![]()

ਜ਼ਿਲਾ ਲੁਧਿਆਣਾ ਦੇਸ਼ ਭਰ ਵਿਚੋਂ ਦੂਜੇ ਸਥਾਨ ‘ਤੇ, ਲੋਕਾਂ ਨੂੰ ‘ਸਵੱਛ ਭਾਰਤ ਮਿਸ਼ਨ’ ਨੂੰ ਸਫ਼ਲ ਕਰਨ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ
ਲੁਧਿਆਣਾ, 17 ਸਤੰਬਰ ( ਸਤ ਪਾਲ ਸੋਨੀ ) : ਮੁਲਕ ਭਰ ਵਿਚ ਵਿੱਢੀ ਗਈ ‘ਮਿਸ਼ਨ ਸਵੱਛ ਤੇ ਸਵੱਸਥ’ ਦੀ ਲਗਾਤਾਰ ਜ਼ਿਲਾ ਵਾਰ ਕੀਤੀ ਜਾਂਦੀ ਨਜ਼ਰਸਾਨੀ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਜ਼ਿਲਾ ਲੁਧਿਆਣਾ ਗ੍ਰਾਮੀਣ ਦਰਜਾਬੰਦੀ ਵਿੱਚ ਦੇਸ਼ ਵਿੱਚੋਂ ਦੂਜੇ ਸਥਾਨ ਉੱਤੇ ਆਇਆ ਹੈ। ਦੱਸਣਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਵੀ ਇਹ ਦਰਜਾਬੰਦੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਜ਼ਿਲਾ ਲੁਧਿਆਣਾ ਨੂੰ 123ਵਾਂ ਦਰਜਾ ਦਿੱਤਾ ਗਿਆ ਸੀ। ਇਹ ਜਾਣਕਾਰੀ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੁਧਿਆਣਾ ਵਿਖੇ ਮਨਾਏ ਗਏ ਸ਼੍ਰਮਦਾਨ ਦਿਵਸ ਮੌਕੇ ਦਿੱਤੀ।
ਸ੍ਰੀ ਬਦਨੌਰ ਨੇ ਇਸ ਮੌਕੇ ਜ਼ਿਲਾ ਲੁਧਿਆਣਾ ਵਾਸੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਸਵੱਛ ਭਾਰਤ ਮਿਸ਼ਨ’ ਨੂੰ ਸਫ਼ਲ ਕਰਨ ਲਈ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਜਿਸ ਤਰਾਂ ਆਪਣੇ ਸਰੀਰ ਦੀ ਸਫ਼ਾਈ ਪ੍ਰਤੀ ਚਿੰਤਤ ਰਹਿੰਦੇ ਹਾਂ ਅਤੇ ਰੋਜ਼ਾਨਾ ਤਿਆਰ ਹੁੰਦੇ ਹਾਂ, ਇਹੀ ਭਾਵਨਾ ਸਾਨੂੰ ਆਪਣੇ ਆਲੇ-ਦੁਆਲੇ ਪ੍ਰਤੀ ਵੀ ਰੱਖਣੀ ਚਾਹੀਦੀ ਹੈ। ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦੀ ਜ਼ਿੰਮੇਂਵਾਰੀ ਨੂੰ ਦੂਸਰਿਆਂ ‘ਤੇ ਸੁੱਟਣ ਦੀ ਬਜਾਏ ਖੁਦ ਹੀ ਇਸ ਪ੍ਰਤੀ ਸੰਜੀਦਾ ਹੋ ਜਾਈਏ ਤਾਂ ਅਜਿਹੀਆਂ ਮੁਹਿੰਮਾਂ ਚਲਾ ਕੇ ਲੋਕਾਂ ਨੂੰ ਆਪਣੀ ਜ਼ਿੰਮੇਂਵਾਰੀ ਪ੍ਰਤੀ ਜਾਗਰੂਕ ਕਰਨ ਦੀ ਲੋਡ਼ ਹੀ ਨਹੀਂ ਰਹੇਗੀ।ਉਨਾਂ ਆਖਿਆ ਕਿ ਸੰਵਿਧਾਨ ਨੇ ਜੇਕਰ ਸਾਨੂੰ ਮੌਲਿਕ ਅਧਿਕਾਰ ਦਿੱਤੇ ਹਨ ਤਾਂ ਸਾਡੀਆਂ ਦੇਸ਼ ਅਤੇ ਰਾਸ਼ਟਰ ਪ੍ਰਤੀ ਕੁੱਝ ਜ਼ਿੰਮੇਂਵਾਰੀਆਂ ਵੀ ਨਿਰਧਾਰਿਤ ਕੀਤੀਆਂ ਹਨ। ਅਸੀਂ ਆਪਣੇ ਅਧਿਕਾਰਾਂ ਪ੍ਰਤੀ ਤਾਂ ਪੂਰੀ ਤਰਾਂ ਚੇਤੰਨ ਹੁੰਦੇ ਹਾਂ ਪਰ ਜਦੋਂ ਗੱਲ ਕਰਤੱਵਾਂ ਦੀ ਆਉਂਦੀ ਹੈ ਤਾਂ ਅਸੀਂ ਇਸ ਦੀ ਜ਼ਿੰਮੇਵਾਰੀ ਦੂਸਰਿਆਂ ‘ਤੇ ਸੁੱਟ ਦਿੰਦੇ ਹਾਂ, ਜੋ ਕਿ ਸਹੀ ਨਹੀਂ ਹੈ। ਉਨਾਂ ਆਖਿਆ ਕਿ ਸਫ਼ਾਈ ਰੱਖਣਾ ਸਾਡਾ ਸਭ ਤੋਂ ਵੱਡਾ ਕਰਤੱਵ ਹੈ ਅਤੇ ਸਾਨੂੰ ਇਸ ਪ੍ਰਤੀ ਕਦੇ ਵੀ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ।
