![]()
ਸੂਖ਼ਮ, ਲਘੂ ਅਤੇ ਮੱਧਮ ਉਦਯੋਗਾਂ ਦੇ ਉਥਾਨ ਲਈ ਪ੍ਰਧਾਨ ਮੰਤਰੀ ਵੱਲੋਂ 12 ਐਲਾਨ

ਸੂਖ਼ਮ, ਲਘੂ ਅਤੇ ਮੱਧਮ ਉਦਯੋਗਾਂ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ-ਕੇਂਦਰੀ ਰਾਜ ਮੰਤਰੀ
ਲੁਧਿਆਣਾ, 2 ਨਵੰਬਰ ( ਸਤ ਪਾਲ ਸੋਨੀ ) : ਦੇਸ਼ ਵਿੱਚ ਸੂਖ਼ਮ, ਲਘੂ ਅਤੇ ਮੱਧਮ ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਅਜਿਹੇ ਉਦਯੋਗਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ 12 ਅਹਿਮ ਐਲਾਨ ਕੀਤੇ ਗਏ ਹਨ। ਇਹ ਐਲਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤੇ, ਜਿਸ ਨੂੰ ਲੁਧਿਆਣਾ ਸਮੇਤ ਦੇਸ਼ ਦੇ 100 ਜ਼ਿਲਿਆਂ ਵਿੱਚ ਸਿੱਧੇ ਪ੍ਰਸਾਰਨ ਰਾਹੀਂ ਦਿਖਾਇਆ ਗਿਆ। ਸਿੱਧੇ ਪ੍ਰਸਾਰਨ ਸੰਬੰਧੀ ਸਮਾਗਮ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਕੀਤਾ ਗਿਆ, ਜਿਸ ਵਿੱਚ ਕੇਂਦਰੀ ਕੱਪੜਾ ਰਾਜ ਮੰਤਰੀ ਅਜੇ ਟਾਮਟਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਿੱਧੇ ਪ੍ਰਸਾਰਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸੂਖ਼ਮ, ਲਘੂ ਅਤੇ ਮੱਧਮ ਉਦਯੋਗਾਂ ਨੂੰ ਆਰਥਿਕ ਅਤੇ ਭੁਗੋਲਿਕ ਤੌਰ ‘ਤੇ ਉੱਪਰ ਚੁੱਕਣ ਲਈ ਇੱਕ ਵੈੱਬ ਪੋਰਟਲ www.psbloansin59minutes.com ਦੀ ਸ਼ੁਰੂਆਤ ਕੀਤੀ, ਜਿਸ ਰਾਹੀਂ ਹੁਣ ਕੋਈ ਵੀ ਉੱਦਮੀ, ਜੋ ਜੀ. ਐੱਸ. ਟੀ. ਪੋਰਟਲ ‘ਤੇ ਜੁੜਿਆ ਹੋਇਆ ਹੈ ਅਤੇ ਆਪਣਾ ਕਰ ਨਿਯਮਤ ਰੂਪ ਵਿੱਚ ਕਰਦਾ ਹੈ, ਨੂੰ ਇੱਕ ਕਰੋੜ ਰੁਪਏ ਤੱਕ ਦਾ ਕਰਜ਼ਾ ਮਹਿਜ਼ 59 ਮਿੰਟ ਵਿੱਚ ਅਸਾਨੀ ਨਾਲ ਪ੍ਰਾਪਤ ਹੋ ਸਕੇਗਾ। ਇਸ ਤੋਂ ਇਲਾਵਾ 11 ਹੋਰ ਅਹਿਮ ਐਲਾਨ ਕੀਤੇ ਗਏ। ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਲੁਧਿਆਣਾ ਦੇ ਹੌਜ਼ਰੀ ਉਦਯੋਗ ਦਾ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।
ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਜੇ ਟਾਮਟਾ ਨੇ ਕਿਹਾ ਕਿ ਲੁਧਿਆਣਾ ਦੀ ਸਨਅਤ ਪੂਰੇ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਹਮੇਸ਼ਾਂ ਹੀ ਪ੍ਰਮੁੱਖਤਾ ਦਿੱਤੀ ਜਾਂਦੀ ਰਹੇਗੀ। ਉਨਾਂ ਕਿਹਾ ਕਿ ਦੇਸ਼ ਵਿੱਚ ਇਸ ਵੇਲੇ 6.5 ਕਰੋੜ ਸੂਖ਼ਮ, ਲਘੂ ਅਤੇ ਮੱਧਮ ਉਦਯੋਗਿਕ ਯੂਨਿਟ ਚੱਲ ਰਹੇ ਹਨ, ਜਿਨਾਂ ਨਾਲ 11 ਕਰੋੜ ਰੋਜ਼ਗਾਰ ਕਾਮਿਆਂ ਦੇ ਨਾਲ-ਨਾਲ 26 ਕਰੋੜ ਲੋਕਾਂ ਦੀ ਆਰਥਿਕਤਾ ਜੁਡ਼ੀ ਹੋਈ ਹੈ। ਇਨਾਂ ਉਦਯੋਗਾਂ ਨੂੰ ਪੈਰਾਂ ਸਿਰ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਨਾਂ ਉਦਯੋਗਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਜਿਸ ਲਈ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ‘ਸਬਕਾ ਹਾਥ ਸਬਕਾ ਵਿਕਾਸ’ ਦੇ ਨਾਅਰੇ ਨਾਲ ਲੋਕਾਂ ਅਤੇ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਦਾ ਸਾਰੇ ਰਾਜਾਂ ਅਤੇ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ। ਉਨਾਂ ਇਸ ਮੌਕੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਵੀ ਵੇਰਵਾ ਪੇਸ਼ ਕੀਤਾ। ਉਨਾਂ ਕਿਹਾ ਅੱਜ ਲੋੜ ਹੈ ਕਿ ਲੋਕ ਹੌਂਸਲਾ ਕਰਕੇ ਉੱਦਮੀ ਬਣਨ ਲਈ ਯਤਨ ਕਰਨ, ਕੇਂਦਰ ਸਰਕਾਰ ਹਮੇਸ਼ਾਂ ਉਨਾਂ ਦੇ ਨਾਲ ਹੈ। ਸਮਾਗਮ ਦੌਰਾਨ ਵੱਖ-ਵੱਖ ਬੈਂਕਾਂ, ਵਿੱਤੀ ਖੇਤਰਾਂ ਨਾਲ ਜੁੜੇ ਅਦਾਰਿਆਂ ਅਤੇ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਸਟਾਲ ਵੀ ਲਗਾਏ ਗਏ, ਜਿਸ ਵਿੱਚ ਲੋਕਾਂ ਨੇ ਜਾਣਕਾਰੀ ਲਈ।
ਸਮਾਗਮ ਦੌਰਾਨ ਉਪਰੋਕਤ ਤੋਂ ਇਲਾਵਾ ਸ੍ਰੀ ਅਨੁਰਾਗ ਅਗਰਵਾਲ ਆਈ. ਏ. ਐੱਸ. ਸੰਯੁਕਤ ਸਕੱਤਰ ਪ੍ਰਭਾਰੀ ਅਫ਼ਸਰ ਕੇਂਦਰ ਸਰਕਾਰ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਪੰਜਾਬ ਐਂਡ ਸਿੰਧ ਬੈਂਕ ਦੇ ਜੀ. ਐੱਮ. ਦਲਜੀਤ ਸਿੰਘ ਗਰੋਵਰ, ਜ਼ੋਨਲ ਮੈਨੇਜਰ ਅਮੋਲਕ ਸਿੰਘ, ਜ਼ੋਨਲ ਮੈਨੇਜਰ ਫਰੀਦਕੋਟ ਰਾਜੀਵ ਬਾਂਸਲ, ਜੈੱਮ ਪ੍ਰੋਗਰਾਮ ਤੋਂ ਅਖਿਲੇਸ਼ ਕੁਮਾਰ ਤੇ ਸਤੀਸ਼ ਕੁਮਾਰ, ਸਿਦਬੀ ਤੋਂ ਰਿਤੇਸ਼ ਕੁਮਾਰ, ਸੀ. ਜੀ.ਐੱਸ. ਟੀ. ਕਮਿਸ਼ਨਰ ਆਸ਼ੂਤੋਸ਼ ਬਰਨਵਾਲ, ਐੱਮ. ਐੱਸ. ਐੱਮ. ਈ. ਤੋਂ ਕੁੰਦਨ ਲਾਲ, ਏ. ਜੀ. ਐੱਮ. ਅਜੀਤ ਸਿੰਘ ਚਾਵਲਾ, ਜ਼ਿਲਾ ਭਾਜਪਾ ਪ੍ਰ੍ਰਧਾਨ ਜਤਿੰਦਰ ਮਿੱਤਲ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।