ਸ਼ਹਿਰ ਲੁਧਿਆਣਾ ਵਿਖੇ ਖੇਤਰੀ ਸਰਸ ਮੇਲੇ ਦਾ ਰੰਗਾਰੰਗ ਆਗਾਜ਼

Loading

ਡਿਪਟੀ ਕਮਿਸ਼ਨਰ ਵੱਲੋਂ ਉਦਘਾਟਨ, 25 ਰਾਜਾਂ ਤੋਂ 500 ਤੋਂ ਵਧੇਰੇ ਕਲਾਕਾਰ ਪੁੱਜੇ

ਲੁਧਿਆਣਾ, 5 ਅਕਤੂਬਰ  (  ਸਤ ਪਾਲ ਸੋਨੀ ) : -ਵਿਸ਼ਵ ਪ੍ਰਸਿੱਧ ਖੇਤਰੀ ਸਰਸ ਮੇਲਾ-2017 ਅੱਜ ਸਥਾਨਕ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਮੇਲਾ ਮੈਦਾਨ ਵਿਖੇ ਪੂਰੇ ਜੋਸ਼ੋ-ਖਰੋਸ਼ ਦੇ ਨਾਲ ਸ਼ੁਰੂ ਹੋ ਗਿਆ। ਇਸ ਮੇਲੇ ਦਾ ਉਦਘਾਟਨ ਅੱਜ ਸ਼ਾਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ। ਇਸ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ 25 ਸੂਬਿਆਂ ਦੇ ਹਸਤਕਾਰ, ਦਸਤਕਾਰ ਅਤੇ ਕਲਾਕਾਰ ਭਾਗ ਲੈ ਰਹੇ ਹਨ।
ਇਸ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਮੇਲੇ ਵਿੱਚ ਦੇਸ਼ ਭਰ ਤੋਂ 500 ਤੋਂ ਵਧੇਰੇ ਹਸਤਕਾਰਾਂ, ਦਸਤਕਾਰਾਂ ਅਤੇ ਕਲਾਕਾਰਾਂ ਨੇ ਪਹਿਲੇ ਦਿਨ ਸ਼ਮੂਲੀਅਤ ਕੀਤੀ ਹੈ। ਅੱਜ ਪਹਿਲੇ ਦਿਨ ਸਭ ਤੋਂ ਪਹਿਲਾਂ ਸ਼ਹਿਰ ਵਿੱਚ ਇਨਾਂ ਹਸਤਕਾਰਾਂ, ਦਸਤਕਾਰਾਂ ਅਤੇ ਕਲਾਕਾਰਾਂ ਵੱਲੋਂ ਰੋਡ ਸ਼ੋਅ ਕੱਢਿਆ ਗਿਆ, ਜਿਸ ਨੂੰ ਸ਼ਹਿਰ ਵਾਸੀਆਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮੇਲੇ ਵਿੱਚ ਦਸਤਕਾਰ/ਹਸਤਕਾਰ ਜਿੱਥੇ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਘਰੇਲੂ ਵਸਤਾਂ ਅਤੇ ਹੋਰ ਸਾਜੋ ਸਮਾਨ ਨੂੰ ਨੁਮਾਇਸ਼ਾਂ ਲਗਾ ਕੇ ਵੇਚਣਗੇ, ਉਥੇ ਕਲਾਕਾਰ ਆਪਣੇ-ਆਪਣੇ ਸੂਬੇ ਦਾ ਵਿਰਾਸਤੀ ਅਤੇ ਸੱਭਿਆਚਾਰਕ ਰੰਗ ਵੀ ਪੇਸ਼ ਕਰਨਗੇ। ਉਨਾਂ ਕਿਹਾ ਕਿ ਮੇਲੇ ਵਿੱਚ ਸ਼ਹਿਰਾਂ ਅਤੇ ਪਿੰਡਾਂ ਦੇ ਆਮ ਕਲਾਕਾਰ ਵੀ ਹਿੱਸਾ ਲੈ ਕੇ ਆਪਣੀ ਕਲਾ ਦਾ ਮੁਜ਼ਾਹਰਾ ਕਰ ਸਕਣਗੇ।
ਉਨਾਂ ਦੱਸਿਆ ਕਿ ਮੇਲਾ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਚੱਲਿਆ ਕਰੇਗਾ। ਜਿਸ ਵਿੱਚ 220 ਦੁਕਾਨਾਂ/ਸਟਾਲਾਂ ਲਗਾਈਆਂ ਗਈਆਂ ਹਨ। ਜਿੰਨਾਂ ਵਿੱਚ ਲੋਕ ਆਪਣੇ ਦੁਆਰਾ ਤਿਆਰ ਸਮਾਨ ਨੂੰ ਵੇਚ ਸਕਣਗੇ। ਇਨਾਂ ਦੁਕਾਨਾਂ ਵਿੱਚੋਂ ਉਨਾਂ ਸੈੱਲਫ ਹੈੱਲਪ ਗਰੁੱਪਾਂ ਨੂੰ ਮੁਫ਼ਤ ਵਿੱਚ ਦੁਕਾਨਾਂ ਦਿੱਤੀਆਂ ਗਈਆਂ ਹਨ। ਕੁੱਲ ਦੁਕਾਨਾਂ ਵਿੱਚੋਂ 25 ਦੁਕਾਨਾਂ ਅਲੱਗ-ਅਲੱਗ ਸੂਬਿਆਂ ਦੇ ਖਾਣਿਆਂ ਨਾਲ ਸੰਬੰਧਤ ਹਨ। ਅੱਜ ਪਹਿਲੇ ਦਿਨ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਕਲਾਕਾਰਾਂ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਕਲਾਕਾਰਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਨੂੰ ਹਜ਼ਾਰਾਂ ਦਰਸ਼ਕਾਂ ਨੇ ਬਹੁਤ ਸਰਾਹਿਆ।
ਉਨਾਂ ਕਿਹਾ ਕਿ ਮੇਲਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਮੇਲੇ ਦੌਰਾਨ ਰੋਜ਼ਾਨਾ ਇੱਕ ਅਜਿਹੀ ਲਡ਼ਕੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਜਾਇਆ ਕਰੇਗਾ, ਜਿਸਨੇ ਕੋਈ ਵਿਸ਼ੇਸ਼ ਪ੍ਰਾਪਤੀ ਕੀਤੀ ਹੋਇਆ ਕਰੇਗੀ। ਅਜਿਹੀਆਂ ਲਡ਼ਕੀਆਂ ਨੂੰ ਗੈਸਟ ਆਫ਼ ਆਨਰ ਦਾ ਦਰਜਾ ਦਿੱਤਾ ਜਾਇਆ ਕਰੇਗਾ। ਇਨਾਂ ਲਡ਼ਕੀਆਂ ਦੇ ਨਾਲ-ਨਾਲ ਉਨਾਂ ਦੇ ਪਰਿਵਾਰਕ ਮੈਂਬਰ ਵੀ ਮੇਲੇ ਵਿੱਚ ਆ ਕੇ ਆਨੰਦ ਲੈ ਸਕਣਗੇ।

