ਆਈਸੀਏਆਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਰਦਾਰ ਪਟੇਲ ਐਵਾਰਡ ਦੇਣ ਦਾ ਐਲਾਨ

Loading

ਲੁਧਿਆਣਾ, 13 ਜੁਲਾਈ ( ਸਤ ਪਾਲ ਸੋਨੀ ) :  ਭਾਰਤੀ ਖੇਤੀ ਖੋਜ ਕੌਂਸਲ, ਨਵੀਂ ਦਿੱਲੀ ਨੇ ਕੌਮੀ ਪੱਧਰ ਦਾ ਸਰਦਾਰ ਪਟੇਲ ਐਵਾਰਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਦੇਣ ਦਾ ਐਲਾਨ ਕੀਤਾ ਹੈ । 2017 ਲਈ ਮਿਲਣ ਵਾਲਾ ਇਹ ਵੱਕਾਰੀ ਪੁਰਸਕਾਰ ਆਈਸੀਏਆਰ ਦੇ ਵਿਸ਼ੇਸ਼ ਸਮਾਗਮ ਵਿੱਚ ਨਵੀਂ ਦਿੱਲੀ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਹਾਸਲ ਕਰਨਗੇ ।
ਭਾਰਤੀ ਖੇਤੀ ਖੋਜ ਕੌਂਸਲ ਸਾਰੇ ਰਾਜਾਂ ਦੀਆਂ ਐਗਰੀਕਲਚਰਲ ਯੂਨੀਵਰਸਿਟੀਆਂ/ਸੰਸਥਾਵਾਂ ਵਿੱਚ ਹੋ ਰਹੇ ਵਿੱਦਿਅਕ, ਖੋਜ ਅਤੇ ਪਸਾਰ ਕਾਰਜਾਂ ਨੂੰ ਅਧਾਰ ਬਣਾ ਕੇ ਸਰਵੋਤਮ ਅਦਾਰੇ ਨੂੰ ਸਰਦਾਰ ਪਟੇਲ ਸਰਵੋਤਮ ਸੰਸਥਾਨ ਪੁਰਸਕਾਰ ਨਾਲ ਨਿਵਾਜ਼ਦੀ ਹੈ। ਇਹ ਪੁਰਸਕਾਰ ਖੇਤੀ ਨਾਲ ਸੰਬੰਧਤ ਰਾਜਾਂ ਦੀਆਂ ਯੂਨੀਵਰਸਿਟੀਆਂ ਲਈ ਵਿਸ਼ੇਸ਼ ਵੱਕਾਰ ਵਾਲਾ ਹੈ। ਭਾਰਤੀ ਖੇਤੀ ਖੋਜ ਕੌਂਸਲ ਦਾ ਇਹ ਐਵਾਰਡ ਯੂਨੀਵਰਸਿਟੀ ਨੂੰ ਮਿਲਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਰਾਸ਼ਟਰੀ ਪੱਧਰ ਤੇ ਭਾਰਤ ਦੇ ਸਿਖਰਲੇ ਖੇਤੀ ਸੰਸਥਾਨਾਂ ਵਿੱਚੋਂ ਇੱਕ ਹੈ।
ਇੱਥੇ ਜ਼ਿਕਰਯੋਗ ਹੈ ਕਿ ਭਾਰਤੀ ਖੇਤੀ ਖੋਜ ਕੌਂਸਲ ਦਾ ਇਹ ਐਵਾਰਡ 1995 ਵਿੱਚ ਸ਼ੁਰੂ ਹੋਇਆ ਸੀ ਅਤੇ ਪਹਿਲਾ ਐਵਾਰਡ ਹਾਸਲ ਕਰਨ ਵਾਲੀ ਯੂਨੀਵਰਸਿਟੀ ਪੀਏਯੂ ਹੀ ਸੀ । ਉਸ ਤੋਂ ਬਾਅਦ 2016 ਵਿੱਚ ਵੀ ਪੀਏਯੂ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦਾ ਐਵਾਰਡ ਮਿਲਿਆ ਸੀ । 2017 ਵਿੱਚ ਪੀਏਯੂ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਅਧਿਆਪਨ, ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਲਈ ਪੰਜਾਬ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਗਿਆ ਸੀ । 2017 ਵਿੱਚ ਹੀ ਤਾਇਵਾਨ ਯੂਨੀਵਰਸਿਟੀ ਵੱਲੋਂ ਦੁਨੀਆਂ ਦੀਆਂ 300 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਪੀਏਯੂ ਨੂੰ ਦੇਸ਼ ਦੀਆਂ ਸਰਵੋਤਮ ਦੋ ਖੇਤੀਬਾੜੀ ਸੰਸਥਾਵਾਂ ਵਿੱਚੋਂ ਇੱਕ ਮੰਨਿਆ ਗਿਆ ਸੀ । ਇਸ ਤੋਂ ਬਿਨਾਂ 2017 ਵਿੱਚ ਹੀ ਭਾਰਤੀ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ ਸੁਸਾਇਟੀ ਨੇ ਦੇਸ਼ ਭਰ ਦੀਆਂ ਖੇਤੀ ਸੰਸਥਾਵਾਂ ਵਿੱਚੋਂ ਪੀਏਯੂ ਨੂੰ ਫ਼ਸਲਾਂ ਦੀਆਂ ਉਤਮ ਕਿਸਮਾਂ ਵਿਕਸਿਤ ਕਰਨ ਲਈ ਸਨਮਾਨਿਤ ਕੀਤਾ ਸੀ ।
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਐਵਾਰਡ ਨੂੰ ਯੂਨੀਵਰਸਿਟੀ ਦੇ ਸਮੁੱਚੇ ਸਟਾਫ ਦੇ ਸਾਂਝੇ ਯਤਨਾਂ ਦਾ ਸਿੱਟਾ ਦੱਸਿਆ । ਉਨਾਂ ਯੂਨੀਵਰਸਿਟੀ ਦੇ ਸਾਰੇ ਅਧਿਕਾਰੀਆਂ, ਡੀਨਾਂ, ਡਾਇਰੈਕਟਰਾਂ ਅਤੇ ਵਿਭਾਗਾਂ ਦੇ ਮੁਖੀਆਂ ਦੇ ਨਾਲ-ਨਾਲ ਸਾਰੇ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਇਸੇ ਦ੍ਰਿੜਤਾ ਨਾਲ ਭਵਿੱਖ ਵਿੱਚ ਕਾਰਜਸ਼ੀਲ ਰਹਿਣ ਦਾ ਸੱਦਾ ਦਿੱਤਾ।

21890cookie-checkਆਈਸੀਏਆਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਰਦਾਰ ਪਟੇਲ ਐਵਾਰਡ ਦੇਣ ਦਾ ਐਲਾਨ

Leave a Reply

Your email address will not be published. Required fields are marked *

error: Content is protected !!