![]()

ਪ੍ਰਬੰਧਕਾਂ ਅਤੇ ਸਬੰਧਿਤ ਅਧਿਕਾਰੀਆਂ ‘ਤੇ ਮੁਕੱਦਮਾ ਦਰਜ ਕਰੋ : ਸ਼ਾਹੀ ਇਮਾਮ
ਲੁਧਿਆਣਾ, 20 ਅਕਤੂਬਰ ( ਸਤ ਪਾਲ ਸੋਨੀ ) : ਬੀਤੀ ਸ਼ਾਮ ਦੁਸ਼ਹਿਰੇ ਦੇ ਮੌਕੇ ‘ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ‘ਚ ਹੋਏ ਦਰਦਨਾਕ ਰੇਲ ਹਾਦਸੇ ਤੋਂ ਪੰਜਾਬ ਦੇ ਸਾਰੇ ਲੋਕ ਦੁਖੀ ਹਨ ਤੇ ਇਸ ਦੁੱਖ ਦੀ ਘੜੀ ‘ਚ ਅਸੀ ਉਨਾਂ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜੱਖਮੀਆਂ ਦੇ ਨਾਲ ਹਾਂ ਜਿਹੜੇ ਇਸ ਘੜੀ ਆਪਣੇਆਂ ਤੋਂ ਵਿਛੜ ਚੁੱਕੇ ਹਨ। ਇਹ ਗੱਲ ਅੱਜ ਇੱਥੇ ਜਾਮਾ ਮਸਜਿਦ ‘ਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਕਹੀ । ਵਰਣਨਯੋਗ ਹੈ ਕਿ ਅੱਜ ਜਾਮਾ ਮਸਜਿਦ ‘ਚ ਜਖ਼ਮੀਆਂ ਦੀ ਤੰਦਰੁਸਤੀ ਲਈ ਦੁਆ ਵੀ ਕਰਵਾਈ ਗਈ । ਸ਼ਾਹੀ ਇਮਾਮ ਨੇ ਕਿਹਾ ਕਿ ਇਹ ਹਾਦਸਾ ਬਹੁਤ ਹੀ ਦੁੱਖਦਾਈ ਹੈ, ਇਸਨੂੰ ਰੋਕਿਆ ਜਾ ਸਕਦਾ ਸੀ। ਇਹ ਸਰਾਸਰ ਪ੍ਰਬੰਧਕਾਂ ਅਤੇ ਸਬੰਧਿਤ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਹੋਇਆ, ਜਿਨਾਂ ਨੇ ਪ੍ਰਬੰਧ ਤੋਂ ਪਹਿਲਾਂ ਸੁਰੱਖਿਆ ਦੇ ਮਾਪਦੰਡਾਂ ਨੂੰ ਨਹੀਂ ਮੰਨਿਆ । ਸ਼ਾਹੀ ਇਮਾਮ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਬੰਧਕਾਂ ਅਤੇ ਜ਼ਿੰਮੇਦਾਰ ਅਧਿਕਾਰੀਆਂ ‘ਤੇ ਮੁਕੱਦਮਾ ਦਰਜ ਕਰਕੇ ਉਨਾਂ ਨੂੰ ਜੇਲ ਭੇਜੇ ਜਿਨਾਂ ਦੀ ਵਜਾ ਨਾਲ ਕਿੰਨੇ ਹੀ ਪਰਿਵਾਰ ਹਮੇਸ਼ਾ ਲਈ ਖਤਮ ਹੋ ਗਏ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ 5 ਲੱਖ ਦੀ ਸਹਾਇਤਾ ਰਾਸ਼ੀ ਬਹੁਤ ਘੱਟ ਹੈ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 50 – 50 ਲੱਖ ਦੀ ਸਹਾਇਤਾ ਰਾਸ਼ੀ ਅਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ । ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਪ੍ਰਸ਼ਾਸਨ ਦੇ ਨਾਲ – ਨਾਲ ਰੇਲ ਮੰਤਰਾਲਯ ਵੀ ਪੂਰੀ ਤਰਾਂ ਇਸਦਾ ਜ਼ਿੰਮੇਦਾਰ ਹੈ, ਨੈਤਿਕਤਾ ਦੇ ਆਧਾਰ ‘ਤੇ ਰੇਲ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।