ਵੈਟਨਰੀ ਯੂਨੀਵਰਸਿਟੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਧਾਇਆ ਮਦਦ ਦਾ ਹੱਥ

Loading

ਚੜ੍ਹਤ ਪੰਜਾਬ ਦੀ

ਲਬੀਸਿੰਘ ਰਾਣਾ

ਲੁਧਿਆਣਾ 03 ਸਤੰਬਰ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਹੜ੍ਹ ਪ੍ਰਭਾਵਿਤ ਪਸ਼ੂਆਂ ਅਤੇ ਲੋਕਾਂ ਲਈ ਮਦਦ ਦਾ ਹੱਥ ਵਧਾਇਆ ਹੈ । ਜ਼ਿਲ੍ਹਾ ਤਰਨ ਤਾਰਨ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਇੱਕ ਪਸ਼ੂ ਭਲਾਈ ਅਤੇ ਸਿਹਤ ਕੈਂਪ ਲਗਾਇਆ ਗਿਆ।

ਇਹ ਕੈਂਪ ਪ੍ਰਭਾਵਿਤ ਪਸ਼ੂਆਂ ਨੂੰ ਤੁਰੰਤ ਵੈਟਨਰੀ ਸਹਾਇਤਾ, ਬਿਮਾਰੀ ਰੋਕਥਾਮ, ਸਿਹਤ ਸੰਭਾਲ ਅਤੇ ਜ਼ਰੂਰੀ ਖੁਰਾਕ  ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਗਾਇਆ ਗਿਆ ਸੀ। ਵੈਟਨਰੀ ਮਾਹਿਰਾਂ ਅਤੇ ਸਿੱਖਿਆਰਥੀ  ਵਿਦਿਆਰਥੀਆਂ ਦੀ ਇੱਕ ਟੀਮ ਨੇ ਕੈਂਪ ਵਿੱਚ ਹਿੱਸਾ ਲਿਆ ਅਤੇ ਕਿਸਾਨਾਂ ਨੂੰ ਆਪਣੀ ਮੁਹਾਰਤ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ। ਮਾਹਿਰਾਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਜਾਨਵਰਾਂ ਨੂੰ ਇਲਾਜ ਅਤੇ ਮੁਫ਼ਤ ਦਵਾਈ ਪ੍ਰਦਾਨ ਕੀਤੀ।

ਸਮਾਜਿਕ ਜ਼ਿੰਮੇਵਾਰੀ ਅਤੇ ਉਦਯੋਗਿਕ ਸਹਾਇਤਾ ਦੇ ਇੱਕ ਸ਼ਲਾਘਾਯੋਗ ਸੰਕੇਤ ਵਜੋਂ ਆਲ ਫੀਡ ਮਿਲਰਜ਼ ਐਸੋਸੀਏਸ਼ਨ, ਪੰਜਾਬ ਨੇ ਇਸ ਕੈਂਪ ਦੌਰਾਨ 75 ਕੁਇੰਟਲ ਪਸ਼ੂ ਚਾਰਾ ਦਾਨ ਕੀਤਾ। ਲਾਲਜੀਤ ਸਿੰਘ ਭੁੱਲਰ, ਜੇਲ੍ਹ, ਆਵਾਜਾਈ ਅਤੇ ਪ੍ਰਾਹੁਣਚਾਰੀ ਦੇ ਕੈਬਨਿਟ ਮੰਤਰੀ ਇਸ ਮੌਕੇ `ਤੇ ਮੌਜੂਦ ਸਨ। ਉਨ੍ਹਾਂ ਫੀਡ ਮਿਲਰਜ਼ ਐਸੋਸੀਏਸ਼ਨ ਪੰਜਾਬ ਅਤੇ ਵੈਟਨਰੀ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ “ਇਸ ਚੁਣੌਤੀ ਭਰਪੂਰ ਸਮੇਂ ਦੌਰਾਨ ਅਜਿਹੇ ਉਪਰਾਲੇ ਭਾਈਚਾਰੇ ਪ੍ਰਤੀ ਸਾਡੀ ਸੱਚੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਇਹ ਸ਼ਲਾਘਾਯੋਗ ਹੈ ਕਿ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਦੇ ਸਟਾਫ ਨੇ ਆਪਣੀਆਂ ਸਰਕਾਰੀ ਜ਼ਿੰਮੇਵਾਰੀਆਂ ਤੋਂ ਅੱਗੇ ਵਧ ਕੇ ਕਿਸਾਨਾਂ ਲਈ ਸਾਈਲੇਜ ਦਾ ਪ੍ਰਬੰਧ ਕਰਨ ਵਿੱਚ ਨਿੱਜੀ ਤੌਰ `ਤੇ ਯੋਗਦਾਨ ਪਾਇਆ। ਉਨ੍ਹਾਂ ਦੀ ਹਮਦਰਦੀ ਅਤੇ ਸਮਰਪਣ ਸਾਡੀ ਯੂਨੀਵਰਸਿਟੀ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ।

