![]()

ਪੰਜਾਬ ਸਰਕਾਰ ਲੁਧਿਆਣਾ ਸਮੇਤ ਵਿਸ਼ਵ ਦੀਆਂ ਸਨਅਤਾਂ ਨੂੰ ਤਕਨੀਕੀ ਮਾਹਿਰ ਮੁਹੱਈਆ ਕਰਾਉਣ ਲਈ ਯਤਨਸ਼ੀਲ-ਕੌਡ਼ਾ
ਲੁਧਿਆਣਾ, 27 ਸਤੰਬਰ ( ਸਤ ਪਾਲ ਸੋਨੀ ) : ਸੂਬੇ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਹੁਨਰ ਸਿਖ਼ਲਾਈ ਕੇਂਦਰ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਮੰਤਵ ਨਾਲ ਬਰਤਾਨੀਆ ਦਾ ਇੱਕ ਤਕਨੀਕੀ ਸਿਖ਼ਲਾਈ ਮਾਹਿਰਾਂ ਦਾ ਵਫ਼ਦ ਸੂਬੇ ਦਾ ਦੌਰਾ ਕਰ ਰਿਹਾ ਹੈ। ਇਸ ਦੌਰੇ ਤਹਿਤ ਅੱਜ ਵਫ਼ਦ ਵੱਲੋਂ ਲੁਧਿਆਣਾ ਸਥਿਤ ਮਲਟੀ ਸਕਿੱਲ ਡਿਵੈੱਲਪਮੈਂਟ ਦਾ ਦੌਰਾ ਕੀਤਾ ਗਿਆ।
ਇਸ ਵਫਦ ਦੇ ਮੈਂਬਰਾਂ ਵਿੱਚ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਸਲਾਹਕਾਰ ਡਾ. ਸੰਦੀਪ ਸਿੰਘ ਕੌਡ਼ਾ, ਸਿਟੀ ਐਂਡ ਗਿਲਡਸ ਲੰਡਨ ਦੇ ਖੇਤਰੀ ਮੈਨੇਜਰ ਸ੍ਰੀ ਟੋਨੀ ਡੇਗਾਜ਼ਨ, ਪਕਵਾਨ ਕਲਾ ਦੇ ਅੰਤਰ-ਰਾਸ਼ਟਰੀ ਸੰਸਥਾਨ (ਇੰਟਰਨੈਸ਼ਨਲ ਸੈਂਟਰ ਫਾਰ ਕਲਨਰੀ ਆਰਟਸ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਡਾਇਰੈਕਟਰ ਸ੍ਰੀ ਸਨਜੇ ਰਾਜਾ, ਚਿਲ ਏਅਰ ਅਕਾਦਮੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪੌਲ ਸਿੰਘ, ਡਾਇਰੈਕਟਰ ਏ.ਕੇ.ਸਨਾਥੇ ਸਕਿੱਲ ਟ੍ਰੇਨਿੰਗ ਸ੍ਰੀ ਰਾਜ ਸਿੰਘ, ਮੈਨੇਜਰ ਓਪਰੇਸ਼ਨਜ਼ ਚਿੱਲ ਏਅਰ ਇੰਟਰਨੈਸ਼ਨਲ ਸ੍ਰੀ ਹਸਮੀਤ ਸਿੰਘ ਅਤੇ ਸਿਟੀ ਐੰਡ ਗਿਲਡਸ ਦੇ ਵਪਾਰਕ ਮੁੱਖੀ ਸ੍ਰੀ ਰਜਤ ਖਾਵਾਸ ਸ਼ਾਮਿਲ ਸਨ। ਜਿਨਾਂ ਵੱਲੋਂ ਸੂਬੇ ਦੇ ਨੌਜਵਾਨ ਲਡ਼ਕੇ-ਲਡ਼ਕੀਆਂ ਨੂੰ ਅੰਤਰ-ਰਾਸ਼ਟਰੀ ਮਿਆਰਾਂ ਅਨੁਸਾਰ ਹੁਨਰੀ ਸਿਖ਼ਲਾਈ ਦੇਣ ਲਈ ਡੂੰਘੀ ਦਿਲਚਸਪੀ ਵਿਖਾਈ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਲਡ਼ਕੇ-ਲਡ਼ਕੀਆਂ ਨੂੰ ਅੰਤਰ-ਰਾਸ਼ਟਰੀ ਮਿਆਰਾਂ ਅਨੁਸਾਰ ਹੁਨਰ ਸਿਖਲਾਈ ਦੇਣ ਅਤੇ ਗੈਰ-ਕਾਨੂੰਨੀ ਪ੍ਰਵਾਸ ਦੇ ਰੁਝਾਨ ਨੂੰ ਰੋਕਣ ਦੇ ਦੋਹਰੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਚਲਾਏ ਜਾ ਰਹੇ ਹੁਨਰ ਵਿਕਾਸ ਕੇਂਦਰਾਂ ਵਿੱਚੋਂ ਇਕ ਕੇਂਦਰ ਵਿਖੇ ਇੰਗਲੈਂਡ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਹੁਨਰ ਸਿਖਲਾਈ ਕੇਂਦਰ ਸਥਾਪਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬੀ ਆਪਣੇ ਸੁਭਾਅ ਤੋਂ ਹੀ ਮਿਹਨਤੀ ਅਤੇ ਹਰ ਕੰਮ ਆਪਣੇ ਦਿਲ ਅਤੇ ਦਿਮਾਗ ਨਾਲ ਕਰਨ ਦਾ ਹੌਂਸਲਾ ਰੱਖਦੇ ਹਨ। ਅੱਜ ਮੁਕਾਬਲੇ ਦੇ ਦੌਰ ਵਿੱਚ ਪੂਰੇ ਵਿਸ਼ਵ ਨੂੰ ਅਜਿਹੇ ਲੋਕਾਂ ਦੀ ਲੋਡ਼ ਹੈ। ਇਸ ਲਈ ਜੇਕਰ ਪੰਜਾਬੀਆਂ ਨੂੰ ਤਕਨੀਕੀ ਤੌਰ ‘ਤੇ ਹੁਨਰਮੰਦ ਬਣਾ ਦਿੱਤਾ ਜਾਵੇ ਤਾਂ ਇਹ ਅੰਤਰਰਾਸ਼ਟਰੀ ਪੱਧਰ ‘ਤੇ ਹੁਨਰਮੰਦਾਂ ਦੀ ਭਾਰੀ ਮੰਗ ਨੂੰ ਪੂਰਾ ਕਰ ਸਕਦੇ ਹਨ।

ਪੰਜਾਬ ਸਰਕਾਰ ਦੇ ਹੁਨਰ ਵਿਕਾਸ ਸਲਾਹਕਾਰ ਡਾ. ਸੰਦੀਪ ਸਿੰਘ ਕੌਡ਼ਾ ਨੇ ਦੱਸਿਆ ਕਿ ਪੰਜਾਬ ਸਰਕਾਰ ਲੁਧਿਆਣਾ ਸਮੇਤ ਵਿਸ਼ਵ ਦੀਆਂ ਸਨਅਤਾਂ ਨਾਲ ਸੰਬੰਧਤ ਤਕਨੀਕੀ ਮਾਹਿਰਾਂ ਦੀਆਂ ਲੋਡ਼ਾਂ ਨੂੰ ਪੂਰਾ ਕਰਨ ਲਈ ਸਿਰਤੋਡ਼ ਯਤਨ ਕਰ ਰਹੀ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਤਕਨੀਕੀ ਤੌਰ ‘ਤੇ ਇਨਾਂ ਹੁਨਰਮੰਦ ਕਰ ਦਿੱਤਾ ਜਾਵੇ ਕਿ ਇਹ ਵਿਸ਼ਵ ਦੇ ਹਰੇਕ ਕੋਨੇ ਵਿੱਚ ਕੰਮ ਕਰਨ ਦੇ ਸਮਰੱਥ ਹੋਣ ਅਤੇ ਉਥੋਂ ਦੀਆਂ ਲੋਡ਼ਾਂ ਪੂਰੀਆਂ ਕਰ ਸਕਣ। ਵਫਦ ਵੱਲੋਂ ਇੱਕ ਹੁਨਰੀ ਸਮਾਧਾਨ ਸਥਾਪਤ ਕਰਨ ਦੀ ਲੋਡ਼ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਉੱਚ ਪਾਏ ਦੀ ਹੁਨਰੀ ਸਿਖਲਾਈ ਅਤੇ ਹੁਨਰ ਵਾਧੇ ਰਾਹੀਂ ਕਾਨੂੰਨੀ ਤਰੀਕਿਆਂ ਜ਼ਰੀਏ ਵਿਦੇਸ਼ਾ ਵਿੱਚ ਸਥਾਪਤੀ ਦਾ ਰਾਹ ਖੋਲਿਆ ਜਾ ਸਕੇ।
