਰੀ ਪ੍ਰਕਿਰਿਆ ਦੀ ਖੁਦ ਨਿਗਰਾਨੀ ਕਰਨ ਤਾਂ ਜੋ ਪੀੜਤ ਵਿਅਕਤੀਆਂ ਨੂੰ ਪਹਿਲ ਦੇ ਆਧਾਰ ‘ਤੇ ਹਰ ਤਰ੍ਹਾਂ ਦੀ ਰਾਹਤ ਮੁਹੱਈਆ ਕਰਵਾਈ ਜਾ ਸਕੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਪ੍ਰੋਫਾਰਮੇ ਵਿੱਚ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਦੇ ਤਹਿਸੀਲਵਾਰ ਵੇਰਵੇ ਭੇਜਣ ਬਾਰੇ ਕਿਹਾ ਗਿਆ ਹੈ। ਇਸ ਸੰਬੰਧੀ ਸੰਬੰਧਤ ਐੱਸ. ਡੀ. ਐੱਮਜ਼, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸਿਵਲ ਸਰਜਨ, ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰਾਂ, ਨਿਗਰਾਨ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਅਤੇ ਨਿਗਰਾਨ ਇੰਜੀਨੀਅਰ ਡਰੇਨੇਜ਼ ਵਿਭਾਗ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਅੰਕੜੇ ਤੁਰੰਤ ਭੇਜਣੇ ਸ਼ੁਰੂ ਕਰ ਦੇਣ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਗੀ ਗਈ ਜਾਣਕਾਰੀ ਵਿੱਚ ਨੁਕਸਾਨੇ ਗਏ ਪਿੰਡਾਂ, ਘਰਾਂ, ਆਬਾਦੀ, ਵਿਅਕਤੀਆਂ ਅਤੇ ਪਸ਼ੂਆਂ ਦੇ ਜਾਨੀ ਮਾਲੀ ਨੁਕਸਾਨ, ਫੈਲੀਆਂ ਬਿਮਾਰੀਆਂ ਦਾ ਵੇਰਵਾ, ਰਾਸ਼ਨ ਅਤੇ ਦਵਾਈਆਂ ਦੀ ਵੰਡ, ਚਾਰੇ ਦੀ ਵੰਡ, ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਵੇਰਵਾ, ਰਾਹਤ ਕੈਂਪਾਂ, ਬਚਾਏ ਲੋਕਾਂ ਦਾ ਵੇਰਵਾ, ਹੋਰ ਪ੍ਰਬੰਧਾਂ ਅਤੇ ਦਰਿਆਵਾਂ ਨਦੀਆਂ ਵਿੱਚ ਪਏ ਪਾੜਾਂ ਦੀ ਗਿਣਤੀ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਮੰਗੀ ਗਈ ਹੈ।ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਇਹ ਵੇਰਵੇ ਇਕੱਤਰ ਕਰਨ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਜੋ ਹੜਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਜਾਂ ਰਾਹਤ ਰਾਸ਼ੀ ਮੁਹੱਈਆ ਕਰਵਾਈ ਜਾ ਸਕੇ। ਉਨਾਂ ਉਕਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਤਹਿਸੀਲਵਾਰ ਵੇਰਵਾ ਰਿਪੋਰਟ ਈਮੇਲ [email protected] ‘ਤੇ ਜਾਂ ਵਟਸਐਪ ਨੰਬਰ 9417100786 ‘ਤੇ ਭੇਜਣਾ ਯਕੀਨੀ ਬਣਾਉਣ।

45940cookie-checkਐੱਸ. ਡੀ. ਐੱਮ. ਨੁਕਸਾਨ ਅਤੇ ਰਾਹਤ ਕਾਰਜਾਂ ਦੇ ਵੇਰਵੇ ਇਕੱਤਰ ਕਰਨ ਦੀ ਪ੍ਰਕਿਰਿਆ ਦੀ ਖੁਦ ਨਿਗਰਾਨੀ ਕਰਨ-ਡਿਪਟੀ ਕਮਿਸ਼ਨਰ
error: Content is protected !!