ਮਿਸ਼ਨ ਸਵੱਛ ਤੇ ਸਵੱਸਥ ਮੁਹਿੰਮ ਤਹਿਤ,ਜ਼ਿਲਾ  ਲੁਧਿਆਣਾ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

Loading

 

ਦੇਸ਼ ਭਰ ਵਿਚੋਂ ਮਿਲਿਆ ਪਹਿਲਾ ਸਥਾਨ-ਕੇਂਦਰੀ ਮੰਤਰੀ ਵੱਲੋਂ ਡਿਪਟੀ ਕਮਿਸ਼ਨਰ ਦਾ ਸਨਮਾਨ
ਲੁਧਿਆਣਾ, 2 ਅਕਤੂਬਰ ( ਸਤ ਪਾਲ ਸੋਨੀ ) : ਮੁਲਕ ਭਰ ਵਿਚ ਵਿੱਢੀ ਗਈ ‘ਮਿਸ਼ਨ ਸਵੱਛ ਤੇ ਸਵੱਸਥ’ ਦੀ ਲਗਾਤਾਰ ਜ਼ਿਲੇਵਾਰ ਕੀਤੀ ਜਾਂਦੀ ਨਜ਼ਰਸਾਨੀ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਜ਼ਿਲਾ  ਲੁਧਿਆਣਾ ਦੇਸ਼ ਵਿੱਚੋਂ ਪਹਿਲੇ ਸਥਾਨ ਉੱਤੇ ਆਇਆ ਹੈ, ਜਿਸ ਦੀ ਬਦੌਲਤ ਕੇਂਦਰ ਸਰਕਾਰ ਵੱਲੋਂ ਜ਼ਿਲਾ  ਲੁਧਿਆਣਾ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਨਵੀਂ ਦਿੱਲੀ ਵਿਖੇ ਸ੍ਰ. ਐੱਸ. ਐੱਸ. ਆਹਲੂਵਾਲੀਆ, ਕੇਂਦਰੀ ਮੰਤਰੀ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਪ੍ਰਾਪਤ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ  ਲੁਧਿਆਣਾ ਵਾਸਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਪੱਧਰ ਦਾ ਇਹ ਇਨਾਮ ਪ੍ਰਾਪਤ ਹੋਇਆ ਹੈ। ਇਸ ਇਨਾਮ ਵਿੱਚ ਸਿਲਵਰ ਪਲੇਟਿਡ ਸ਼ੀਲਡ ਅਤੇ ਪ੍ਰਸ਼ੰਸ਼ਾ ਪੱਤਰ ਸ਼ਾਮਿਲ ਹੈ। ਪ੍ਰਸ਼ੰਸ਼ਾ ਪੱਤਰ ਵਿੱਚ ਜ਼ਿਲਾ  ਪ੍ਰਸਾਸ਼ਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਗਏ ਕਾਰਜਾਂ ਦੀ ਪ੍ਰਸੰਸ਼ਾ ਕੀਤੀ ਗਈ ਹੈ। ਉਨਾਂ ਦੱਸਿਆ ਕਿ ਦੇਸ਼ ਨੂੰ 2019 ਤੱਕ ਪੂਰੀ ਤਰਾਂ ‘ਸਵੱਛ ਅਤੇ ਸਵੱਸਥ’ ਬਣਾਉਣ ਲਈ ਸਾਰੇ ਸੂਬਿਆਂ ਵਿੱਚ ਚਲਾਈਆਂ ਜਾ ਰਹੀਆਂ ‘ਮਿਸ਼ਨ ਸਵੱਛ ਤੇ ਸਵੱਸਥ’ ਮੁਹਿੰਮਾਂ ਵਿਚ ਸਿਹਤਮੰਦ ਮੁਕਾਬਲਾ ਕਰਾਉਣ ਲਈ ਕੇਂਦਰ ਸਰਕਾਰ ਦੇ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਲਗਾਤਾਰ ਤੇ ਜ਼ਿਲੇਵਾਰ ਨਜ਼ਰਸਾਨੀ ਕੀਤੀ ਜਾਂਦੀ ਹੈ।
ਸ੍ਰੀ ਅਗਰਵਾਲ ਨੇ ਜ਼ਿਲਾ  ਲੁਧਿਆਣਾ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵਚਨਬੱਧਤਾ ਪ੍ਰਗਟਾਈ ਕਿ ਜ਼ਿਲਾ  ਲੁਧਿਆਣਾ ਵਿੱਚ ਬੰਦ ਪਈਆਂ ਜਲ ਸਪਲਾਈ ਸਕੀਮਾਂ ਨੂੰ ਚਾਲੂ ਕਰਨ, ਇਨਾਂ ਨੂੰ 10 ਅਤੇ 24 ਘੰਟੇ ਸਪਲਾਈ ਸਕੀਮ ਤਹਿਤ ਲਿਆਉਣ, ਪਿੰਡਾਂ ਵਿਚ ਲੈਟਰੀਨਾਂ ਬਣਾਉਣ ਅਤੇ ਪਿੰਡਾਂ ਨੂੰ ਖੁੱਲੇਆਮ ਪਖ਼ਾਨੇ ਤੋਂ ਮੁਕਤ ਕਰਨ ਦੇ ਚੱਲ ਰਹੇ ਕੰਮਾਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾਂਦੀ ਰਹੇਗੀ। ਉਨਾਂ ਜ਼ਿਲਾ  ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪਹਿਲੇ ਦਰਜੇ ਨੂੰ ਬਰਕਰਾਰ ਰੱਖਣ ਲਈ ਸਹਿਯੋਗ ਕਰਨ। ਆਪਣੇ ਆਲੇ-ਦੁਆਲੇ ਨੂੰ ਖੁਦ ਵੀ ਸਾਫ਼ ਰੱਖਿਆ ਜਾਵੇ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ। ਸਮਾਗਮ ਦੌਰਾਨ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ੍ਰ. ਹਰਦੀਪ ਸਿੰਘ ਪੁਰੀ, ਸ੍ਰ. ਜਸਵਿੰਦਰ ਸਿੰਘ ਚਾਹਲ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਲੁਧਿਆਣਾ ਅਤੇ ਹੋਰ ਵੀ ਹਾਜ਼ਰ ਸਨ।

5540cookie-checkਮਿਸ਼ਨ ਸਵੱਛ ਤੇ ਸਵੱਸਥ ਮੁਹਿੰਮ ਤਹਿਤ,ਜ਼ਿਲਾ  ਲੁਧਿਆਣਾ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

Leave a Reply

Your email address will not be published. Required fields are marked *

error: Content is protected !!