ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚ ‘ਰੂਫ਼ ਟਾਪ ਫੌਰੈਸਟਰੀ’ ਵਿਕਸਤ ਕਰਨ ਦਾ ਫੈਸਲਾ

Loading

ਸ਼ਹਿਰ ਨੂੰ ਹਰਾ-ਭਰਾ ਕਰਨ ਲਈ ਸ਼ਹਿਰ ਵਾਸੀਆਂ ਨੂੰ ਛੱਤਾਂ ‘ਤੇ ਰੱਖਣ ਲਈ ਤਿਆਰ ਪੌਦੇ/ਦਰੱਖ਼ਤ ਗਮਲਿਆਂ ਸਮੇਤ ਮੁਹੱਈਆ ਕਰਵਾਏ ਜਾਣਗੇ-ਜੰਗਲਾਤ ਮੰਤਰੀ

-ਖਾਲੀ ਪਈਆਂ ਜ਼ਮੀਨਾਂ ਨੂੰ ਜੰਗਲਾਤ ਵਜੋਂ ਵਿਕਸਤ ਕਰਾਉਣ ਲਈ ਪੰਚਾਇਤਾਂ ਅੱਗੇ ਆਉਣ-ਸਾਧੂ ਸਿੰਘ ਧਰਮਸੋਤ

ਲੁਧਿਆਣਾ, 29 ਸਤੰਬਰ ( ਸਤ ਪਾਲ ਸੋਨੀ ) : ਸੰਘਣੀ ਆਬਾਦੀ ਅਤੇ ਵਿਸ਼ਾਲ ਖੇਤਰਫ਼ਲ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਨੂੰ ਹਰਾ-ਭਰਾ ਬਣਾਉਣ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਯੋਜਨਾ ਉਲੀਕੀ ਹੈ, ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਘਰਾਂ ਦੀਆਂ ਛੱਤਾਂ ‘ਤੇ ਰੱਖਣ ਲਈ ਤਿਆਰ ਪੌਦੇ/ਦਰੱਖ਼ਤ ਗਮਲਿਆਂ ਸਮੇਤ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਪੰਜਾਬ ਸਰਕਾਰ ਵਿੱਚ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹ ਇਥੇ ਉੱਚ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਪਹੁੰਚੇ ਸਨ।
ਸ੍ਰ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਸ਼ਹਿਰ ਲੁਧਿਆਣਾ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਨਾ ਚਾਹੁੰਦੀ ਹੈ। ਸ਼ਹਿਰ ਨੂੰ ਹਰਾ-ਭਰਾ ਕਰਨ ਲਈ ਉਨਾਂ  ਦੇ ਵਿਭਾਗ ਦੀ ਜਿੰਮੇਵਾਰੀ ਲਗਾਈ ਗਈ ਹੈ, ਜਿਸ ਤਹਿਤ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸ਼ਹਿਰ ਲੁਧਿਆਣਾ ਵਿੱਚ ‘ਰੂਫ ਟਾਪ ਫੌਰੈਸਟਰੀ’ ਵਿਕਸਤ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸ਼ਹਿਰ ਵਾਸੀਆਂ ਨੂੰ ਗਮਲਿਆਂ ਸਮੇਤ 1-2 ਸਾਲ ਦੇ ਤਿਆਰ ਪੌਦੇ/ਦਰੱਖ਼ਤ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਇਸ ਸੰਬੰਧੀ ਵਣ ਵਿਭਾਗ, ਲੁਧਿਆਣਾ ਦੇ ਦਫ਼ਤਰ ਵਿਖੇ ਅਰਜ਼ੀ ਦੇਣੀ ਪਵੇਗੀ ਅਤੇ ਵਿਭਾਗ ਵੱਲੋਂ ਇੱਕ ਮਹੀਨੇ ਦੇ ਅੰਦਰ-ਅੰਦਰ ਗਮਲਿਆਂ ਸਮੇਤ ਪੌਦੇ ਆਦਿ ਮੁਹੱਈਆ ਕਰਵਾਏ ਜਾਣਗੇ। ਇਨਾਂ  ਪੌਦਿਆਂ ਵਿੱਚ ਸਜਾਵਟ ਵਾਲੇ ਪੌਦੇ, ਫ਼ਲਾਂ ਵਾਲੇ ਪੌਦੇ, ਮੈਡੀਸਨਲ ਪੌਦੇ, ਛਾਂਦਾਰ ਪੌਦੇ ਆਦਿ ਸ਼ਾਮਿਲ ਹੋਣਗੇ।
ਉਨਾਂ  ਕਿਹਾ ਕਿ ਪੌਦੇ ਵੰਡਣ ਮੌਕੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਖੇਤਰਾਂ (ਸਲੱਮ ਖੇਤਰ) ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ, ਤਾਂ ਜੋ ਇਸ ਵਰਗ ਦੇ ਲੋਕ ਵੀ ਹਰੇ-ਭਰੇ ਆਲੇ-ਦੁਆਲੇ ਵਿੱਚ ਵਿਕਸਤ ਹੋ ਸਕਣ। ਯੋਜਨਾ ਤਹਿਤ ਸ਼ਹਿਰ ਦੀਆਂ ਸਾਰੀਆਂ ਸਡ਼ਕਾਂ ਦੇ ਪਾਸਿਆਂ ‘ਤੇ ਅਤੇ ਵਿਚਕਾਰ ਪੌਦੇ ਲਗਾਏ ਜਾਣਗੇ। ਸਡ਼ਕਾਂ ਵਿਚਕਾਰ ਲੱਗੇ ਦਰੱਖ਼ਤ, ਜੋ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਿਕ ਕੱਟੇ ਨਹੀਂ ਜਾ ਸਕਦੇ, ਦੇ ਦੁਆਲੇ ਚਿੱਟੇ ਰੰਗ ਨਾਲ ਮਾਰਕਿੰਗ ਕੀਤੀ ਜਾਵੇਗੀ, ਤਾਂ ਜੋ ਰਾਤ ਵੇਲੇ ਇਨਾਂ  ਕਾਰਨ ਸਡ਼ਕ ਹਾਦਸੇ ਨਾ ਹੋਣ। ਉਨਾਂ  ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਲੀ ਪਈਆਂ ਸ਼ਾਮਲਾਤ ਜ਼ਮੀਨਾਂ ਨੂੰ ਜੰਗਲਾਤ ਖੇਤਰ ਵਜੋਂ ਵਿਕਸਤ ਕਰਾਉਣ ਲਈ ਵਿਭਾਗ ਨੂੰ ਪੇਸ਼ਕਸ਼ਾਂ ਭੇਜਣ ਤਾਂ ਜੋ ਸੂਬੇ ਨੂੰ ਹਰਾ-ਭਰਾ ਕੀਤਾ ਜਾ ਸਕੇ।
ਉਨਾਂ  ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਸਡ਼ਕਾਂ ਕਿਨਾਰੇ ਅਤੇ ਸਾਂਝੀਆਂ ਥਾਵਾਂ ‘ਤੇ ਪੌਦਿਆਂ/ਦਰੱਖ਼ਤਾਂ ਨੂੰ ਆਮ ਲੋਕਾਂ ਵੱਲੋਂ ਭਾਰੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਲੋਕ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਅਣਜਾਣ ਹੋਣ ਕਾਰਨ ਉਨਾਂ  ਤੋਂ ਡਰਦੇ ਨਹੀਂ। ਇਸੇ ਕਰਕੇ ਵਣ ਗਾਰਡ ਤੋਂ ਲੈ ਕੇ ਰੇਂਜ ਅਫ਼ਸਰਾਂ ਤੱਕ ਦੇ ਅਹੁਦੇ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਡਿਊਟੀ ਦੌਰਾਨ ਬਾ-ਵਰਦੀ ਹੀ ਰਹਿਣਗੇ। ਬਿਨਾਂ  ਵਰਦੀ ਡਿਊਟੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਵਿਭਾਗੀ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਦਫ਼ਤਰਾਂ ਵਿੱਚ ਬੈਠਣ ਦੀ ਥਾਂ ਫੀਲਡ ਵਿੱਚ ਬਣਦੀ ਡਿਊਟੀ ਦੇਣ।
ਉਨਾਂ  ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਪੰਜਾਬ ਸਰਕਾਰ ਨੇ ਕੇਂਦਰ ਕੋਲ ਇਹ ਮਸਲਾ ਉਠਾਇਆ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਉਨਾਂ  ਖੇਤੀਬਾਡ਼ੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾਡ਼ਨ ਲਈ ਜਾਗਰੂਕ ਕਰਨ ਹਿੱਤ 4 ਵੈਨਾਂ ਵੀ ਰਵਾਨਾ ਕੀਤੀਆਂ ਗਈਆਂ।

