![]()

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਕਰਨ ਲਈ ਕਿਹਾ
ਲੁਧਿਆਣਾ, 14 ਸਤੰਬਰ ( ਸਤ ਪਾਲ ਸੋਨੀ ) : ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਖ਼ਬਰਦਾਰ ਕਰਦਿਆਂ ਹਦਾਇਤ ਜਾਰੀ ਕੀਤੀ ਹੈ ਕਿ ਉਹ ਆਪਣੇ ਕੰਮ ਲਈ ਅੱਗੇ ਕਰਿੰਦੇ ਰੱਖਣ ਤੋਂ ਬਾਜ਼ ਆ ਜਾਣ, ਨਹੀਂ ਤਾਂ ਉਨਾਂ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੀਤੇ ਦਿਨੀਂ ਆਮ ਲੋਕਾਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਾਉਣ ਬਦਲੇ ਰਿਸ਼ਵਤ ਲੈਣ ਦੇ ਸਾਹਮਣੇ ਆਏ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨਾਂ ਕਿਹਾ ਕਿ ਆਮ ਤੌਰ ‘ਤੇ ਦੇਖਣ ਵਿੱਚ ਆਇਆ ਹੈ ਕਿ ਵੱਖ-ਵੱਖ ਅਧਿਕਾਰੀਆਂ (ਖਾਸ ਤੌਰ ‘ਤੇ ਮਾਲ ਵਿਭਾਗ ਨਾਲ ਸੰਬੰਧਤ ਪਟਵਾਰੀ) ਵੱਲੋਂ ਆਪਣਾ ਦਫ਼ਤਰੀ ਕੰਮ ਕਰਨ ਲਈ ਅੱਗੇ ਕਰਿੰਦੇ ਰੱਖੇ ਹੋਏ ਹਨ, ਜੋ ਕਿ ਆਮ ਲੋਕਾਂ ਤੋਂ ਕੰਮ ਕਰਾਉਣ ਬਦਲੇ ਰਿਸ਼ਵਤ ਦੀ ਮੰਗ ਕਰਦੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।
ਸ੍ਰ. ਬਿੱਟੂ ਨੇ ਕਿਹਾ ਕਿ ਉਨਾਂ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨਾਲ ਗੱਲ ਕੀਤੀ ਹੈ ਕਿ ਅਜਿਹੇ ਅਧਿਕਾਰੀਆਂ ਦੀ ਸ਼ਨਾਖ਼ਤ ਕਰਕੇ ਕਾਰਵਾਈ ਕੀਤੀ ਜਾਵੇ, ਜਿਨਾਂ ਨੇ ਆਪਣੇ ਦਫ਼ਤਰਾਂ ਵਿੱਚ ਕਰਿੰਦੇ ਬਿਠਾਏ ਹੋਏ ਹਨ। ਇਹ ਕਰਿੰਦੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਤਾਂ ਕਰਦੇ ਹੀ ਹਨ, ਸਗੋਂ ਉਨਾਂ ਤੋਂ ਹਰ ਕੰਮ ਬਦਲੇ ਰਿਸ਼ਵਤ ਦੀ ਵੀ ਮੰਗ ਕਰਦੇ ਹਨ। ਉਨਾਂ ਕਿਹਾ ਕਿ ਅਜਿਹੀ ਪਿਰਤ ਅਤੇ ਕਾਰਵਾਈਆਂ ਨਾਲ ਜਿੱਥੇ ਪੰਜਾਬ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ, ਉਥੇ ਆਮ ਲੋਕਾਂ ਦਾ ਵਿੱਤੀ ਅਤੇ ਮਾਨਸਿਕ ਨੁਕਸਾਨ ਵੀ ਹੁੰਦਾ ਹੈ।
ਉਨਾਂ ਕਿਹਾ ਕਿ ਇਸ ਸੰਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਆਰ. ਐੱਨ. ਢੋਕੇ ਨੂੰ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਅਧਿਕਾਰੀ ਕੋਲ ਜਾਂ ਦਫ਼ਤਰ ਵਿੱਚ ਕੋਈ ਕਰਿੰਦਾ ਨਜਾਇਜ਼ ਤੌਰ ‘ਤੇ ਕੰਮ ਕਰਦਾ ਫਡ਼ਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਕਰਿੰਦੇ ਰੱਖਣ ਵਾਲੇ ਅਧਿਕਾਰੀਆਂ ਨੂੰ ਵੀ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇਗਾ। ਸ੍ਰ. ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਕਿਸੇ ਵੀ ਤਰਾਂ ਦੀ ਰਿਸ਼ਵਤ ਅਤੇ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।