![]()
ਏ. ਡੀ. ਜੀ. ਪੀ. ਸਪੈਸ਼ਲ ਟਾਸਕ ਫੋਰਸ ਵੱਲੋਂ ਜ਼ਿਲਾ ਲੁਧਿਆਣਾ ਦੇ ਪ੍ਰਸ਼ਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ

ਲੁਧਿਆਣਾ, 16 ਅਪ੍ਰੈਲ (ਸਤ ਪਾਲ ਸੋਨੀ): ”ਪੁਲਿਸ ਅਧਿਕਾਰੀਆਂ, ਸਿਵਲ ਅਧਿਕਾਰੀਆਂ, ਅਧਿਆਪਕਾਂ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਸਾਡਾ ਰਾਜ ਹੈ ਅਤੇ ਇਸ ਨੂੰ ਨਸ਼ਿਆਂ ਸਮੇਤ ਹਰ ਪੱਖ ਤੋਂ ਅਸੀਂ ਸੰਭਾਲਣਾ ਹੈ।” ਇਨਾਂ ਸ਼ਬਦਾਂ ਦਾ ਪ੍ਰਗਟਾਵਾ ਏ.ਡੀ.ਜੀ.ਪੀ. ਐਸ.ਟੀ.ਐਫ ਗੁਰਪ੍ਰੀਤ ਕੌਰ ਦਿਓ ਨੇ ਬੱਡੀ ਪ੍ਰੋਗਰਾਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕਰਨ ਲਈ ਪੁਲਿਸ ਅਤੇ ਪ੍ਰਸ਼ਾਨਿਕ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਆਈ.ਜੀ. ਐਸ.ਟੀ.ਐਫ. ਪ੍ਰਮੋਦ ਬਾਨ ਅਤੇ ਏ.ਆਈ.ਜੀ. ਐਸ.ਟੀ.ਐਫ. ਸਨੇਹ ਦੀਪ ਸ਼ਰਮਾਂ ਵੀ ਹਾਜ਼ਰ ਸਨ।
ਏ.ਡੀ.ਜੀ.ਪੀ. ਨੇ ਸਮੂਹ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆ ਦੇ ਵਹਿਣ ਨੂੰ ਘੱਟ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਅਤੇ ਡੈਪੋ ਪ੍ਰੋਗਰਾਮ ਤਹਿਤ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇ। ਉਨਾਂ ਹਦਾਇਤ ਕੀਤੀ ਕਿ ਹੋਰ ਵਰਗਾਂ ਦੇ ਨਾਲ-ਨਾਲ ਨੌਜਵਾਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਉਨਾਂ ਸਮੂਹ ਐਸ.ਡੀ.ਐਮਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਏਰੀਏ ਵਿੱਚ ਪੈਂਦੇ ਓਟ ਕਲੀਨਿਕ ਦਾ ਸਮੇਂ-ਸਮੇਂ ‘ਤੇ ਦੌਰਾ ਕਰਨ ਅਤੇ ਜਰੂਰੀ ਹਦਾਇਤਾਂ ਜਾਰੀ ਕਰਨ।ਉਨਾਂ ਮਾਸਟਰ ਟ੍ਰੇਨਰਾਂ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਨਸ਼ਾ ਛੁਡਾਊ ਕੇਂਦਰ ਵਿੱਚ ਆਉਣ ਵਾਲੇ ਵਿਅਕਤੀ ਦਾ ਵਿਸ਼ੇਸ ਖਿਆਲ ਰੱਖਿਆ ਜਾਵੇ, ਦਵਾਈਆਂ ਦੇ ਨਾਲ-ਨਾਲ ਉਨਾਂ ਦੀ ਮਾਹਿਰ ਡਾਕਟਰਾਂ ਤੋਂ ਕੌਸਲਿੰਗ ਕਰਵਾਈ ਜਾਵੇ ਤਾਂ ਕਿ ਉਹ ਨਸ਼ੇ ਛੱਡ ਕੇ ਮੁਡ਼ ਖੁਸ਼ਹਾਲ ਜ਼ਿੰਦਗੀ ਜੀਅ ਸਕਣ।
