ਚੜ੍ਹਤ ਪੰਜਾਬ ਦੀ
ਲੁਧਿਆਣਾ, 13 ਜਨਵਰੀ,(ਸਤ ਪਾਲ ਸੋਨੀ) : “ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਇਹ ਸਾਡੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਦਰਸਾਉਂਦਾ ਹੈ”, ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਇਹ ਸ਼ਬਦ ਸ਼ੁੱਕਰਵਾਰ ਨੂੰ ਹੈਮਪਟਨ ਹੋਮਜ਼ ਵਿਖੇ ਹੋਏ ਇੱਕ ਸਾਦੇ ਸਮਾਗਮ ਦੌਰਾਨ ਹਿੰਦੀ ਲੇਖਕ ਅਤੇ ਸੀਨੀਅਰ ਪੱਤਰਕਾਰ ਮਨੋਜ ਧੀਮਾਨ ਦੁਆਰਾ ਲਿਖੇ ਗਏ ਹਿੰਦੀ ਲਘੂ ਕਹਾਣੀ ਸੰਗ੍ਰਹਿ ‘ਖੋਲ ਕਰ ਦੇਖੋ’ ਨੂੰ ਰਿਲੀਜ਼ ਕਰਦੇ ਹੋਏ ਕਹੇ।
ਸੰਜੀਵ ਅਰੋੜਾ ਨੇ ਕਿਹਾ ਕਿ ਇਹ ਸੱਚਮੁੱਚ ਸ਼ਲਾਘਾਯੋਗ ਹੈ ਕਿ ਧੀਮਾਨ ਵਰਗੇ ਲੇਖਕ ਪੰਜਾਬ ਦੇ ਗੈਰ-ਹਿੰਦੀ ਖੇਤਰ ਤੋਂ ਹਿੰਦੀ ਭਾਸ਼ਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਹਿਤ ਸਾਡੇ ਵਰਤਮਾਨ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਮੁੱਚੇ ਸਮਾਜ, ਪਰੰਪਰਾਵਾਂ ਅਤੇ ਸੱਭਿਆਚਾਰਾਂ ਆਦਿ ਬਾਰੇ ਚਾਨਣਾ ਪਾਉਂਦਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਨੋਜ ਧੀਮਾਨ ਦੀ ਪੁਸਤਕ ਪੜ੍ਹ ਕੇ ਦੇਖਿਆ ਕਿ ਲਘੂ ਕਹਾਣੀਆਂ ਵਿਭਿੰਨ ਵਿਸ਼ਿਆਂ ਜਿਵੇਂ ਵਿਅੰਗ, ਵਰਤਮਾਨ ਵਿਵਸਥਾ, ਜਜ਼ਬਾਤ, ਰਿਸ਼ਤੇ, ਮਨੁੱਖੀ ਮਨੋਵਿਗਿਆਨ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ‘ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਧੀਮਾਨ ਦੀਆਂ ਲਿਖੀਆਂ ਨਿੱਕੀਆਂ ਕਹਾਣੀਆਂ ਪਾਠਕਾਂ ਦਾ ਮਨੋਰੰਜਨ ਹੀ ਨਹੀਂ ਕਰਦੀਆਂ ਸਗੋਂ ਕੁਝ ਸੁਨੇਹਾ ਵੀ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਲਘੂ ਕਹਾਣੀਆਂ ਲਿਖਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ ਕਿਉਂਕਿ ਲੇਖਕ ਨੂੰ ਸਭ ਕੁਝ ਥੋੜ੍ਹੇ ਸ਼ਬਦਾਂ ਵਿੱਚ ਲਿਖਣਾ ਪੈਂਦਾ ਹੈ। “ਮੈਂ ਦੇਖਿਆ ਹੈ ਕਿ ਕੁਝ ਕਹਾਣੀਆਂ ਦੋ ਜਾਂ ਚਾਰ ਵਾਕਾਂ ਦੀਆਂ ਵੀ ਹਨ। ਉਨ੍ਹਾਂ ਨੇ ਟਿੱਪਣੀ ਕੀਤੀ, “ਇਸ ਤਰ੍ਹਾਂ,ਮਨੋਜ ਧੀਮਾਨ ਨੇ ਇਹ ਕਿਤਾਬ ਲਿਖਣ ਵਿੱਚ ਬਹੁਤ ਮਿਹਨਤ ਕੀਤੀ ਹੈ।”ਸੰਜੀਵ ਅਰੋੜਾ ਨੇ ਕਿਹਾ ਕਿ ਸਮੁੱਚੀ ਪੁਸਤਕ ਰਚਨਾਤਮਕਤਾ ਨਾਲ ਭਰਪੂਰ ਹੈ ਅਤੇ ਆਸ ਪ੍ਰਗਟਾਈ ਕਿ ਮਨੋਜ ਧੀਮਾਨ ਆਪਣੀ ਰਚਨਾਤਮਕ ਲੇਖਣੀ ਦੇ ਸਫ਼ਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰਨਗੇ।
ਇਸ ਮੌਕੇ ਬੋਲਦਿਆਂ ਮਨੋਜ ਧੀਮਾਨ ਨੇ ਕਿਹਾ ਕਿ ਮੈਂ ਆਪਣੀਆਂ ਲਘੂ ਕਹਾਣੀਆਂ ਦੇ ਵਿਸ਼ੇ ਆਪਣੇ ਆਲੇ-ਦੁਆਲੇ, ਨਿੱਜੀ ਤਜ਼ਰਬਿਆਂ, ਰੋਜ਼ਾਨਾ ਜ਼ਿੰਦਗੀ ਅਤੇ ਦੁਨੀਆਂ ਭਰ ਵਿੱਚ ਵਾਪਰ ਰਹੀਆਂ ਰੋਜ਼ਾਨਾ ਦੀਆਂ ਘਟਨਾਵਾਂ ਤੋਂ ਲਏ ਹਨ। ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਦਾ ਦੌਰ ਉਨ੍ਹਾਂ ਦੇ ਲਈ ਇੱਕ ਵੱਡਾ ਵਰਦਾਨ ਸਾਬਤ ਹੋਇਆ ਹੈ ਕਿਉਂਕਿ ਇਸ ਨੇ ਉਨ੍ਹਾਂ ਨੂੰ ਆਪਣੀ ਛੁਪੀ ਹੋਈ ਰਚਨਾਤਮਕਤਾ ਨੂੰ ਮੁੜ ਸੁਰਜੀਤ ਕਰਨ ਦਾ ਮੌਕਾ ਦਿੱਤਾ ਹੈ।
ਮਨੋਜ ਧੀਮਾਨ ਨੇ ਕਿਹਾ, “ਮਹਾਂਮਾਰੀ ਦੇ ਦੌਰਾਨ, ਮੈਨੂੰ ਲਘੂ ਕਹਾਣੀਆਂ ਦੀਆਂ ਦੋ ਕਿਤਾਬਾਂ ਲਿਖਣ ਦਾ ਮੌਕਾ ਮਿਲਿਆ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਿੰਦੀ ਲਘੂ ਕਹਾਣੀਆਂ ਦੀ ਪਿਛਲੀ ਕਿਤਾਬ ” ਯਹ ਮਕਾਨ ਬਿਕਾਊ ਹੈ” ਸਾਲ 2021 ਵਿੱਚ ਪ੍ਰਕਾਸ਼ਿਤ ਹੋਈ ਸੀ। ਉਨ੍ਹਾਂ ਕਿਹਾ ਕਿ ਛੋਟੀ ਕਹਾਣੀ ਲਿਖਣਾ ਕਿਸੇ ਲਈ ਵੀ ਔਖਾ ਕੰਮ ਹੋ ਸਕਦਾ ਹੈ ਕਿਉਂਕਿ ਇੱਕ ਲੇਖਕ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੁਝ ਸ਼ਬਦਾਂ ਵਿੱਚ ਸਭ ਕੁਝ ਸਮੇਟ ਲਵੇ।ਮਨੋਜ ਧੀਮਾਨ ਨੇ ਕਿਹਾ ਕਿ ਉਹ ਇਸ ਕੰਮ ਨੂੰ ਆਪਣੇ ਲਈ ਚੁਣੌਤੀ ਨਹੀਂ ਸਮਝਦੇ।