ਫੀਡ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ  ਅਸ਼ੋਕ ਕੁਮਾਰ ਦੇ ਨਾਲ ਸਕੱਤਰ  ਜੀ.ਐਸ. ਸੋਢੀ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।  ਅਸ਼ੋਕ ਕੁਮਾਰ ਨੇ ਕਿਹਾ, “ਅਸੀਂ ਹੜ੍ਹਾਂ ਕਾਰਨ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਦੇ ਹਾਂ। ਇਹ ਸਿਰਫ਼ ਸ਼ੁਰੂਆਤ ਹੈ। ਅਸੀਂ ਆਪਣਾ ਸਹਿਯੋਗ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ, ਖਾਸ ਕਰਕੇ ਜਦੋਂ ਪਾਣੀ ਘੱਟ ਜਾਂਦਾ ਹੈ ਅਤੇ ਮੁੜ ਵਸੇਬਾ ਯਤਨ ਸ਼ੁਰੂ ਹੋਣਗੇ।” ਇਹ ਸਮਾਗਮ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਡਾ. ਗਰੇਵਾਲ ਨੇ ਕਿਹਾ ਕਿ ਇਸੇ ਤਰੀਕੇ ਦਾ ਰਾਹਤ ਕੈਂਪ ਲਾਧੂਕੇ ਮੰਡੀ, ਫ਼ਾਜ਼ਿਲਕਾ ਵਿਖੇ 05 ਸਤੰਬਰ ਨੂੰ ਲਗਾਇਆ ਜਾਵੇਗਾ।

ਕੈਂਪ ਦੌਰਾਨ, ਬਿਮਾਰ ਪਸ਼ੂਆਂ ਦਾ ਮੌਕੇ `ਤੇ ਇਲਾਜ, ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ, ਮਲ੍ਹੱਪ ਰਹਿਤ ਕਰਨ, ਦੁਧਾਰੂ ਪਸ਼ੂਆਂ ਲਈ ਪ੍ਰਜਣਨ ਜਾਂਚ, ਸਿਹਤ ਸਲਾਹ-ਮਸ਼ਵਰਾ, ਕਿਸਾਨਾਂ ਨੂੰ ਚਾਰਾ ਅਤੇ ਫੀਡ ਦੀ ਮੁਫਤ ਵੰਡ, ਹੜ੍ਹ ਤੋਂ ਬਾਅਦ ਪਸ਼ੂਆਂ ਦੀ ਦੇਖਭਾਲ, ਬਿਮਾਰੀ ਪ੍ਰਬੰਧਨ ਅਤੇ ਖੁਰਾਕ ਬਾਰੇ ਜਾਗਰੂਕਤਾ ਪ੍ਰਦਾਨ ਕੀਤੀ ਗਈ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿ਼ਰਕਤ ਕੀਤੀ। ਡਾ. ਪੁਨੀਤ ਮਲਹੋਤਰਾ, ਡਾ. ਪ੍ਰਬਜੀਤ ਸਿੰਘ ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ, ਤਰਨ ਤਾਰਨ ਅਤੇ ਪੂਰੀ ਟੀਮ ਨੇ ਇਸ ਸਮਾਗਮ ਦੀ ਸਫਲਤਾ ਲਈ ਸ਼ਲਾਘਾਯੋਗ ਕੰਮ ਕੀਤਾ।

Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601

169670cookie-checkਵੈਟਨਰੀ ਯੂਨੀਵਰਸਿਟੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਵਧਾਇਆ ਮਦਦ ਦਾ ਹੱਥ
error: Content is protected !!