![]()
ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਅੰਤਰ – ਰਾਸ਼ਟਰੀ ਪੱਧਰ ਤੇ ਪੰਜਾਬੀ ਭਾਸ਼ਾ ਵਿਕਾਸ ਲਈ ਸਾਹਿੱਤਕ ਤੇ ਸੱਭਿਆਚਾਰਕ ਸੱਸਥਾਵਾਂ ਦਾ ਆਪਸੀ ਸਹਿਯੋਗ ਜ਼ਰੂਰੀ- ਪ੍ਹੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 18 ਨਵੰਬਰ- ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਕਾਸ਼ਿਤ ਪੁਸਤਕ ‘ਕਲਮੀ ਰਮਜ਼ਾਂ-4’ ਲੋਕ ਅਰਪਨ ਕੀਤੀ ਗਈ। ਇਹ ਪੁਸਤਕ ਬਲਿਹਾਰ ਸਿੰਘ ਲਹਿਲ (ਸਿਆਟਲ) ਮੰਗਤ ਕੁਲਜਿੰਦ ਤੇ ਪ੍ਰਿਤਪਾਲ ਸਿੰਘ ਟਿਵਾਣਾ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਕੀਤੀ।
ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅੰਤਰ ਰਾਸ਼ਟਰੀ ਸਾਹਿੱਤਕ ਤੇ ਸੱਭਿਆਚਾਰਕ ਸੰਸਥਾਵਾਂ ਦਾ ਆਪਸੀ ਸਹਿਯੋਗ ਬੇਹੱਦ ਜ਼ਰੂਰੀ ਹੈ। ਆਪਸੀ ਆਦਾਨ ਪ੍ਹਦਾਨ ਨਾਲ ਬਹੁਤ ਸਾਰੇ ਪੰਜਾਬੀ ਭਾਸ਼ਾ ਵਿਕਾਸ ਮਸਲੇ ਹੱਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਟਲ(ਅਮਰੀਕਾ) ਨਾਲ ਪੰਜਾਬੀ ਸਾਹਿੱਤ ਦੀ ਬਹੁਤ ਪੁਰਾਣੀ ਸਾਂਝ ਹੈ। ਬਲਵੰਤ ਗਾਰਗੀ ਜੀ ਦੀ ਪਤਨੀ ਜੀਨੀ ਗਾਰਗੀ ਸਿਆਟਲ ਤੋਂ ਹੀ ਸੀ। ਉਨ੍ਹਾਂ ਕਿਹਾ ਕਿ ਕਲਮੀ ਰਮਜ਼ਾਂ-4 ਵਿੱਚ ਸਿਆਟਲ ਦੇ ਹੋਰ ਲੇਖਕ ਵੀ ਸ਼ਾਮਲ ਹੋ ਸਕਦੇ ਸਨ। ਉਨ੍ਹਾਂ ਦੱਸਿਆ ਕਿ ਸਿਆਟਲ ਵੱਸਦੇ ਰਹੇ ਸਵਰਗੀ ਪੰਜਾਬੀ ਕਵੀ ਹਰਭਜਨ ਸਿੰਘ ਬੈਂਸ ਦੀ ਸਮੁੱਚੀ ਕਾਵਿ ਰਚਨਾ”ਤੇਰੇ ਜਾਣ ਮਗਰੋਂ” ਨੂੰ ਉਹ ਭੁਪਿੰਦਰ ਸਿੰਘ ਮੱਲ੍ਹੀ ਤੇ ਪਰਿਵਾਰ ਦੇ ਸਹਿਯੋਗ ਨਾਲ ਸੰਪਾਦਿਤ ਕਰ ਰਹੇ ਹਨ।
ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਤੇ ਮੈਂਬਰ ਲੱਕੀ ਕਮਲ ਵੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਰਵਾਸੀ ਸਾਹਿਤ ਅਧਿਅਨ ਕੇਂਦਰ ਨੇ ਵਿਸ਼ਵ ਭਰ ਵਿੱਚ ਵੱਧਦੇ ਪੰਜਾਬੀ ਲੇਖਕ ਦਿਲਾਂ ਵਿੱਚ ਸਤਿਕਾਰਤ ਯੋਗ ਜਗ੍ਹਾ ਬਣਾਈ ਹੈ। ਪਰਵਾਸੀ ਕੇਂਦਰ ਨਿਰੋਲ ਪਰਵਾਸੀ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ।
ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ. ਲੁਧਿਆਣਾ ਨੇ ਪੁਸਤਕ ਕਲਮੀ ਰਮਜ਼ਾਂ – 4 ਬਾਰੇ ਵਿਚਾਰ ਚਰਚਾ ਕਰਦੇ ਹੋਏ ਦੱਸਿਆ 31 ਲੇਖਕਾਂ ਦੀਆਂ ਰਚਨਾਵਾਂ ਇਸ ਕਿਤਾਬ ਵਿੱਚ ਸ਼ਾਮਲ ਹਨ। ਇਸ ਵਿੱਚ ਕਹਾਣੀਆਂ, ਕਵਿਤਾਵਾਂ ਤੇ ਵੀ ਲੇਖ ਸ਼ਾਮਿਲ ਹਨ। ਸਰੀਰਕ ਤੌਰ ‘ਤੇ ਸਾਡੇ ਤੋਂ ਵਿਛੜ ਪੰਜ ਲੇਖਕ ਸ਼ਾਮਲ ਕਰਕੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਲੇਖਕ ਲਿਖਤਾਂ ਰਾਹੀਂ ਪਾਠਕ ਮਨਾਂ ਵਿੱਚ ਜਿਉਂਦੇ ਹਨ। ਉਹਨਾਂ ਨੇ ਕਿਹਾ ਕਿ ਇਸ ਪੁਸਤਕ ਵਿੱਚ ਬਹੁਤੇ ਲੇਖਕ ਉਹ ਹਨ ਜਿਨਾਂ ਦੀ ਅਜੇ ਆਪਣੀ ਕੋਈ ਮੌਲਿਕ ਪੁਸਤਕ ਪ੍ਰਕਾਸ਼ਿਤ ਨਹੀਂ ਹੋਈ। ਇਹ ਪੁਸਤਕ ਉਨਾਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਦਾ ਵਸੀਲਾ ਸਿੱਧ ਹੋਵੇਗੀ।
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਲੋਚੀ ਨੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ 2009 ਵਿੱਚ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਦਾ ਸਾਡੇ ਕੇਂਦਰ ਨਾਲ ਨਿੱਘਾ ਤੇ ਪਿਆਰਾ ਰਿਸ਼ਤਾ ਕਾਇਮ ਹੈ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਦੀ ਇਹ ਲੋੜ ਹੈ ਕਿ ਪੰਜਾਬ ਤੇ ਵਿਦੇਸ਼ਾਂ ਦੀਆਂ ਸਾਹਿਤ ਸਭਾਵਾਂ ਸੋੜੀ ਸੋਚ ਤੋ ਉੱਪਰ ਉੱਠ ਕੇ ਆਪਸੀ ਤਾਲਮੇਲ ਤੇ ਸਹਿਯੋਗ ਰਾਹੀਂ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੰਮ ਕਰਨ।
ਸਿਆਟਲ ਤੋਂ ਆਏ ਲੇਖਕ ਲੱਕੀ ਕਮਲ (ਨੂਰਪੁਰ ਬੇਟ)ਨੇ ਆਪਣੀਆਂ ਖੂਬਸੂਰਤ ਨਜ਼ਮਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਟਲੀ ਵੱਸਦੇ ਲੇਖਕ ਦਲਜਿੰਦਰ ਰਹਿਲ ਨੇ ਕਿਹਾ ਕਿ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕੀਤੇ ਜਾਂਦੇ ਅਜਿਹੇ ਸਾਹਿਤਕ ਯਤਨ ਵਧਾਈ ਦੇ ਪਾਤਰ ਹਨ ਕਿਉਂਕਿ ਇਹ ਸੰਸਥਾ ਨਿੱਜੀ ਮੁਫਾਦਾਂ ਤੋ ਉੱਪਰ ਉੱਠ ਕੇ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਉਹ ਦਸੰਬਰ ਮਹੀਨੇ ਇਟਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਤਾਲਵੀ ਤੇ ਪੰਜਾਬੀ ਭਾਸ਼ਾ ਵਿੱਚ ਸਾਂਝਾ ਪ੍ਰੋਗਰਾਮ ਵੀ ਕਰਵਾ ਰਹੇ ਹਨ।
ਪੰਜਾਬੀ ਲੇਖਕ ਕਿਰਪਾਲ ਸਿੰਘ ਪੂਨੀ ਕਵੈਂਟਰੀ (ਇੰਗਲੈਂਡ) ਨੇ ਇਸ ਮੌਕੇ ਤੇ ਕਿਹਾ ਕਿ ਉਹ 17 ਸਾਲ ਦੀ ਉਮਰ ਵਿੱਚ ਇੰਗਲੈਂਡ ਚਲੇ ਗਏ ਤੇ ਉੱਥੇ ਉਚੇਰੀ ਸਿੱਖਿਆ ਹਾਸਿਲ ਕੀਤੀ। ਉਨਾਂ ਨੇ 1960 ਤੋਂ ਕਵਿਤਾ ਲਿਖਣੀ ਆਰੰਭ ਕੀਤੀ ਤੇ ਹੁਣ ਤੱਕ ਉਹ ਨਿਰੰਤਰ ਲਿਖ ਰਹੇ ਹਨ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ ਤੇ ਇਸ ਪੁਸਤਕ ਵਿੱਚ ਸ਼ਾਮਿਲ ਲੇਖਕਾਂ ਤੇ ਸੰਪਾਦਕੀ ਮੰਡਲ ਨੂੰ ਸ਼ੁਭ ਇੱਛਾਵਾਂ ਭੇਟ ਕੀਤੀਆਂ।
ਇਸ ਮੌਕੇ ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ, ਮੈਂਬਰ ਕੁਲਜੀਤ ਸਿੰਘ, ਪ੍ਰੋ. ਰਵਿੰਦਰ ਸਿੰਘ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾ. ਗੁਰਇਕਬਾਲ ਸਿੰਘ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ,ਤ੍ਰੈਲੋਚਨ ਲੋਚੀ ਤੇ ਡਾ. ਗੁਰਚਰਨ ਕੌਰ ਕੋਚਰ(ਦੋਵੇਂ ਮੀਤ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ)ਡਾ. ਦਲੀਪ ਸਿੰਘ, ਡਾ. ਅਰਵਿੰਦਰ ਕੌਰ, ਡਾ. ਮਨਦੀਪ ਕੌਰ ਰੰਧਾਵਾ, ਰਾਜਿੰਦਰ ਸਿੰਘ ਸੰਧੂ ਅਤੇ ਕਈ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601
1701300cookie-checkਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ‘ਕਲਮੀ ਰਮਜ਼ਾਂ- 4’ ਲੋਕ ਅਰਪਨ