ਚੜ੍ਹਤ ਪੰਜਾਬ ਦੀ,
ਲੁਧਿਆਣਾ, (ਰਵੀ ਵਰਮਾ) – ਕਿਸੇ ਵਿਚਾਰ ‘ਤੇ ਵਿਚਾਰ ਕਰਨਾ, ਸ਼ਬਦਾਂ ਦਾ ਧਾਗਾ ਬਣਾਉਣਾ ਅਤੇ ਫਿਰ ਇਸ ਨੂੰ ਕਾਗਜ਼ ਉਤੇ ਉਲੀਕਣਾ ਉਹ ਸਭ ਕੁਝ ਹੈ ਜੋ ਕਿ ਅੱਜ ਦੀ ਮਹਾਮਾਰੀ ਦੇ ਦੌਰਾਨ ਕਿਸੇ ਨੂੰ ਕਿਤੇ ਵੀ ਅਤੇ ਕਿਸੇ ਵੀ ਸਮੇਂ ਦੁਨੀਆਂ ਦੇ ਨਾਲ ਜੋੜ ਸਕਦਾ ਹੈ, ਇਹ ਸ਼ਬਦ ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ, ਲੁਧਿਆਣਾ ਵੱਲੋਂ ਕਹੇ ਗਏ।ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਹਮੇਸ਼ਾ ਤੋਂ ਹੀ ਨੌਜਵਾਨ ਅਤੇ ਉਭਰ ਰਹੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਪ੍ਰੇਰਿਤ ਕਰਨ ਲਈ ਤਿਆਰ ਰਹਿੰਦਾ ਹੈ।
ਅੱਜ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਦੇ ਅਧੀਨ ਅੰਗਰੇਜ਼ੀ ਦੇ ਪੋਸਟ ਗ੍ਰੈਜੂਏਟ ਵਿਭਾਗ ਨੇ ਸੁਖਮਨੀ ਬਰਾੜ, ਪ੍ਰਤਿਭਾ ਸ਼ਰਮਾ, ਬਰੂਨੀ ਅਰੋੜਾ, ਸਹਿਜਲ ਸ਼ਰਮਾ ਅਤੇ ਓਸ਼ੀਨ ਸੰਘਾ ਨੌਜਵਾਨ ਪ੍ਰਤਿਭਾ ਵਲੋਂ ਲਿਖੀਆਂ ਗਈਆਂ ਪੁਸਤਕਾਂ ‘ਲੋਸਟ ਇਨ ਦਾ ਨਾਈਟ ਸਕਾਈ’, ‘ਸਮਰ ਐਨੀਗਮਾ’, ‘ਯੂਅਰ ਸੋਲਮੇਟ ਇਜ਼ ਯੂ’ ਅਤੇ ‘ਜਸਟ ਕੀਪ ਗੋਇੰਗ’ ਲਈ ਯੁਵਾ ਲੇਖਕਾਂ ਨੂੰ ਸਨਮਾਨਿਤ ਕੀਤਾ।
ਸਮਾਗਮ ਦੀ ਸ਼ੁਰੂਆਤ ਡਾ:ਸੁਸ਼ਮਿੰਦਰਜੀਤ ਕੌਰ, ਮੁੱਖੀ ਅੰਗਰੇਜ਼ੀ ਵਿਭਾਗ ਵਲੋਂ ਮੌਕੇ ਦਾ ਉਦੇਸ਼ ਦੱਸ ਕੇ ਅਤੇ ਕਿਤਾਬਾਂ ਨਾਲ ਜਾਣੂ ਕਰਵਾ ਕੇ ਕੀਤੀ ਗਈ। ਡਾ. ਸ.ਪ. ਸਿੰਘ, ਮਾਣਯੋਗ ਪ੍ਰਧਾਨ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਖ਼ੁਸ਼ੀ ਮਹਿਸੂਸ ਕਰਦੇ ਹਨ ਕਿ ਅਜੌਕੀ ਨੌਜਵਾਨ ਪੀੜ੍ਹੀ ਤਕਨੀਕੀ ਸੁਵਿਧਾਵਾਂ ਦੇ ਨਾਲ-ਨਾਲ ਰਚਨਾਤਮਕ ਸਾਹਿਤ ਸਿਰਜਣ ਵਿਚ ਨਿਪੁੰਨ ਹਨ। ਉਨ੍ਹਾਂ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।ਡਾ.