![]()

ਕਿਸਾਨਾਂ ਨੂੰ ਮਹਿਜ਼ 17 ਰੁਪਏ ਪ੍ਰਤੀ ਦਿਨ ਦੇ ਕੇ ਕੀਤਾ ਕੋਝਾ ਮਜ਼ਾਕ
ਲੁਧਿਆਣਾ, 1 ਫਰਵਰੀ ( ਸਤ ਪਾਲ ਸੋਨੀ ) : ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਅੰਤਰਿਮ ਬਜਟ ਨੂੰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੂਰੀ ਤਰਾਂ ਨਕਾਰਦਿਆਂ ