![]()

ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਮੁਹੱਈਆ ਕਰਵਾਏਗੀ ਬੁਨਿਆਦੀ ਢਾਂਚਾ
ਲੁਧਿਆਣਾ, 25 ਫਰਵਰੀ ( ਸਤ ਪਾਲ ਸੋਨੀ ) :”ਪੰਜਾਬ ਸੂਬਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਯੋਗ ਤੇ ਸੁਚੱਜੀ ਅਗਵਾਈ ਵਿੱਚ ਹਰ ਖੇਤਰ ਵਿੱਚ ਅਗਾਂਹ ਵੱਧ ਰਿਹਾ ਹੈ ਅਤੇ ਸੂਬਾ ਵਾਸੀਆਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਹੋਰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।” ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਿਧਾਇਕ ਰਾਕੇਸ਼ ਪਾਂਡੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਦਨਪੁਰੀ ਵਿਖੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੀਆਂ 55 ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਯੋਜਨਾ ਅਧੀਨ ਸਾਈਕਲਾਂ ਦੀ ਵੰਡ ਕਰਨ ਉਪਰੰਤ ਇਲਾਕਾ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਵਿਧਾਇਕ ਨੇ ਦੱਸਿਆ ਕਿ ਸਕੂਲਾਂ ਦੀਆਂ ਇਮਾਰਤਾਂ ਦੇ ਨਾਲ-ਨਾਲ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਮਾਰਟ ਸਕੂਲ ਬਣਾਏ ਜਾ ਰਹੇ ਹਨ ਅਤੇ ਅੰਗਰੇਜੀ ਮੀਡੀਅਮ ਵਿੱਚ ਪੜਾਈ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਨਾਂ ਸਹੂਲਤਾਂ ਦਾ ਪੂਰਾ ਲਾਭ ਲੈਣ ਅਤੇ ਮਨ ਨਾਲ ਪੜਾਈ ਕਰਕੇ ਮਾਂ-ਬਾਪ, ਸਕੂਲ, ਅਧਿਆਪਕਾਂ ਅਤੇ ਸੂਬੇ ਦੇ ਨਾਲ-ਨਾਲ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ।
ਵਿਧਾਇਕ ਪਾਂਡੇ ਨੇ ਦੱਸਿਆ ਕਿ ਮਾਈ ਭਾਗੋ ਵਿਦਿਆ ਯੋਜਨਾ ਅਧੀਨ ਸਾਈਕਲਾਂ ਦੀ ਵੰਡ ਦਾ ਗਰੀਬ ਵਿਦਿਆਰਥਣਾਂ ਅਤੇ ਉਨਾਂ ਦੇ ਮਾਪਿਆਂ ਨੂੰ ਵੱਡਾ ਲਾਭ ਹੋਵੇਗਾ, ਕਿਉਂਕਿ ਕਈ ਵਾਰ ਬੱਚਾ ਪੜਨ ਵਿੱਚ ਹੁਸ਼ਿਆਰ ਹੁੰਦਾ ਹੈ ਅਤੇ ਮਾਪੇ ਵੀ ਅੱਗੇ ਪੜਾਈ ਜਾਰੀ ਰੱਖਣਾ ਚਾਹੁੰਦੇ ਹਨ, ਪੰਰਤੂ ਆਰਥਿਕ ਤੰਗੀ ਅਤੇ ਸਕੂਲ ਆਉਣ-ਜਾਣ ਦਾ ਕੋਈ ਸਾਧਨ ਨਾ ਹੋਣ ਕਾਰਨ ਵਿਦਿਆਰਥਣਾਂ ਨੂੰ ਪੜਾਈ ਵਿਚਕਾਰ ਹੀ ਛੱਡਣੀ ਪੈਂਦੀ ਹੈ। ਅੱਜ ਪੰਜਾਬ ਵਾਸੀ ਸਾਈਕਲਾਂ ਦੀ ਵੰਡ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ, ਕਿਉਂਕਿ ਪ੍ਰੀਖਿਆਵਾਂ ਸਿਰ ‘ਤੇ ਹੋਣ ਕਾਰਨ ਕਈ ਮਾਪਿਆਂ ਲਈ ਬੱਚੀਆਂ ਦੇ ਦੂਰ-ਦੁਰਾਡੇ ਪੇਪਰ ਕਰਵਾਉਣਾ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਸੀ। ਪਾਂਡੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਦਨਪੁਰੀ ਨੂੰ ਸਮਾਰਟ ਸਕੂਲ ਬਣਾਉਣ ਲਈ ਸਰਕਾਰ ਵੱਲੋਂ ਚੋਣ ਕੀਤੀ ਜਾ ਚੁੱਕੀ ਹੈ ਅਤੇ ਇਸ ਸੈਸ਼ਨ ਤੋਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਮੀਡੀਅਮ ਵਿੱਚ ਪੜਾਈ ਕਰਵਾਈ ਜਾਵੇਗੀ। ਉਨਾਂ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਉਨਾਂ ਪਹਿਲਾਂ ਸਕੂਲ ਅਧਿਆਪਕਾਂ ਨੂੰ ਚੰਗੀ ਕਾਰਗੁਜ਼ਾਰੀ ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਪ੍ਰਸੰਸ਼ਾ ਪੱਤਰ ਵੰਡ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਉਪਰੰਤ ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਇੰਦੂ ਰਾਜੂ ਥਾਪਰ, ਚੇਅਰਮੈਨ ਸਕੂਲ ਕਮੇਟੀ ਜੈ ਪ੍ਰਕਾਸ਼, ਅਨੀਤਾ ਗੁਲਾਟੀ ਪ੍ਰਿੰਸੀਪਲ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।