![]()
ਮਾਲ ਅਧਿਕਾਰੀਆਂ ਨੂੰ ਘਟੇ ਕੁਲੈਕਟਰ ਰੇਟ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਆਖਿਆ-ਡਿਪਟੀ ਕਮਿਸ਼ਨਰ

ਲੁਧਿਆਣਾ, 7 ਸਤੰਬਰ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਮਾਲ ਤੇ ਮੁਡ਼ ਵਸੇਬਾ ਵਿਭਾਗ ਵੱਲੋਂ ਰਾਜ ਵਿੱਚ ਕੁਲੈਕਟਰ ਰੇਟ ਘਟਾ ਦਿੱਤੇ ਗਏ ਹਨ, ਜਿਸ ਤਹਿਤ ਸ਼ਹਿਰੀ ਖੇਤਰਾਂ ਵਿੱਚ 5 ਫ਼ੀਸਦੀ ਅਤੇ ਪੇਂਡੂ ਖੇਤਰਾਂ ਵਿੱਚ 10 ਫ਼ੀਸਦੀ ਤੱਕ ਕੁਲੈਕਟਰ ਰੇਟਾਂ ਵਿੱਚ ਕਟੌਤੀ ਕੀਤੀ ਗਈ ਹੈ। ਜਿਸ ਨਾਲ ਲੋਕਾਂ ਨੂੰ ਭਾਰੀ ਵਿੱਤੀ ਲਾਭ ਮਿਲਣ ਦੇ ਨਾਲ-ਨਾਲ ਸੂਬੇ ਵਿੱਚ ਜਾਇਦਾਦ ਨਾਲ ਸੰਬੰਧਤ ਕਾਰੋਬਾਰ ਵੀ ਵਧੇਗਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਨੁਸਾਰ ਮਾਲ ਤੇ ਮੁਡ਼ ਵਸੇਬਾ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਸ੍ਰੀ ਕਰਨਬੀਰ ਸਿੰਘ ਸਿੱਧੂ ਵੱਲੋਂ ਇਸ ਸਬੰਧ ਵਿੱਚ ਜ਼ਿਲਾ ਕੁਲੈਕਟਰਾਂ ਲਈ ਜਾਰੀ ਹਦਾਇਤਾਂ ਵਿੱਚ ਤੁਰੰਤ ਪ੍ਰਭਾਵ ਤੋਂ ਇਹ ਤਬਦੀਲੀ ਲਾਗੂ ਕਰਨ ਲਈ ਆਖਿਆ ਗਿਆ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਉਕਤ ਹਦਾਇਤਾਂ ਦੇ ਮੱਦੇਨਜ਼ਰ ਜ਼ਿਲੇ ਵਿੱਚ ਸ਼ਹਿਰੀ ਖੇਤਰਾਂ ਦੀ ਜਾਇਦਾਦ ਦੀ ਰਜਿਸਟਰੀ ਮੌਜੂਦਾ ਕੁਲੈਕਟਰ ਰੇਟਾਂ ਨਾਲੋਂ 5 ਫ਼ੀਸਦੀ ਘੱਟ ‘ਤੇ ਅਤੇ ਪੇਂਡੂ ਖੇਤਰਾਂ ਦੀ ਜਾਇਦਾਦ ਦੀ ਰਜਿਸਟਰੀ ਮੌਜੂਦਾ ਕੁਲੈਕਟਰ ਰੇਟਾਂ ਤੋਂ 10 ਫ਼ੀਸਦੀ ਤੱਕ ਘੱਟ ‘ਤੇ ਕਰਨ ਬਾਰੇ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਨੇ ਜ਼ਿਲੇ ਦੇ ਸਮੂਹ ਮਾਲ ਅਫ਼ਸਰਾਂ ਨੂੰ ਘਟੇ ਹੋਏ ਕੁਲੈਕਟਰ ਰੇਟਾਂ ਨੂੰ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਲਈ ਆਖਿਆ ਹੈ। ਇਹ ਘਟੇ ਹੋਏ ਕੁਲੈਕਟਰ ਰੇਟ ਕੇਵਲ ਮੁੱਢਲੀਆਂ ਜ਼ਮੀਨੀ ਕੀਮਤਾਂ ‘ਤੇ ਹੀ ਲਾਗੂ ਹੋਣਗੇ ਨਾ ਕਿ ਸੁਪਰ ਸਟ੍ਰਕਚਰਾਂ ‘ਤੇ।