![]()

2.82 ਕਰੋਡ਼ ਰੁਪਏ ਲਾਗਤ ਵਾਲੇ ਪੁਲ ਦਾ ਕੰਮ 6 ਮਹੀਨੇ ਵਿੱਚ ਕੀਤਾ ਜਾਵੇਗਾ ਪੂਰਾ
ਡਿਪਟੀ ਕਮਿਸ਼ਨਰ ਅਤੇ ਡਾ. ਅਮਰ ਸਿੰਘ ਨੇ ਕਰਵਾਈ ਕੰਮ ਦੀ ਸ਼ੁਰੂਆਤ,
ਸੁਧਾਰ, 28 ਫਰਵਰੀ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਪਿੰਡ ਤੁਗਲ ਤੋਂ ਪਿੰਡ ਐਤੀਆਣਾ ਜਾਣ ਵਾਲੀ ਸਡ਼ਕ ‘ਤੇ ਪੁੱਲ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਨਿਰਮਾਣ ਕਾਰਜ ਦਾ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਅਮਰ ਸਿੰਘ ਨੇ ਉਦਘਾਟਨ ਕੀਤਾ। ਦੱਸਣਯੋਗ ਹੈ ਕਿ ਕਰੀਬ 10 ਸਾਲਾਂ ਤੋਂ ਇਸ ਪੁਲ ਦੇ ਨਿਰਮਾਣ ਕਾਰਜਾਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਅਡ਼ਿੱਕੇ ਲੱਗਦੇ ਰਹੇ ਸਨ, ਜਿਨਾਂ ਨੂੰ ਸੇਵਾ ਮੁਕਤ ਆਈ.ਏ.ਐਸ. ਅਫ਼ਸਰ ਡਾ. ਅਮਰ ਸਿੰਘ ਦੇ ਵਿਸ਼ੇਸ਼ ਉਪਰਾਲਿਆਂ ਨਾਲ ਦੂਰ ਕੀਤਾ ਗਿਆ ਹੈ।ਇਸ ਪੁਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਪੂਰੀ ਹੋਵੇਗੀ।ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਪੁੱਲ ਦੇ ਨਿਰਮਾਣ ‘ਤੇ 2.82 ਕਰੋਡ਼ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਕੰਮ ਅਗਲੇ 6 ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ।
ਵਧੇਰੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਦੀ ਇਹ ਪੁਲ ਨਿਰਮਾਣ ਕਰਾਉਣ ਦੀ ਲੰਬੇ ਸਮੇਂ ਤੋਂ ਮੰਗ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨੇ ਨਿੱਜੀ ਦਿਲਚਸਪੀ ਲੈ ਕੇ ਪੂਰਾ ਕਰਾਉਣ ਲਈ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਇਸ ਪੁਲ ਦੇ ਬਣਨ ਨਾਲ ਇਲਾਕੇ ਦੇ 10 ਪਿੰਡਾਂ ਨੂੰ ਸਿੱਧੇ ਤੌਰ ‘ਤੇ ਅਤੇ ਹੋਰ ਦਰਜ਼ਨਾਂ ਪਿੰਡਾਂ ਨੂੰ ਅਸਿੱਧੇ ਤੌਰ ‘ਤੇ ਵੱਡਾ ਫਾਇਦਾ ਹੋਵੇਗਾ।ਇਸ ਪੁਲ ਦੀ ਕੁੱਲ ਲੰਬਾਈ 42.8 ਮੀਟਰ ਅਤੇ ਚੌਡ਼ਾਈ 7.5 ਮੀਟਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਡੀ. ਐੱਮ. ਸ੍ਰੀ ਹਿਮਾਂਸ਼ੂ ਗੁਪਤਾ, ਕਾਮਿਲ ਬੋਪਾਰਾਏ, ਗੁਰਮੀਤ ਸਿੰਘ, ਜੁਗਰਾਜ ਸਿੰਘ, ਮਨਜੀਤ ਸਿੰਘ ਬੁੱਟਰ, ਸੁਖਪਾਲ ਸਿੰਘ ਗੋਂਦਵਾਲ, ਗੁਰਬਖ਼ਸ਼ ਸਿੰਘ ਤੁਗਲ, ਰਵਿੰਦਰ ਸਿੰਘ, ਪਰਮਜੀਤ ਸਿੰਘ, ਸੁਖਵੰਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।