![]()

ਮਾਂ ਦੇ ਪੈਰਾਂ ‘ਚ ਜੰਨਤ ਤੇ ਬਾਪ ਜੰਨਤ ਦਾ ਦਰਵਾਜਾ ਹੈ।
ਲੁਧਿਆਣਾ, 22 ਮਾਰਚ ( ਸਤ ਪਾਲ ਸੋਨੀ ) : ਧੀਆਂ ਅੱਲਾਹ ਦੀ ਰਹਿਮਤ ਹਨ, ਇਹ ਕਿਸਮਤ ਵਾਲਿਆਂ ਦੇ ਘਰ ਵਿੱਚ ਹੀ ਜਨਮ ਲੈਂਦੀਆਂ ਹਨ। ਕੁਖ ਵਿੱਚ ਧੀਆਂ ਨੂੰ ਕਤਲ ਕਰਨ ਵਾਲੇ ਸਮਾਜ ਦੇ ਹੀ ਨਹੀਂ ਬਲਕਿ ਖੁਦਾ ਦੇ ਵੀ ਮੁਜਰਿਮ ਹਨ,ਇਹ ਵਿਚਾਰ ਅੱਜ ਜਾਮਾ ਮਸਜਿਦ ਵਿੱਚ ਜੁੰਮੇ ਦੀ ਨਮਾਜ ਤੋਂ ਪਹਿਲਾਂ ਨਮਾਜੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਪ੍ਰਗਟ ਕੀਤੇ। ਸ਼ਾਹੀ ਇਮਾਮ ਨੇ ਕਿਹਾ ਕਿ ਇੱਕ ਚੰਗਾ ਸਮਾਜ ਉਸ ਸਮੇਂ ਤੱਕ ਪੂਰਾ ਨਹੀਂ ਹੋ ਸਕਦਾ ਜੱਦ ਤੱਕ ਉਸ ਵਿੱਚ ਧੀਆਂ ਨੂੰ ਬਰਾਬਰ ਦਾ ਹੱਕ ਨਹੀਂ ਦਿੱਤਾ ਜਾਂਦਾ। ਉਨਾਂ ਕਿਹਾ ਕਿ ਅੱਲਾਹ ਦੇ ਪਿਆਰੇ ਨਬੀ ਹਜਰਤ ਮੁਹੰਮਦ ਸਲੱਲਲਾਹੂ ਅਲੈਹੀਵਸੱਲਮ ਨੇ ਧੀਆਂ ਨੂੰ ਅੱਲਾਹ ਦੀ ਰਹਿਮਤ ਦੱਸਿਆ ਅਤੇ ਅੱਜ ਤੋਂ 1400 ਸਾਲ ਪਹਿਲਾਂ ਭਰੂਣ ਹੱਤਿਆ ਨੂੰ ਹਰਾਮ ਕਰਾਰ ਦਿੱਤਾ। ਅਤੇ ਬਾਪ ਦੀ ਜਾਇਦਾਦ ਵਿੱਚ ਬੇਟੀ ਨੂੰ ਹਿੱਸੇਦਾਰ ਦੱਸਿਆ। ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਵਿੱਚ ਧੀਆਂ ਨੂੰ ਉੱਚ ਸਿਖਿਆ ਦਵਾਉਣ ਦਾ ਹੁਕਮ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਧੀਆਂ ਅਤੇ ਪੁੱਤਰਾਂ ਵਿੱਚ ਭੇਦ–ਭਾਵ ਕਰਨ ਵਾਲੇ ਲੋਕ ਇਨਸਾਨੀਅਤ ਦੇ ਦਰਜੇ ਵਿੱਚ ਨਹੀਂ ਆਉਂਦੇ। ਮਾਂ–ਬਾਪ ਦੀ ਸੇਵਾ ਕਰਨ ਦਾ ਹੁਕਮ ਦਿੰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਸਾਰਾ ਸੰਸਾਰ ਤਾਂ ਇਹ ਕੰਹਿਦਾ ਹੈ ਕਿ ਮਾਂ ਦੇ ਪੈਰਾਂ ‘ਚ ਸਵਰਗ ਹੈ ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਬਾਪ ਜੰਨਤ ਦਾ ਦਰਵਾਜਾ ਹੈ। ਜੋ ਲੋਕ ਮਾਂ ਨਾਲ ਤਾਂ ਪਿਆਰ ਕਰਦੇ ਹਨ ਲੇਕਿਨ ਬਾਪ ਦੀ ਸੇਵਾ ਨਹੀਂ ਕਰਦੇ ਉਹ ਵੀ ਖੁਦਾ ਨੂੰ ਰਾਜੀ ਨਹੀਂ ਕਰ ਸਕਦੇ, ਕਿਉਂਕਿ ਅੱਲਾਹ ਦੀ ਰਿਜ਼ਾ ਮਾਂ–ਬਾਪ ਦੀ ਰਜ਼ਾਮੰਦੀ ਵਿੱਚ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਜੋ ਲੋਕ ਧਨੀ ਅਤੇ ਪੂਰਣ ਹੋਣ ਦੇ ਬਾਵਜੂਦ ਆਪਣੇ ਮਾਂ–ਬਾਪ ਨੂੰ ਵਿਰਧ ਆਸ਼ਰਮ ਵਿੱਚ ਛੱਡ ਕੇ ਆਉਂਦੇ ਹਨ ਉਹ ਕਦੇ ਸੁਖੀ ਨਹੀਂ ਰਹਿ ਸਕਦੇ ਅਤੇ ਉਹ ਇਹ ਭੁੱਲ ਜਾਂਦੇ ਹਨ ਕਿ ਉਹ ਵੀ ਆਉਂਣ ਵਾਲੇ ਸਮੇਂ ਵਿੱਚ ਵਿਰਧ ਹੋਣ ਵਾਲੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਵਿਰਧ ਆਸ਼ਰਮ ਉਨਾਂ ਲੋਕਾਂ ਲਈ ਬਣਾਏ ਗਏ ਹਨ ਜੋ ਬਿਲਕੁਲ ਹੀ ਬੇਸਹਾਰਾ ਹਨ ਨਾ ਕਿ ਉਨਾਂ ਲਈ ਜਿਨਾਂ ਦੀ ਔਲਾਦ ਮਾਲਦਾਰ ਹੈ।