ਵਫਦ ਦੇ ਮੈਂਬਰਾਂ ਅਨੁਸਾਰ ਜੇਕਰ ਅਜਿਹਾ ਕੇਂਦਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸਥਾਪਤ ਹੁੰਦਾ ਹੈ ਤਾਂ ਇਹ ਕਾਮਯਾਬ ਸਾਬਤ ਹੋਵੇਗਾ। ਉਨਾਂ ਕਿਹਾ ਕਿ ਇਸ ਕੇਂਦਰ ਦੀ ਸਥਾਪਤੀ ਨਾਲ ਹੁਨਰੀ ਸਿਖ਼ਲਾਈ ਦੇ ਨਾਲ-ਨਾਲ ਗੈਰ-ਕਾਨੂੰਨੀ ਤਰੀਕਿਆਂ ਜ਼ਰੀਏ ਬਾਹਰ ਜਾਣ ਦੇ ਰੁਝਾਨ ਨੂੰ ਵੀ ਠੱਲ ਪਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਨਸ਼ਾ ਇਹੋ ਹੈ ਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਉਦਯੋਗਿਕ ਲੋਡ਼ਾਂ ਦੇ ਮਿਆਰ ਅਨੁਸਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਸਕੇ। ਇਥੇ ਦੱਸਣਯੋਗ ਹੈ ਕਿ ਇਸ ਸਬੰਧ ਵਿੱਚ ਪੰਜਾਬ ਸਰਕਾਰ ਅਤੇ ਬ੍ਰਿਟਿਸ਼ ਹਾਈ ਕਮਿਸ਼ਨ ਦਰਮਿਆਨ ਕੁਝ ਮਹੀਨੇ ਪਹਿਲਾਂ ਹੀ ਸਮਝੌਤਾ ਸਹੀਬੱਧ ਹੋਇਆ ਸੀ। ਉਨਾਂ ਕਿਹਾ ਕਿ ਇਹ ਕਦਮ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਮਾਣ ਵਾਲੇ ਤਰੀਕੇ ਨਾਲ ਵਸਣ ਦੇ ਸੁਪਨੇ ਨੂੰ ਬੂਰ ਪਾਵੇਗਾ।
ਇਸ ਮੌਕੇ ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਮਿਸ ਸਵਾਤੀ ਠਾਕੁਰ ਨੇ ਵੱਲੋਂ ਵਫਦ ਨੂੰ ਦੱਸਿਆ ਕਿ ਇਥੇ ਚਲਾਏ ਜਾ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਫ਼ਦ ਨੇ ਇਸ ਕੇਂਦਰ ਦਾ ਦੌਰਾ ਕੀਤਾ ਅਤੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਗਈ।