![]()

ਪੰਜਾਬੀ ਸਾਹਿਤ ਅਕਾਦਮੀ ਵਿਖੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ
ਲੁਧਿਆਣਾ, 20 ਜੂਨ (ਸਤ ਪਾਲ ਸੋਨੀ) : ਸਿੱਖ ਕੌਮ ਅਤੇ ਪੰਜਾਬੀਆਂ ਦੇ ਮਹਾਨ ਆਗੂ ਮਾਸਟਰ ਤਾਰਾ ਸਿੰਘ ਦਾ ਜਨਮ ਦਿਹਾੜਾ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਦੇ ਤੌਰ ‘ਤੇ ਮਿਤੀ 24 ਜੂਨ, 2019 ਦਿਨ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਸਹਿਕਾਰਤਾ ਅਤੇ ਜੇਲਾਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਸੰਬੰਧੀ ਤਿਆਰੀਆਂ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਅਕਾਦਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਮਨਦੀਪ ਸਿੰਘ ਗਰੇਵਾਲ, ਹਰੀਸ਼ ਪੱਖੋਵਾਲ, ਸੁਮਿਤ ਗੁਲਾਟੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਸਮਾਗਮ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਪੰਜਾਬੀ ਭਵਨ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਚੁਣੇ ਹੋਏ ਨੁਮਾਇੰਦੇ, ਵਿਧਾਇਕ ਸਾਹਿਬਾਨ, ਸਾਹਿਤਕਾਰ, ਬੁੱਧੀਜੀਵੀ, ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸ਼ਹਿਰਵਾਸੀ ਵੱਡੀ ਗਿਣਤੀ ਵਿੱਚ ਭਾਗ ਲੈਣਗੇ।ਰਵਿੰਦਰ ਸਿੰਘ ਭੱਠਲ ਅਤੇ ਪ੍ਰੋਫੈਸਰ ਗਿੱਲ ਨੇ ਦੱਸਿਆ ਕਿ ਇਹ ਰਾਜ ਪੱਧਰੀ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾਡ਼ਨ ਲਈ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਜ਼ਿਲਾ ਪ੍ਰਸਾਸ਼ਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨਾਂ ਇਹ ਰਾਜ ਪੱਧਰੀ ਸਮਾਗਮ ਦਾ ਆਯੋਜਨ ਕਰਨ ਲਈ ਪੰਜਾਬੀ ਸਾਹਿਤ ਅਕਾਦਮੀ ਨੂੰ ਚੁਣਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਲੈਫ. ਜਨਰਲ (ਸੇਵਾਮੁਕਤ) ਹਰਬਖ਼ਸ਼ ਸਿੰਘ ਬਾਰੇ ਗੁਰਦੀਪ ਕੌਰ ਵੱਲੋਂ ਅਨੁਵਾਦਿਤ ਪੁਸਤਕ ‘ਫਰਜ਼ ਦੇ ਰਾਹ ‘ਤੇ‘ ਵੀ ਰਿਲੀਜ਼ ਕੀਤੀ ਗਈ। ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਕਿਤਾਬ ਵਿੱਚ ਇਕੱਲੇ ਇੱਕ ਸੈਨਿਕ ਦੀ ਬਹਾਦਰੀ ਦੀ ਹੀ ਗੱਲ ਨਹੀਂ ਕੀਤੀ ਗਈ ਸਗੋਂ ਇਹ ਕਿਤਾਬ ਹਰ ਉਮਰ ਦੇ ਪਾਠਕਾਂ ਲਈ ਜਾਣਕਾਰੀ ਦਾ ਜ਼ਰੀਆ ਬਣੇਗੀ।