![]()

ਜ਼ਿਲਾ ਪ੍ਰਸਾਸ਼ਨ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਮੈਰਾਥਨ ਦੌੜ ਦਾ ਆਯੋਜਨ,ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਲਿਆ ਹਿੱਸਾ
ਲੁਧਿਆਣਾ, 31 ਮਾਰਚ (ਸਤ ਪਾਲ ਸੋਨੀ): ਯੋਗ ਵਿਅਕਤੀਆਂ ਨੂੰ ਵੋਟਰ ਬਣਨ ਅਤੇ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਲਈ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੈਰਾਥਨ ਦੌੜ (5 ਕਿਲੋਮੀਟਰ ਅਤੇ 10 ਕਿਲੋਮੀਟਰ) ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 3000 ਤੋਂ ਵਧੇਰੇ ਨੌਜਵਾਨਾਂ ਅਤੇ ਸ਼ਹਿਰਵਾਸੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੈਰਾਥਨ ਨੂੰ ਜ਼ਿਲਾ ਚੋਣ ਅਫ਼ਸਰ–ਕਮ–ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ–ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸੁਰਿੰਦਰ ਲਾਂਬਾ, ਸਾਗਰ ਸੇਤੀਆ ਸਿਖ਼ਲਾਈ ਅਧੀਨ ਆਈ. ਏ. ਐੱਸ. ਅਧਿਕਾਰੀ ਆਦਿ ਹਾਜ਼ਰ ਸਨ। ਇਸ ਮੌਕੇ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਵੋਟਰ ਜਾਗਰੂਕਤਾ ਮੈਰਾਥਨ ਦਾ ਅਸਲ ਮਨੋਰਥ ਲੋਕਾਂ ਨੂੰ ਵੋਟਰ ਬਣਨ ਅਤੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਪ੍ਰੇਰਿਤ ਕਰਨਾ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਨਿਰਪੱਖ ਹੋ ਕੇ ਵਰਤੋਂ ਕਰਨ ਲਈ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ, ਲੋਕਾਂ ਨੂੰ ਪ੍ਰਸਾਸ਼ਨ ਦੇ ਇਸ ਉਪਰਾਲੇ ਵਿੱਚ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ ਉਨਾਂ ਹਾਜ਼ਰੀਨ ਨੂੰ ਸਹੁੰ ਚੁਕਾਈ ਅਤੇ ਹਸਤਾਖ਼ਰ ਮੁਹਿੰਮ ਦੀ ਸ਼ੁਰੂਆਤ ਕਰਵਾਈ।ਉਨਾਂ ਕਿਹਾ ਕਿ ਸਾਡੀ ਵੋਟ ਹੀ ਸਾਡੀ ਤਾਕਤ ਹੈ, ਵੋਟ ਦਾ ਅਧਿਕਾਰ ਲੋਕਤੰਤਰ ਦੀ ਮਜ਼ਬੂਤੀ ਦਾ ਇੱਕ ਵੱਡਾ ਅਧਾਰ ਹੈ। ਸਾਡਾ ਸੰਵਿਧਾਨ ਸਾਨੂੰ ਇਸ ਅਧਿਕਾਰ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦਾ ਹੈ ਅਤੇ ਹਰ ਕਿਸੇ ਨੂੰ ਇਸ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਸਮਾਰੋਹ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਅਜਿਹੇ ਵੱਖ–ਵੱਖ ਤਰਾਂ ਦੇ ਸਮਾਰੋਹ ਅੱਗੇ ਤੋਂ ਵੀ ਜਾਰੀ ਰਹਿਣਗੇ ਅਤੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇਗਾ। ਇਸ ਮੈਰਾਥਨ ਵਿੱਚ ਵੋਟਰਾਂ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ, ਉਨਾਂ ਨੇ ਵੋਟ ਦੇ ਮਹੱਤਵ ਦੇ ਸਲੋਗਨ ਵਾਲੇ ਬੈਨਰ ਆਦਿ ਵੀ ਚੁੱਕੇ ਹੋਏ ਸਨ। ਪਹਿਲੇ 10 ਸਥਾਨਾਂ ‘ਤੇ ਆਉਣ ਵਾਲੇ ਪ੍ਰਤੀਭਾਗੀਆਂ ਨੂੰ ਮੈਡਲ ਅਤੇ ਸਾਰੇ ਭਾਗ ਲੈਣ ਵਾਲੇ ਵੋਟਰਾਂ ਅਤੇ ਲੋਕਾਂ ਨੂੰ ਸਰਟੀਫਿਕੇਟ ਵੰਡੇ ਗਏ।
ਡਿਪਟੀ ਕਮਿਸ਼ਨਰ ਨੇ ਪੰਜ ਕਿਲੋਮੀਟਰ ਦੀ ਦੌੜ ਕੀਤੀ ਪੂਰੀ

ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਅਜਿਹੇ ਮੌਕਿਆਂ ‘ਤੇ ਮੁੱਖ ਮਹਿਮਾਨ ਜਾਂ ਤਾਂ ਮਹਿਜ਼ ਝੰਡੀ ਦਿਖਾ ਕੇ ਹੀ ਤੁਰਦੇ ਬਣਦੇ ਹਨ ਜਾਂ ਕੁਝ ਫਾਸਲਾ ਦੌੜ ਕੇ ਖਾਨਾਪੂਰਤੀ ਕਰ ਦਿੰਦੇ ਹਨ ਪਰ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰ ਅਧਿਕਾਰੀਆਂ ਨੇ ਅੱਜ ਦੀ ਮੈਰਾਥਨ ਨੂੰ ਪੂਰਾ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਅੱਜ ਕਰਵਾਈਆਂ ਗਈਆਂ ਦੋ ਦੌੜਾਂ ਵਿੱਚੋਂ ਅਗਰਵਾਲ ਅਤੇ ਹੋਰ ਅਧਿਕਾਰੀਆਂ ਨੇ 5 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ ਅਤੇ ਇਸ ਨੂੰ ਪੂਰਾ ਕੀਤਾ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸੁਰਿੰਦਰ ਲਾਂਬਾ, ਸਾਗਰ ਸੇਤੀਆ ਸਿਖ਼ਲਾਈ ਅਧੀਨ ਆਈ. ਏ. ਐੱਸ., ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਅਮਰਜੀਤ ਸਿੰਘ ਬੈਂਸ, ਐੱਸ. ਡੀ. ਐੱਮ. ਜਗਰਾਂਉ . ਬਲਜਿੰਦਰ ਸਿੰਘ, ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।