ਅਧਿਆਪਕਾਂ ਨੂੰ ਆਨਲਾਈਨ ਹੀ ਮਿਲਿਆ ਕਰੇਗੀ ਛੁੱਟੀਆਂ ਦੀ ਪ੍ਰਵਾਨਗੀ-ਸਿੱਖਿਆ ਮੰਤਰੀ

Loading

ਅਧਿਆਪਕਾਂ ਦੀ ਤਰੱਕੀ ਨਹੀਂ ਰੁਕੇਗੀ, ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ ਹਰ ਛੇ ਮਹੀਨੇ ਬਾਅਦ

ਕੋਹਾਡ਼ਾ (ਲੁਧਿਆਣਾ), 9 ਸਤੰਬਰ ( ਸਤ ਪਾਲ ਸੋਨੀ ) :  ਪੰਜਾਬ ਦੀ ਸਿੱਖਿਆ ਅਤੇ ਉਚੇਰੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਇਸ ਵਰਗ ਦੀਆਂ ਵਿਭਾਗ ਨਾਲ ਸੰਬੰਧਤ ਸਾਰੀਆਂ ਮੁਸ਼ਕਿਲਾਂ ਨੂੰ ਸੌਖਾ ਕੀਤਾ ਜਾਵੇ। ਇਸੇ ਕਰਕੇ ਹੀ ਫੈਸਲਾ ਕੀਤਾ ਗਿਆ ਹੈ ਕਿ ਅਧਿਆਪਕਾਂ ਨੂੰ ਕਿਸੇ ਵੀ ਤਰਾਂ ਦੀ ਛੁੱਟੀ ਲੈਣ ਲਈ ਵੱਖ-ਵੱਖ ਪੱਧਰਾਂ ‘ਤੇ ਧੱਕੇ ਨਹੀਂ ਖਾਣੇ ਪੈਣਗੇ। ਇਸ ਲਈ ਬਕਾਇਦਾ ਆਨਲਾਈਨ ਪੋਰਟਲ ਤਿਆਰ ਕੀਤਾ ਜਾਵੇਗਾ, ਜਿਸ ‘ਤੇ ਛੁੱਟੀ ਅਪਲਾਈ ਹੋਵੇਗੀ ਅਤੇ ਪ੍ਰਵਾਨ ਹੋਵੇਗੀ।
ਅੱਜ ਇਥੇ ਮਾਸਟਰ ਕੇਡਰ ਯੂਨੀਅਨ (ਜ਼ਿਲਾ  ਲੁਧਿਆਣਾ) ਵੱਲੋਂ ਰੱਖੇ ਜ਼ਿਲਾ  ਪੱਧਰੀ ਸਨਮਾਨ ਸਮਾਰੋਹ ਮੌਕੇ ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਸੂਬੇ ਦੇ ਅਧਿਆਪਕ ਵਰਗ ‘ਤੇ ਜਿੱਥੇ ਵਿਦਿਆਰਥੀਆਂ ਦੀ ਪਡ਼ਾਈ ਦੀ ਵੱਡੀ ਜਿੰਮੇਵਾਰੀ ਹੈ, ਉਥੇ ਉਨਾਂ ਨੂੰ ਆਪਣੀ ਲੋਡ਼ ਮੁਤਾਬਿਕ ਛੁੱਟੀ ਲੈਣ ਲਈ ਵੀ ਕਈ ਪੱਧਰਾਂ ‘ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਮੁਸੀਬਤ ਨੂੰ ਘੱਟ ਕਰਨ ਲਈ ਵਿਭਾਗ ਨੇ ਆਨਲਾਈਨ ਪੋਰਟਲ ਬਣਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਅਧਿਆਪਕ ਆਪਣੇ ਘਰ ਬੈਠਾ ਹੀ ਛੁੱਟੀ ਲਈ ਅਪਲਾਈ ਕਰ ਸਕੇ ਅਤੇ ਉਸਨੂੰ ਪ੍ਰਵਾਨਗੀ ਲਈ ਵੱਖ-ਵੱਖ ਪੱਧਰਾਂ ‘ਤੇ ਨਾ ਜਾਣਾ ਪਵੇ। ਛੁੱਟੀ ਭਾਵੇਂ ਕਿਸੇ ਵੀ ਕਿਸਮ ਦੀ ਹੋਵੇ, ਉਸਦੀ ਆਨਲਾਈਨ ਹੀ ਪ੍ਰਵਾਨਗੀ ਮਿਲ ਜਾਇਆ ਕਰੇਗੀ।
ਉਨਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ‘ਤੇ ਵਿਭਾਗ ਨੇ ਅਧਿਆਪਕਾਂ ਦੀਆਂ ਤਰੱਕੀਆਂ ਦਾ ਰਾਹ ਖੋਲ ਦਿੱਤਾ ਹੈ। ਪਿਛਲੇ ਸਮੇਂ ਦੌਰਾਨ ਜਿੱਥੇ ਲੰਮੇ ਸਮੇਂ ਤੋਂ ਰੁਕੀਆਂ ਤਰੱਕੀਆਂ ਕੀਤੀਆਂ ਗਈਆਂ ਹਨ, ਉਥੇ ਨਾਲ ਹੀ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਵਿਭਾਗੀ ਤਰੱਕੀ ਕਮੇਟੀ (ਡੀ. ਪੀ. ਸੀ.) ਦੀ ਹਰ ਛੇ ਮਹੀਨੇ ਬਾਅਦ ਮੀਟਿੰਗ ਹੋਇਆ ਕਰੇ ਤਾਂ ਜੋ ਕਿਸੇ ਵੀ ਅਧਿਆਪਕ ਦੀ ਤਰੱਕੀ ਨਾ ਰੁਕੇ। ਉਨਾਂ ਕਿਹਾ ਕਿ ਅਧਿਆਪਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ 4-9-14 ਨਿਯਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਜਿਹਡ਼ੇ ਅਧਿਆਪਕਾਂ ਦਾ ਪਰਖ਼ ਕਾਲ ਪੂਰਾ ਹੋ ਜਾਂਦਾ ਹੈ ਉਸ ਦੇ ਪਰਖ਼ ਕਾਲ ਨੂੰ ਪੂਰਾ ਕਰਨ ਸੰਬੰਧੀ ਤਸਦੀਕ ਦਾ ਅਧਿਕਾਰ ਹੁਣ ਸਕੂਲ ਮੁਖੀ ਨੂੰ ਹੀ ਦੇ ਦਿੱਤਾ ਗਿਆ ਹੈ, ਤਾਂ ਜੋ ਅਧਿਆਪਕਾਂ ਨੂੰ ਇਸ ਲਈ ਵੀ ਮੁੱਖ ਦਫ਼ਤਰ ਵਿੱਚ ਵਾਰ-ਵਾਰ ਗੇਡ਼•ੇ ਨਾ ਮਾਰਨੇ ਪੈਣ।
ਸ੍ਰੀਮਤੀ ਚੌਧਰੀ ਨੇ ਅਧਿਆਪਕਾਂ ਨੂੰ ਦੇਸ਼ ਦੇ ਨਿਰਮਾਤਾ ਅਤੇ ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਕਿੱਤੇ ਦਾ ਪੂਰਨ ਤੌਰ ‘ਤੇ ਸਨਮਾਨ ਕਰਦੀ ਹੈ। ਉਨਾਂ ਅਧਿਆਪਕ ਵਰਗ ਨੂੰ ਸੱਦਾ ਦਿੱਤਾ ਕਿ ਉਹ ਵਧੀਆ ਨਤੀਜੇ ਦੇਣ ਦੇ ਨਾਲ-ਨਾਲ ਵਿਦਿਆਰਥੀ ਦੀ ਸਖ਼ਸ਼ੀਅਤ ਉਸਾਰੀ ਦਾ ਕੰਮ ਤਨਦੇਹੀ ਨਾਲ ਕਰਨ, ਇਸ ਦੇ ਇਵਜ਼ ਵਜੋਂ ਪੰਜਾਬ ਸਰਕਾਰ ਉਨਾਂ ਨੂੰ ਬਣਦਾ ਮਾਣ ਅਤੇ ਸਤਿਕਾਰ ਦੇਣ ਵਿੱਚ ਕੋਈ ਢਿੱਲ ਨਹੀਂ ਦਿਖਾਵੇਗੀ। ਉਨਾਂ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਵਿੱਚ ਸਾਰਾ ਕੰਮ ਪਾਰਦਰਸ਼ਤਾ ਨਾਲ ਚੱਲ ਰਿਹਾ ਹੈ ਅਤੇ ਵਿਭਾਗ ਨੂੰ ਬਹੁਤ ਹੀ ਵਧੀਆ ਅਧਿਕਾਰੀਆਂ ਦੀ ਟੀਮ ਚਲਾ ਰਹੀ ਹੈ। ਵਿਭਾਗ ਨੂੰ ਹੋਰ ਬੇਹਤਰ ਕਰਨ ਲਈ ਉਨਨਾਂ ਅਧਿਆਪਕਾਂ ਤੋਂ ਸੁਝਾਅ ਵੀ ਮੰਗੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ, ਸਿਹਤ, ਬੁਨਿਆਦੀ ਸਹੂਲਤਾਂ ਅਤੇ ਸੱਭਿਆਚਾਰ ਦੀ ਸੰਭਾਲ ਲਈ ਬਹੁਤ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਪੰਜਾਬ ਦੇ ਲੋਕ ਹਮੇਸ਼ਾਂ ਪੰਜਾਬ ਸਰਕਾਰ ਦੇ ਰਿਣੀ ਰਹਿਣਗੇ। ਉਨਾਂ ਇਸ ਮੌਕੇ ਹਲਕਾ ਸਾਹਨੇਵਾਲ ਦੀਆਂ ਲੋਡ਼ਾਂ ਅਤੇ ਸਿੱਖਿਆ ਸੁਧਾਰ ਨਾਲ ਸੰਬੰਧਤ ਕਈ ਮਸਲੇ ਕੈਬਨਿਟ ਮੰਤਰੀ ਨਾਲ ਸਾਂਝੇ ਕੀਤੇ। ਇਸ ਮੌਕੇ ਉੱਤਮ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ, ਉੱਪ ਜ਼ਿਲਾ  ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ, ਯੂਨੀਅਨ ਦੇ ਸੂਬਾ ਵਿੱਤ ਸਕੱਤਰ ਸ੍ਰ. ਜਗਜੀਤ ਸਿੰਘ, ਜ਼ਿਲਾ ਪ੍ਰਧਾਨ ਸ੍ਰ. ਧਰਮਜੀਤ ਸਿੰਘ ਢਿੱਲੋਂ, ਮਾਸਟਰ ਜਸਵਿੰਦਰ ਸਿੰਘ ਜੱਸੀ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

3540cookie-checkਅਧਿਆਪਕਾਂ ਨੂੰ ਆਨਲਾਈਨ ਹੀ ਮਿਲਿਆ ਕਰੇਗੀ ਛੁੱਟੀਆਂ ਦੀ ਪ੍ਰਵਾਨਗੀ-ਸਿੱਖਿਆ ਮੰਤਰੀ

Leave a Reply

Your email address will not be published. Required fields are marked *

error: Content is protected !!