November 25, 2024

Loading

 ਚੜ੍ਹਤ ਪੰਜਾਬ ਦੀ
ਲੁਧਿਆਣਾ 4 ਦਸੰਬਰ,(ਸਤ ਪਾਲ ਸੋਨੀ /ਰਵੀ ਵਰਮਾ) -ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ)ਵੱਲੋਂ ਪ੍ਰਕਾਸ਼ਿਤ ਤੇ ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਦੀਆਂ ਰੁਬਾਈਆਂ ਤੇ ਆਧਾਰਿਤ ਸਚਿੱਤਰ ਕੌਫੀ ਟੇਬਲ ਕਾਵਿ ਪੁਸਤਕ ਪੱਤੇ ਪੱਤੇ ਲਿਖੀ ਇਬਾਰਤ ਬੀਤੀ ਸ਼ਾਮ ਮਾਤਾ ਗੁਜਰੀ ਕਾਲਿਜ ਫ਼ਤਹਿਗੜ੍ਹ ਸਾਹਿਬ ਵਿਖੇ ਪ੍ਰਿੰਸੀਪਲ ਡਾਃ ਕਸ਼ਮੀਰ ਸਿੰਘ ਦੇ ਵਿਸ਼ੇਸ਼ ਉਤਸ਼ਾਹ ਸਦਕਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾਃ ਜਸਪਾਲ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ, ਗਲੋਬਲ ਪੰਜਾਬ ਟੀ ਵੀ ਅਮਰੀਕਾ ਦੇ ਮਾਲਕ ਸਃ ਹਰਭਜਨ ਸਿੰਘ,ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸਃ ਬੀਰਦੇਵਿੰਦਰ ਸਿੰਘ, ਗੁਰਦੁਆਰਾ ਜਯੋਤੀ ਸਰੂਪ ਦੇ ਮੁੱਖ ਸੇਵਾਦਾਰ ਗਿਆਨੀ ਹਰਪਾਲ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਵਿਦਿਅਕ ਮਾਮਲੇ ਡਾਃ ਗੁਰਨਾਮ ਸਿੰਘ ਪੰਜਾਬ ਰਾਜ ਬਿਜਲੀ ਨਿਗਮ ਦੇ ਸੇਵਾ ਮੁਕਤ ਚੀਫ਼ ਇੰਜਨੀਅਰ ਪਰਮਜੀਤ ਸਿੰਘ ਧਾਲੀਵਾਲ ਤੇ ਪੁਸਤਕ ਦੇ ਲੇਖਕਾਂ ਨੇ ਸੰਗਤ ਅਰਪਨ ਕੀਤੀ।
ਇਸ ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਡਾਃ ਗੁਰਨਾਮ ਸਿੰਘ ਨੇ ਕਿਹਾ ਕਿ ਇਹ ਪੁਸਤਕ ਕੁਦਰਤ ਵਿੱਚੋਂ ਸਿਰਫ਼ ਪੱਤਿਆਂ ਦੀ ਤਸਵੀਰਕਸ਼ੀ ਤੇ ਆਧਾਰਿਤ ਕਾਵਿ ਪੁਸਤਕ ਨਹੀਂ ਸਗੋਂ ਵਿਸਮਾਦ ਵਿੱਚ ਡੁੱਬਣ ਵਾਲੀ ਰਚਨਾ ਹੈ। ਇਹ ਰੁਬਾਈਆਂ ਸਾਨੂੰ ਬੁੱਧੀ ਮੰਡਲ ਦੀ ਕੈਦ ਚੋਂ ਕੱਢ ਕੇ ਵਲਵਲੇ ਦੇ ਦੇਸ਼ ਲੈ ਜਾਂਦੀਆਂ ਹਨ।ਡਾਃ ਜਸਪਾਲ ਸਿੰਘ ਨੇ ਕਿਹਾ ਕਿ ਪੱਤਿਆਂ ਉੱਪਰ ਲਿਖੀ ਇਬਾਰਤ ਪੜ੍ਹਨ ਦੇ ਬਹਾਨੇ ਗੁਰਭਜਨ ਸਿੰਘ ਗਿੱਲ ਅਤੇ ਤੇਜ ਪ੍ਰਤਾਪ ਸਿੰਘ ਸੰਧੂ ਨੇ ਆਪਣੇ ਨਵੇਂ ਰੂਪ ਸਰੂਪ ਦੇ ਰੂ ਬ ਰੂ ਕੀਤਾ ਹੈ। ਇਹ ਰੁਬਾਈਆਂ ਸਾਨੂੰ ਭਾਈ ਵੀਰ ਸਿੰਘ ਜੀ ਦੀ ਪਰੰਪਰਾ ਦੇ ਅਨੁਕੂਲ ਭਾਸਦੀਆਂ ਹਨ।