ਹਰਿਗੁਣਜੋਤ ਕੌਰ, ਐਸੋਸੀਏਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ, ਸਮਾਗਮ ਦੇ ਪਹਿਲੇ ਬੁਲਾਰੇ ਨੇ ਕਿਤਾਬਾਂ ਦਾ ਨਿਰੀਖਣ ਅਤੇ ਵਿਆਖਿਆ ਕਰਦੇ ਹੋਏ ਕਿਹਾ ਕਿ ਅੱਜ ਦੇ ਨੌਜਵਾਨ ਆਪਣੀਆਂ ਰਚਨਾਵਾਂ ਤੋਂ ਇਹ ਸਿੱਧ ਕਰਦੇ ਹਨ ਕਿ ਉਹ ਪਰਿਪੱਕ ਸੋਚ ਰੱਖਦੇ ਹਨ ਅਤੇ ਦੁਨੀਆਂ ਨੂੰ ਆਪਣੇ ਨਜ਼ਰੀਏ ਨਾਲ ਵੇਖਦੇ ਹਨ। ਪ੍ਰੋ. ਤੇਜਿੰਦਰ ਕੌਰ, ਐਸੋਸੀਏਟ ਪ੍ਰੋਫੈਸਰ ਅਤੇ ਮੁੱਖੀ, ਅੰਗਰੇਜ਼ੀ ਵਿਭਾਗ, ਰਾਮਗੜ੍ਹੀਆ ਕਾਲਜ, ਲੁਧਿਆਣਾ ਨੇ ਕਿਹਾ ਕਿ ਇਹਨਾਂ ਬੱਚਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਹਾਮਾਰੀ ਵਿਅਕਤੀ ਦੇ ਸੋਚਣ ਤੇ ਸਮਝਣ ਦੀ ਸ਼ਕਤੀ ਉੇੱਤੇ ਬੰਦਿਸ਼ ਨਹੀਂ ਲਗਾ ਸਕਦੀ ਜੋ ਕਿ ਇਹਨਾਂ ਨੌਜਵਾਨਾਂ ਦੀਆਂ ਪੁਸਤਕਾਂ ਤੋਂ ਜਾਣਿਆ ਜਾ ਸਕਦਾ ਹੈ। ਉਨ੍ਹਾਂ ਦੀ ਰਚਨਾਤਮਕ ਸਮਰਥਾ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ, ਭੈਣ-ਭਰਾਵਾਂ ਅਤੇ ਦੋਸਤਾਂ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ।
ਇਸ ਕਾਲਜ ਦੇ ਅਲੂਮਨਸ ਪ੍ਰੋ. ਗੁਰਭਜਨ ਗਿੱਲ (ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ) ਨੇ ਪਰਿਵਾਰ, ਘਰ ਅਤੇ ਸਮਾਜ ਵਿਚ ਧੀਆਂ ਦੇ ਯੋਗਦਾਨ ਅਤੇ ਮਹਤੱਤਾ ਉਤੇ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਧੀਆਂ ਹਮੇਸ਼ਾ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੀਆਂ ਹਨ। ਸਮਾਗਮ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਕਿਤਾਬਾਂ ਦੀ ਲੇਖਕਾਵਾਂ ਸਾਡੇ ਵਿਹੜੇ ਵਿਚ ਆਪਣੀ ਰਚਨਾਤਮਕਤਾ ਦੀ ਖੁਸ਼ਬੂ ਅਤੇ ਰੋਸ਼ਨੀ ਫੈਲਾਉਣ ਆਈਆਂ ਹਨ। ਉਨ੍ਹਾਂ ਨੇ ਖ਼ਾਸ ਤੌਰ ਤੇ ਸਮਾਂ ਕੱਢ ਕੇ ਆਏ ਡਿਪਟੀ ਕਮਿਸ਼ਨਰ, ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਤੇ ਆਏ ਹੋਏ ਲੇਖਕ, ਉਨ੍ਹਾਂ ਦੇ ਮਾਣਯੋਗ ਮਾਪਿਆਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।