![]()

ਮਾਂ ਦਾ ਪਹਿਲਾ ਗਾੜਾ ਪੀਲਾ ਦੁੱਧ ਬੱਚੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਕਰਦਾ–ਸਿਵਲ ਸਰਜਨ
ਲੁਧਿਆਣਾ, 1 ਅਗਸਤ ((ਸਤ ਪਾਲ ਸੋਨੀ) : ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਲੁਧਿਆਣਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਧੀਕ ਕਮਿਸ਼ਨਰ ਆਮਦਨ ਕਰ ਵਿਭਾਗ ਰਾਜਿੰਦਰ ਕੌਰ, ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਐਸ.ਪੀ. ਸਿੰਘ, ਜ਼ਿਲਾ ਟੀਕਾਕਰਨ ਅਫਸਰ ਡਾ. ਕਿਰਨ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ. ਅਵਿਨਾਸ਼ ਜਿੰਦਲ ਅਤੇ ਜੱਚਾ ਬੱਚਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਤਿੰਦਰ ਕੌਰ ਹਾਜ਼ਰ ਸਨ।

ਇਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਵੱਲੋਂ ਦੱਸਿਆ ਗਿਆ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ। ਜਿਹੜਾ ਬੱਚਾ ਆਪਣੀ ਮਾਂ ਦਾ ਪਹਿਲਾ ਦੁੱਧ ਪੀਂਦਾ ਹੈ ਬਿਮਾਰੀਆਂ ਉਸ ਕੋਲੋਂ ਦੂਰ ਰਹਿੰਦੀਆਂ ਹਨ। ਸਰਕਾਰ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਉਸ ਨੂੰ ਮਾਂ ਦਾ ਪਹਿਲਾ ਗਾੜਾ ਪੀਲਾ ਦੁੱਧ ਪਿਲਾਇਆ ਜਾਵੇ ਤਾਂ ਜੋ ਬੱਚੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਹੋਵੇ।
ਸਿਵਲ ਹਸਪਤਾਲ ਖੰਨਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਜਿੰਦਰ ਗੁਲਾਟੀ ਵੱਲੋਂ ਪੇਸ਼ਕਾਰੀ ਰਾਹੀਂ ਦੱਸਿਆ ਗਿਆ ਕਿ ਬੱਚੇ ਨੂੰ ਜਨਮ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਮਾਂ ਦਾ ਪਹਿਲਾ ਦੁੱਧ ਬੱਚੇ ਨੂੰ ਦਸਤ ਅਤੇ ਨਮੂਨੀਆ ਤੋਂ ਬਚਾਉਂਦਾ ਹੈ। ਮਾਂ ਦੇ ਪਹਿਲੇ ਗਾੜੇ ਦੁੱਧ (ਬਹੁਲਾ) ਵਿੱਚ ਨਵ ਜਨਮੇ ਬੱਚੇ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। ਉਨਾਂ ਦੱਸਿਆ ਕਿ ਜਨਮ ਤੋਂ ਲੈ ਕੇ 6 ਮਹੀਨਿਆਂ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਪਾਣੀ ਵੀ ਨਹੀਂ। 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ ਨਾਲ ਨਰਮ ਖੁਰਾਕ ਜਿਵੇਂ ਚਾਵਲ, ਖਿਚੜੀ ਅਤੇ ਦਲੀਆ ਆਦਿ ਵੀ ਦਿਓ। ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਰਹਿੰਦੀ ਹੈ ਤਾਂ ਉਹ ਖੁਦ ਵੀ ਤੰਦਰੁਸਤ ਰਹਿੰਦੀ ਹੈ ਅਤੇ ਗਰਭਧਾਰਨ ਦੀ ਸੰਭਾਵਨਾ ਘੱਟ ਹੁੰਦੀ ਹੈ।
ਇਸ ਮੌਕੇ ਮਾਸ ਮੀਡੀਆ ਵਿੰਗ ਵੱਲੋਂ ਆਰਟਿਸਟ ਨਵਨੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ, ਡਿਪਟੀ ਮਾਸ ਮੀਡੀਆ ਅਫਸਰ ਦਲਜੀਤ ਸਿੰਘ, ਰਜਿੰਦਰ ਸਿੰਘ ਬੀ.ਈ.ਈ. ਅਤੇ ਇੰਦਰਜੀਤ ਸਿੰਘ ਹਾਜ਼ਰ ਸਨ।