ਮਨੋਜ ਧੀਮਾਨ ਨੇ ਕਿਹਾ ਕਿ ਉਹ ਲਘੂ ਕਥਾ ਲਿਖ ਕੇ ਪੂਰੀ ਸੰਤੂਸ਼ਟੀ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ, “ਪਾਤਰ ਮੈਨੂੰ ਆਪਣੇ ਨਾਲ ਲੈ ਜਾਂਦੇ ਹਨ ਅਤੇ ਉਹ ਖੁਦ ਕਹਾਣੀ ਬਣਾਉਂਦੇ ਹਨ। ਕਈ ਵਾਰ ਪਾਤਰ ਲੰਬੇ ਸਮੇਂ ਤੱਕ ਪਰੇਸ਼ਾਨ ਕਰਦੇ ਰਹਿੰਦੇ ਹਨ। ਅੰਤ ਵਿੱਚ, ਉਹ ਕਾਗਜ਼ ‘ਤੇ ਜਨਮ ਲੈਂਦੇ ਹਨ।”ਮਨੋਜ ਧੀਮਾਨ ਨੇ ਕਿਹਾ ਕਿ ਉਨ੍ਹਾਂ ਦੇ ਪੱਤਰਕਾਰੀ ਦੇ ਤਜ਼ਰਬੇ ਨੇ ਉਨ੍ਹਾਂ ਨੂੰ ਆਪਣੇ ਰਚਨਾਤਮਕ ਕੰਮ ਵਿਚ ਚੀਜ਼ਾਂ ਨੂੰ ਸਹੀ ਪਰਿਪੇਖ ਵਿਚ ਦੇਖਣ ਵਿਚ ਬਹੁਤ ਮਦਦ ਕੀਤੀ ਹੈ। ਇਹ ਕਿਤਾਬ ਦਿੱਲੀ ਦੇ ਪ੍ਰਸਿੱਧ ਪ੍ਰਕਾਸ਼ਕ ਡਾਇਮੰਡ ਮੈਗਜ਼ੀਨ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਉਨ੍ਹਾਂ ਦੀ ਪੰਜਵੀਂ ਪੁਸਤਕ ਹੈ। ਉਨ੍ਹਾਂ ਦੀਆਂ ਪਹਿਲੀਆਂ ਕਿਤਾਬਾਂ ਸਨ: ‘ਲੇਟ ਨਾਈਟ ਪਾਰਟੀ’ (ਲਘੂ ਕਹਾਣੀਆਂ), ‘ਬਰਸਾਤ ਕੀ ਬੂੰਦੇਂ’ (ਕਾਵ ਸੰਗ੍ਰਹਿ), ‘ਸ਼ੂਨਯ ਕੀ ਔਰ’ (ਨਾਵਲ) ਅਤੇ ‘ਯਹ ਮਕਾਨ ਬਿਕਾਊ ਹੈ’ (ਲਘੂ ਕਹਾਣੀਆਂ)। ‘ਲੇਟ ਨਾਈਟ ਪਾਰਟੀ’ ਦਾ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ।
ਮਨੋਜ ਧੀਮਾਨ ਪਿਛਲੇ ਤਿੰਨ ਦਹਾਕਿਆਂ ਤੋਂ ਅੰਗਰੇਜ਼ੀ ਪੱਤਰਕਾਰੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਫਿਰੋਜ਼ਪੁਰ, ਲੁਧਿਆਣਾ, ਜਲੰਧਰ ਅਤੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਵੱਖ-ਵੱਖ ਅਹੁਦਿਆਂ ‘ਤੇ ਨਾਮਵਰ ਅੰਗਰੇਜ਼ੀ ਅਖਬਾਰਾਂ ਦੀ ਸੇਵਾ ਕੀਤੀ ਹੈ। ਵਰਤਮਾਨ ਵਿੱਚ, ਉਹ ਪਿਛਲੇ ਦਸ ਸਾਲਾਂ ਤੋਂ ਆਪਣੀ ਨਿਊਜ਼ ਵੈਬਸਾਈਟ ਚਲਾ ਰਹੇ ਹਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1375700cookie-checkਐਮਪੀ ਅਰੋੜਾ ਨੇ ਮਨੋਜ ਧੀਮਾਨ ਦੁਆਰਾ ਲਿਖੀ ਕਿਤਾਬ ‘ਖੋਲ ਕਰ ਦੇਖੋ’ (ਲਘੂ ਕਹਾਣੀ ਸੰਗ੍ਰਹਿ) ਕੀਤੀ ਰਿਲੀਜ਼