ਇਸ ਮੌਕੇ ਸਮੂਹ ਐਸ.ਡੀ.ਐਮਜ਼ ਅਤੇ ਮਾਸਟਰ ਟ੍ਰੇਨਰਾਂ ਨੇ ਇੱਕ ਮੱਤ ਹੁੰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਹੋਰ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਪਿੰਡ ਦੇ ਸਰਪੰਚਾਂ/ਪੰਚਾਂ, ਆਸ਼ਾ ਵਰਕਰਾਂ ਅਤੇ ਪ੍ਰਭਾਵੀਂ ਵਿਅਕਤੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨਾਂ ਇਹ ਵੀ ਸੁਝਾਅ ਦਿੱਤਾ ਕਿ ਨਸ਼ਾ ਛੁਡਾਊ ਮੋਬਾਇਲ ਯੂਨਿਟ ਕਾਇਮ ਕੀਤਾ ਜਾਵੇ ਤਾਂ ਕਿ ਲੋਡ਼ਵੰਦਾਂ ਨੂੰ ਘਰ ਵਿੱਚ ਹੀ ਇਲਾਜ਼, ਦਵਾਈਆਂ ਅਤੇ ਕੌਸਲਿੰਗ ਮਿਲ ਸਕੇ ਅਤੇ ਨਸ਼ਾ ਕਰਨ ਵਾਲਾ ਵਿਅਕਤੀ ਹਰ ਸਮੇਂ ਨਿਗਰਾਨੀ ਵਿੱਚ ਰਹਿ ਸਕੇ।
ਏ.ਡੀ.ਜੀ.ਪੀ. ਨੇ ਉਨਾਂ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਉਹ ਇਸ ਨੂੰ ਲਾਗੂ ਕਰਨ ਲਈ ਉਨਾਂ ਦੇ ਵਿਚਾਰ ਉਚ ਅਧਿਕਾਰੀਆਂ ਦੇ ਸਾਹਮਣੇ ਰੱਖਣਗੇ। ਉਨਾਂ ਮਾਸਟਰ ਟ੍ਰੇਨਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਲੋਕਾਂ ਸਾਹਮਣੇ ਇੱਕ ਸਰਬੋਤਮ ਮਾਡਲ ਪੇਸ਼ ਕਰਨ। ਇਸ ਮੌਕੇ ਉਨਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀ ਵਰਗ ਨੂੰ ਅਜਿਹੇ ਭੈਡ਼ੇ ਕੰਮਾਂ ਤੋਂ ਬਚਾਉਣ ਲਈ ਸਕੂਲ ਦੇ ਵਾਧੂ ਸਮੇਂ ਦੌਰਾਨ ਉਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਨਸ਼ੇ ਵਰਗੀਆਂ ਮਾਡ਼ੀਆਂ ਆਦਤਾਂ ਦੇ ਗੰਭੀਰ ਨਤੀਜਿਆਂ ਦੀ ਜਾਣਕਾਰੀ ਦਿੱਤੀ ਜਾਵੇ। ਉਨਾਂ ਦੱਸਿਆ ਕਿ ਸਕੂਲੀ ਬੱਚਿਆਂ ‘ਚ ਵਿਦਿਆਰਥੀ ਸਮੇਂ ਦੌਰਾਨ ਬਚਪਨਾ ਹੁੰਦਾ ਹੈ, ਇਸ ਲਈ ਉਨਾਂ ਨੂੰ ਬਚਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿੱਟਰੀ ਰੋਡ ਦੇ ”ਡੈਪੋ’ ਸਟੂਡੈਂਟਸ ਵੀ ਹਾਜ਼ਰ ਸਨ। ਏ.ਡੀ.ਜੀ.ਪੀ. ਨੇ ਉਨਾਂ ਨਾਲ ਨਸ਼ਿਆਂ ਪ੍ਰਤੀ ਕੁੱਝ ਸੁਆਲ ਪੁੱਛੇ ਜਿਨਾਂ ਦੇ ਵਿਦਿਆਰਥੀਆਂ ਨੇ ਆਪਣੀ ਪੂਰੀ ਸੂਝ-ਬੂਝ ਨਾਲ ਉੱਤਰ ਦਿੱਤੇ, ਵਿਦਿਆਰਥੀਆਂ ਦੀ ਜਾਗਰੂਕਤਾ ਤੋਂ ਸਮੂਹ ਅਧਿਕਾਰੀਆਂ ਨੇ ਬੇਹੱਦ ਪ੍ਰਸੰਨਤਾ ਮਹਿਸੁਸ ਕੀਤੀ ਹੈ।
ਮੀਟਿੰਗ ਦੌਰਾਨ ਉਨਾਂ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਪੂਰੀ ਤਰਾਂ ਜਾਗਰੂਕ ਕੀਤਾ ਜਾਵੇ। ‘ਡੈਪੋ’ ਅਤੇ ‘ਬੱਡੀ’ ਪ੍ਰੋਗਰਾਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ ਸੁਖਚੈਨ ਸਿੰਘ ਗਿੱਲ, ਐਸ.ਐਸ.ਪੀ. ਜਗਰਾਂਓ ਸ੍ਰੀ ਵਰਿੰਦਰ ਸਿੰਘ ਬਰਾਡ਼, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਸਮੂਹ ਐਸ.ਡੀ.ਐਮਜ਼, ਸਿਹਤ ਵਿਭਾਗ, ਸਿੱਖਿਆ ਵਿਭਾਲਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।