![]()
ਡਾ. ਅੰਬੇਦਕਰ ਵੱਲੋਂ ਦਰਸਾਏ ਰਸਤੇ ‘ਤੇ ਚੱਲ ਕੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ, 14 ਅਪ੍ਰੈਲ (ਸਤ ਪਾਲ ਸੋਨੀ): ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਦਾ ਆਯੋਜਨ ਅੱਜ ਸਥਾਨਕ ਸੀਨੀਅਰ ਸੈਕੰਡਰੀ ਰਿਹਾਇਸ਼ੀ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਵਿਖੇ ਜ਼ਿਲਾ ਪ੍ਰਸਾਸ਼ਨ ਵੱਲੋਂ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਉਨਾਂ ਨੇ ਜ਼ਿਲਾ ਕਚਹਿਰੀਆ ਮਿੰਨੀ ਸਕੱਤਰੇਤ ਵਿਖੇ ਸਥਾਪਤ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ‘ਤੇ ਫੁੱਲ-ਮਲਾਵਾਂ ਭੇਟ ਕਰਕੇ ਉਨਾਂ ਆਪਣੀ ਸ਼ਰਧਾਜ਼ਲੀ ਭੇਟ ਕੀਤੀ।

ਮੈਰੀਟੋਰੀਅਸ ਸਕੂਲ ਵਿਖੇ ਡਾ. ਅੰਬੇਦਕਰ ਦੀ ਤਸਵੀਰ ‘ਤੇ ਫੁੱਲ ਅਰਪਣ ਕਰਨ ਉਪਰੰਤ ਉਥੇ ਹਾਜ਼ਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਗਰਵਾਲ ਨੇ ਕਿਹਾ ਕਿ ਡਾ. ਅੰਬੇਦਕਰ ਨੇ ਦੁਨੀਆ ਦੇ ਸਭ ਤੋਂ ਲੰਮੇ ਅਤੇ ਲਿਖ਼ਤ ਸੰਵਿਧਾਨ ਦੀ ਰਚਨਾ ਕਰਕੇ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਬਣਾਉਣ ਦਾ ਕੰਮ ਕੀਤਾ। ਉਨਾਂ ਭਾਰਤੀ ਸੰਵਿਧਾਨ ਵਿੱਚ ਹਰੇਕ ਨਾਗਰਿਕ ਦੇ ਅਧਿਕਾਰਾਂ ਅਤੇ ਕਰਤੱਵਾਂ ਦਾ ਪ੍ਰਬੰਧ ਕਰਕੇ ਹਰੇਕ ਦੀਆਂ ਭਾਵਨਾਵਾਂ ਦਾ ਆਦਰ ਅਤੇ ਵਿਕਾਸ ਯਕੀਨੀ ਬਣਾਇਆ। ਉਨਾਂ ਜ਼ਿਲਾ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਅੰਬੇਦਕਰ ਵੱਲੋਂ ਦਰਸਾਏ ਹੋਏ ਰਸਤੇ ‘ਤੇ ਚੱਲ ਕੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਡਾ. ਭੀਮ ਰਾਓ ਅੰਬੇਦਕਰ ਦੀ ਜੀਵਨੀ ਨਾਲ ਸਬੰਧਤ ਸੁਆਲਾਂ ਦੇ ਕੁਵਿੱਜ ਮੁਕਾਬਲੇ ਵੀ ਕਰਵਾਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਅਤੇ ਨੋਡਲ ਅਫਸਰ ਸਵੀਪ ਗਤੀਵਿਧੀਆ ਨੀਰੂ ਕਤਿਆਲ ਗੁਪਤਾ, ਉਪ-ਮੰਡਲ ਮੈਜਿਸਟ੍ਰੇਟ ਪਾਇਲ ਸਵਾਤੀ ਟਿਵਾਣਾ, ਪ੍ਰਿੰਸੀਪਲ ਕਰਨਲ (ਰਿਟਾ.) ਅਮਰਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਅਤੇ ਹੋਰ ਹਾਜ਼ਰ ਸਨ।