 


ਗੁਰਦਾਸਪੁਰ ਜਿਮਨੀ ਲੋਕ ਸਭਾ ਚੋਣ ਬਾਰੇ ਪੁੱਛੇ ਜਾਣ ‘ਤੇ ਉਨਾਂ  ਕਿਹਾ ਕਿ ਇਸ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖਡ਼ 2 ਲੱਖ ਤੋਂ ਵਧੇਰੇ ਵੋਟਾਂ ਨਾਲ ਜੇਤੂ ਰਹਿਣਗੇ। ਇਹ ਚੋਣ ਕਾਂਗਰਸ ਪਾਰਟੀ ਵੱਲੋਂ ਸੂਬੇ ਵਿੱਚ ਪਿਛਲੇ 6 ਮਹੀਨੇ ਦੀ ਲੋਕ ਪੱਖੀ ਕਾਰਗੁਜ਼ਾਰੀ ਅਤੇ ਕੇਂਦਰ ਸਰਕਾਰ ਦੀ ਤਿੰਨ ਸਾਲ ਦੀ ਨਕਾਮੀ ਦੇ ਮੁੱਦੇ ‘ਤੇ ਲਡ਼ੀ ਜਾ ਰਹੀ ਹੈ। ਇਸ ਮੌਕੇ ਉਨਾਂ  ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਆਰ. ਐੱਨ. ਢੋਕੇ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲਾ ਪੁਲਿਸ ਮੁਖੀ (ਲੁਧਿਆਣਾ ਦਿਹਾਤੀ) ਸ੍ਰ. ਸੁਰਜੀਤ ਸਿੰਘ, ਵਣ ਮੰਡਲ ਅਫ਼ਸਰ ਸ੍ਰ. ਚਰਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

5400cookie-checkਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਵਿੱਚ ‘ਰੂਫ਼ ਟਾਪ ਫੌਰੈਸਟਰੀ’ ਵਿਕਸਤ ਕਰਨ ਦਾ ਫੈਸਲਾ

Leave a Reply

Your email address will not be published. Required fields are marked *

error: Content is protected !!