ਅੱਜ ਪਹਿਲੇ ਦਿਨ ਮਿਹਨਤੀ ਉੱਦਮੀ ਨਸੀਬ ਕੌਰ ਨੂੰ ਗੈਸਟ ਆਫ਼ ਆਨਰ ਵਜੋਂ ਸੱਦਿਆ ਗਿਆ ਸੀ, ਜਿਸ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਸ੍ਰੀ ਅਗਰਵਾਲ ਨੇ ਹਰੇਕ ਵਰਗ ਦੇ ਲੋਕਾਂ ਨੂੰ ਮੇਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨਾਂ ਇੱਛਾ ਪ੍ਰਗਟਾਈ ਕਿ ਇਸ ਮੇਲੇ ਦੀ ਸਫ਼ਲਤਾ ਨਾਲ ਸ਼ਹਿਰ ਲੁਧਿਆਣਾ ਦਾ ਨਾਮ ਪੂਰੇ ਦੇਸ਼ ਵਿੱਚ ਚਮਕੇਗਾ ਅਤੇ ਇਥੇ ਸੈਰ ਸਪਾਟਾ ਅਤੇ ਲੋਕਾਂ ਦਾ ਵਪਾਰਕ ਹਿੱਤਾਂ ਲਈ ਆਉਣਾ ਜਾਣਾ ਵਧੇਗਾ। ਮੇਲੇ ਦੋਰਾਨ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖਤ ਅਤੇ ਮੋਜ ਮਸਤੀ ਕਰ ਰਹੇ ਹਨ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ) ਅਤੇ ਮੇਲਾ ਅਫ਼ਸਰ ਸ੍ਰੀਮਤੀ ਸੁਰਭੀ ਮਲਿਕ, ਸ੍ਰੀਮਤੀ ਸੰਯੋਗਿਤਾ ਅਗਰਵਾਲ (ਪਤਨੀ ਸ੍ਰੀ ਪ੍ਰਦੀਪ ੁਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਸਹਾਇਕ ਮੇਲਾ ਅਫ਼ਸਰ ਸ੍ਰ. ਸਤਵੰਤ ਸਿੰਘ, ਐੱਸ. ਡੀ. ਐੱਮ. ਸ੍ਰ. ਅਮਰਜੀਤ ਬੈਂਸ, ਐੱਸ. ਡੀ. ਐੱਮ. ਖੰਨਾ ਸ੍ਰੀ ਸੰਦੀਪ ਗਾਡ਼ਾ, ਐੱਸ. ਡੀ. ਐੱਮ. ਸਮਰਾਲਾ ਸ੍ਰੀ ਅਮਿਤ ਬੈਂਬੀ,  ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮ ਪ੍ਰੀਤ ਕੌਰ, ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ, ਨਗਰ ਨਿਗਮ ਅਧਿਕਾਰੀ ਸ੍ਰ. ਜਸਵੰਤ ਸਿੰਘ ਸੇਖੋਂ ਆਦਿ ਹਾਜ਼ਰ ਸਨ।

5731cookie-checkਸ਼ਹਿਰ ਲੁਧਿਆਣਾ ਵਿਖੇ ਖੇਤਰੀ ਸਰਸ ਮੇਲੇ ਦਾ ਰੰਗਾਰੰਗ ਆਗਾਜ਼

Leave a Reply

Your email address will not be published. Required fields are marked *

error: Content is protected !!