![]()

ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ
ਲੁਧਿਆਣਾ, 26 ਫਰਵਰੀ ( ਸਤ ਪਾਲ ਸੋਨੀ ) : ਸਥਾਨਕ ਗਲਾਡਾ ਮੈਦਾਨ ਵਿਖੇ ਪਿਛਲੇ ਚਾਰ ਦਿਨ ਤੋਂ ਚੱਲ ਰਹੀ ਮੈਕ ਆਟੋ ਐਕਸਪੋ-2019 ਅੱਜ ਸਫ਼ਲਤਾਪੂਰਵਕ ਸਮਾਪਤ ਹੋ ਗਈ। ਇਸ ਸਫ਼ਲਤਾ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਇਸ ਉੱਦਮ ਦੀ ਸ਼ਲਾਘਾ ਕੀਤੀ।ਸਮਾਪਤੀ ਸਮਾਰੋਹ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਅਗਰਵਾਲ ਨੇ ਕਿਹਾ ਕਿ ਲੁਧਿਆਣਾ ਦੀਆਂ ਸਨਅਤਾਂ ਦੇਸ਼ ਅਤੇ ਸੂਬੇ ਦੀ ਆਰਥਿਕਤਾ ਦੀ ਰੀਡ਼ ਦੀ ਹੱਡੀ ਹਨ। ਅਜਿਹੀਆਂ ਪ੍ਰਦਰਸ਼ਨੀਆਂ ਨਾਲ ਸਨਅਤਕਾਰਾਂ ਨੂੰ ਉੱਚ ਤਕਨੀਕਾਂ ਅਤੇ ਹੋਰ ਉਤਪਾਦਾਂ ਦਾ ਗਿਆਨ ਹਾਸਿਲ ਹੁੰਦਾ ਹੈ। ਜੋ ਕਿ ਵਪਾਰ ਅਤੇ ਸਨਅਤਾਂ ਦੇ ਵਿਕਾਸ ਵਿੱਚ ਬਹੁਤ ਹੀ ਸਹਾਈ ਸਿੱਧ ਹੁੰਦਾ ਹੈ।
ਕਿਰਤ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪ੍ਰਸਿੱਧ ਸਨਅਤਕਾਰ ਮਨਜੀਤ ਸਿੰਘ ਖਾਲਸਾ ਅਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 470 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੇ ਭਾਗ ਲਿਆ ਅਤੇ ਆਪਣੇ ਨਵੇਂ ਉਤਪਾਦਾਂ ਬਾਰੇ ਗ੍ਰਾਹਕਾਂ ਨੂੰ ਜਾਣਕਾਰੀ ਦਿੱਤੀ। ਪ੍ਰਦਰਸ਼ਨੀ ਦੌਰਾਨ ਵੱਡੀ ਗਿਣਤੀ ਵਿੱਚ ਆਮ ਲੋਕਾਂ ਅਤੇ ਗ੍ਰਾਹਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਅਗਰਵਾਲ ਨੇ ਪ੍ਰਬੰਧਕਾਂ ਦੀ ਤਰਫ਼ੋਂ ਕਈ ਪ੍ਰਮੁੱਖ ਸਨਅਤਕਾਰਾਂ ਨੂੰ ਸਨਮਾਨਿਤ ਵੀ ਕੀਤਾ। ਉਨਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਸ਼ਹਿਰ ਵਿੱਚ ਅਜਿਹੀਆਂ ਪ੍ਰਦਰਸ਼ਨੀਆਂ ਭਵਿੱਖ ਵਿੱਚ ਵੀ ਲੱਗਦੀਆਂ ਰਹਿਣ। ਇਸ ਮੌਕੇ ਵੱਡੀ ਗਿਣਤੀ ਵਿੱਚ ਸਨਅਤਕਾਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।