ਡਾਃ ਸ ਪ ਸਿੰਘ ਨੇ ਕਿਹਾ ਕਿ ਮੇਰੇ ਵਾਸਤੇ ਮਾਣ ਦੀ ਗੱਲ ਹੈ ਕਿ ਮੇਰੇ ਵਿਦਿਆਰਥੀ ਗੁਰਭਜਨ ਸਿੰਘ ਗਿੱਲ ਨੇ ਪੰਜਾਹ ਸਾਲ ਪਹਿਲਾਂ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ‘ਚ ਮੇਰੇ ਕੋਲ ਦਾਖਲਾ ਲਿਆ ਸੀ ਅਤੇ ਹੁਣ ਉਸ ਦੀ ਸੋਲਵੀਂ ਕਿਤਾਬ ਲੋਕ ਅਰਪਨ ਮੌਕੇ ਮੈ ਹਾਜ਼ਰ ਹਾਂ।ਸਃ ਬੀਰਦੇਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸ਼ਖਸ਼ੀਅਤਾਂ ਨੇ ਇਸ ਮੌਕੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।
ਧੰਨਵਾਦ ਕਰਦਿਆਂ ਪੁਸਤਕ ਦੇ ਲੇਖਕ ਗੁਰਭਜਨ ਸਿੰਘ ਗਿੱਲ ਤੇ ਫੋਟੋ ਕਲਾਕਾਰ ਤੇਜ ਪਰਤਾਪ ਸਿੰਘ ਸੰਧੂ ਨੇ ਕਿਹਾ ਕਿ ਇਹ ਪੁਸਤਕ ਕਰੋਨਾ ਕਾਲ ਦੌਰਾਨ ਛਪੀ ਹੋਣ ਕਾਰਨ ਇਸ ਬਾਰੇ ਰਸਮੀ ਸੰਗਤ ਅਰਪਨ ਸਮਾਗਮ ਨਹੀਂ ਸੀ ਰਚਾਇਆ ਗਿਆ ਪਰ ਅੱਜ ਅਚਨਚੇਤ ਏਨੀਆਂ ਮਹਾਨ ਸ਼ਖਸ਼ੀਅਤਾਂ ਵੱਲੋਂ ਪੁਸਤਕ ਨੂੰ ਆਦਰ ਮਿਲਣਾ ਸਾਡੇ ਲਈ ਰਹਿਮਤ ਵਾਂਗ ਹੈ। ਇਸ ਪੁਸਤਕ ਚ 103 ਤਸਵੀਰਾਂ ਤੇ ਏਨੀਆਂ ਹੀ ਰੁਬਾਈਆਂ ਹਨ ਜੋ ਬਲਿਹਾਰੀ ਕੁਦਰਤਿ ਵਸਿਆ ਦੇ ਸੰਦੇਸ਼ ਨੂੰ ਹੀ ਅੱਗੇ ਪਸਾਰਦੀਆਂ ਹਨ। ਇੱਕ ਵਿਸ਼ੇ ਤੇ ਏਨੀਆਂ ਰੁਬਾਈਆਂ ਲਿਖਣ ਤੋਂ ਬਾਦ ਸਾਨੂੰ ਮਹਿਸੂਸ ਹੋਇਆ ਕਿ ਕੁਦਰਤਿ ਸੱਚ ਮੁੱਚ ਮਹਾਨ ਹੈ ਜੋ ਸਾਡੇ ਵਰਗੇ ਕੋਰੇ ਵਰਕਿਆਂ ਤੇ ਇਬਾਰਤ ਲਿਖਦੀ ਹੈ। ਇਹ ਪੁਸਤਕ ਪਰਿੰਟਵੈੱਲ ਅੰਮ੍ਰਿਤਸਰ ਤੋਂ ਛਪੀ ਹੈ ਅਤੇ ਸਿੰਘ ਬਰਦਰਜ਼ ਅੰਮ੍ਰਿਤਸਰ ਨੇ ਵਿਤਰਣ ਕੀਤਾ ਹੈ। ਇਸ ਦੇ ਪ੍ਰਕਾਸ਼ਨ ਲਈ ਸਃ ਕਰਨਜੀਤ ਸਿੰਘ ਗਰੇਵਾਲ ਤੇ ਸਃ ਭੁਪਿੰਦਰ ਸਿੰਘ ਮੱਲ੍ਹੀ ਸਰੀ (ਕੈਨੇਡਾ) ਤੇ ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਹੇਅਰ ਦਾ ਸਹਿਯੋਗ ਮੁੱਲਵਾਨ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਅਕ ਮਾਮਲੇ ਡਾਃ ਅੰਮ੍ਰਿਤਪਾਲ ਕੌਰ, ਡਾਃ ਧਨਵੰਤ ਕੌਰ, ਡਾਃ ਜਸਵਿੰਦਰ ਸਿੰਘ, ਡਾਃ ਬਚਿੱਤਰ ਸਿੰਘ, ਡਾਃ.ਦੀਪ ਇੰਦਰ ਸਿੰਘ,ਡਾਃ ਅਸ਼ੋਕ ਖੁਰਾਣਾ ਜਲੰਧਰ, ਜਗਜੀਤ ਸਿੰਘ ਪੰਜੌਲੀ, ਗੁਰਪਰਤਾਪ ਸਿੰਘ ਗਲੋਬਲ ਟੀ ਵੀ, ਪ੍ਰਿੰਸੀਪਲ ਕਮਲਗੀਤ ਕੌਰ ਤੇ ਸਃ ਜਸਬੀਰ ਸਿੰਘ ਜਵੱਦੀ ਹਾਜ਼ਰ ਸਨ।

 

93390cookie-checkਪੱਤੇ ਪੱਤੇ ਲਿਖੀ ਇਬਾਰਤ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਹੋਰ ਵਿਦਵਾਨਾਂ ਵੱਲੋਂ ਸੰਗਤ ਅਰਪਨ
error: Content is protected !!