![]()

ਵੋਟਰ ਬਣਨ ਦੇ ਨਾਲ–ਨਾਲ ਵੋਟ ਦਾ ਸਹੀ ਇਸਤੇਮਾਲ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਸੱਦਾ
ਲੁਧਿਆਣਾ, 7 ਅਪ੍ਰੈੱਲ (ਸਤ ਪਾਲ ਸੋਨੀ): ਆਗਾਮੀ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਵੱਖ–ਵੱਖ ਗੈਰ ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਵੱਡੇ ਪੱਧਰ ‘ਤੇ ਯਤਨ ਸ਼ੁਰੂ ਕੀਤੇ ਗਏ ਹਨ। ਇਨਾਂ ਯਤਨਾਂ ਤਹਿਤ ਹੀ ਅੱਜ ਸਥਾਨਕ ਪੁਰਾਣੀ ਕਚਿਹਰੀ ਚੌਕ ਸਥਿਤ ਪੈਵੇਲੀਅਨ ਮਾਲ ਵਿਖੇ ਇੱਕ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ–ਕਮ–ਜ਼ਿਲਾ ਚੋਣ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਭਾਗ ਲਿਆ। ਇੰਨੀਸ਼ੀਏਟਰਜ਼ ਆਫ਼ ਚੇਂਜ‘ ਵੱਲੋਂ ਬਜਾਜ ਕਾਲਜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਲੋਕਾਂ ਨੂੰ ਨੁੱਕੜ ਨਾਟਕ ਅਤੇ ਹੋਰ ਮਾਧਿਅਮਾਂ ਰਾਹੀਂ ਵੋਟਰ ਬਣਨ, ਵੋਟ ਦੇ ਅਧਿਕਾਰ, ਇਸ ਦੀ ਜ਼ਰੂਰੀ ਅਤੇ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ। ਸਮਾਗਮ ਦੌਰਾਨ ਜਿੱਥੇ ਲੋਕਾਂ ਨੂੰ ਭਾਰਤੀ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕੀਤਾ ਗਿਆ, ਉਥੇ ਹੀ ਕੁਇਜ਼ (ਸਵਾਲ ਜਵਾਬ) ਮੁਕਾਬਲਾ ਕਰਵਾਇਆ ਗਿਆ, ਜਿਸ ਦੇ ਜੇਤੂਆਂ ਨੂੰ ਮੌਕੇ ‘ਤੇ ਇਨਾਮ ਦੇ ਰੂਪ ਵਿੱਚ ਪੌਦੇ ਵੰਡੇ ਗਏ। ਸਮੂਹ ਹਾਜ਼ਰੀਨ ਨੂੰ ਵੋਟਰ ਬਣਨ ਅਤੇ ਵੋਟ ਦੇ ਸਹੀ ਇਸਤੇਮਾਲ ਬਾਰੇ ਸਹੁੰ ਚੁਕਾਈ ਗਈ। ਇਸ ਮੌਕੇ ਅਗਰਵਾਲ ਨੇ ਵੋਟਰ ਜਾਗਰੂਕਤਾ ਸੰਬੰਧੀ ਹਸਤਾਖ਼ਰ ਮੁਹਿੰਮ ਦਾ ਵੀ ਸ਼ੁਰੂਆਤ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਕਿ ਹਰੇਕ ਆਮ ਅਤੇ ਖਾਸ ਨਾਗਰਿਕ ਨੂੰ ਬਰਾਬਰ ਵੋਟ ਦਾ ਅਧਿਕਾਰ ਹੈ। ਪਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਚੋਣਾਂ ਵਿੱਚ ਭਾਗ ਨਹੀਂ ਲੈਂਦੇ ਜਾਂ ਆਪਣੀ ਵੋਟ ਦਾ ਇਸਤੇਮਾਲ ਡਰ, ਭੈਅ ਅਤੇ ਪ੍ਰਭਾਵ ਹੇਠ ਆ ਕੇ ਕਰ ਦਿੰਦੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਦੇ ਨਾਲ–ਨਾਲ ਹੋਰਾਂ ਲੋਕਾਂ ਨੂੰ ਵੀ ਵੋਟ ਦੇ ਇਸਤੇਮਾਲ ਬਾਰੇ ਜਾਗਰੂਕ ਕਰਨ। ਉਨਾਂ ਕਿਹਾ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨਾਂ ਉਮੀਦ ਜਤਾਈ ਕਿ ਇਨਾਂ ਚੋਣਾਂ ਵਿੱਚ ਜ਼ਿਲਾ ਵਾਸੀ ਵੱਡੀ ਗਿਣਤੀ ਵਿੱਚ ਭਾਗ ਲੈਣਗੇ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਨੀਰੂ ਕਤਿਆਲ ਗੁਪਤਾ, ਸਹਾਇਕ ਰਿਟਰਨਿੰਗ ਅਫ਼ਸਰ ਸੋਨਮ ਚੌਧਰੀ, ਜ਼ਿਲਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਗੌਰਵਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।