ਇਸ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪ੍ਰਾਪਤ ਅੰਕਡ਼ਿਆਂ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਦੇਸ਼ ਨੂੰ 2019 ਤੱਕ ਪੂਰੀ ਤਰਾਂ ‘ਸਵੱਛ ਅਤੇ ਸਵੱਸਥ’ ਬਣਾਉਣ ਲਈ ਸਾਰੇ ਸੂਬਿਆਂ ਵਿੱਚ ਚਲਾਈਆਂ ਜਾ ਰਹੀਆਂ ‘ਮਿਸ਼ਨ ਸਵੱਛ ਤੇ ਸਵੱਸਥ’ ਮੁਹਿੰਮਾਂ ਵਿਚ ਸਿਹਤਮੰਦ ਮੁਕਾਬਲਾ ਕਰਾਉਣ ਲਈ ਕੇਂਦਰ ਸਰਕਾਰ ਦੇ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਲਗਾਤਾਰ ਜ਼ਿਲਾ ਵਾਰ ਨਜ਼ਰਸਾਨੀ ਕੀਤੀ ਜਾਂਦੀ ਹੈ। ਹਰ ਰੋਜ਼ ਕੀਤੀ ਜਾਣ ਵਾਲੀ ਇਸ ਨਜ਼ਰਸਾਨੀ ਦੇ ਨਤੀਜਿਆਂ ਦੇ ਅਧਾਰ ਉੱਤੇ ਮੋਹਰੀ ਰਹਿਣ ਵਾਲੇ ਜ਼ਿਲਿਆਂ ਨੂੰ ਆਉਂਦੀ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਰਸਕਾਰ ਦਿੱਤੇ ਜਾਣਗੇ।

ਇਸ ਮੌਕੇ ਸ੍ਰੀ ਬਦਨੌਰ ਨੇ ਲੁਧਿਆਣਾ ਵਿਖੇ ਚਲਾਈ ਗਈ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਖੁਦ ਝਾਡ਼ੂ ਫਡ਼ ਕੇ ਸਫਾਈ ਵੀ ਕੀਤੀ। ਦੱਸਣਯੋਗ ਹੈ ਕਿ ਅੱਜ ਦੂਰਦਰਸ਼ਨ ਕੇਂਦਰ ਵੱਲੋਂ ‘ਟੁਆਲਿਟ-ਇੱਕ ਪ੍ਰੇਮ ਕਥਾ’ ਦਾ ਪ੍ਰਸਾਰਨ ਵੀ ਕੀਤਾ ਗਿਆ ਸੀ, ਜਿਸ ਦਾ ਕਈ ਪਿੰਡਾਂ ਵਿੱਚ ਪ੍ਰਸਾਰਨ ਦਿਖਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਸ੍ਰੀ ਬਦਨੌਰ ਨੇ ‘ਸਵੱਛਤਾ ਹਸਤਾਖ਼ਰ ਮੁਹਿੰਮ’ ਦੀ ਵੀ ਸ਼ੁਰੂਆਤ ਕੀਤੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੀ ਤਰ•ਾਂ ਸਰਕਾਰੀ ਦਫ਼ਤਰਾਂ ਅਤੇ ਜਨਤਕ ਸਥਾਨਾਂ ਦੀ ਸਫ਼ਾਈ ਕਰਨ ਅਤੇ ਕਰਾਉਣ ਲਈ ਯਤਨ ਕਰਨ। ਇਸ ਮੌਕੇ ਕਈ ਥਾਂਈਂ ਸਵੱਛਤਾ ਮੁਹਿੰਮ ਸੰਬੰਧੀ ਸਹੁੰ ਵੀ ਚੁੱਕਾਈ ਗਈ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰ. ਰਿਸ਼ੀਪਾਲ ਸਿੰਘ, ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰ. ਹਰਸਤਿੰਦਰਪਾਲ ਸਿੰਘ ਢਿੱਲੋਂ, ਕਾਰਜਕਾਰੀ ਇੰਜੀਨੀਅਰ ਸ੍ਰ. ਜਸਵਿੰਦਰ ਸਿੰਘ ਚਾਹਲ ਤੇ ਸ੍ਰ. ਅਮ੍ਰਿਤਪਾਲ ਸਿੰਘ ਗਿੱਲ ਅਤੇ ਹੋਰ ਵੀ ਹਾਜ਼ਰ ਸਨ।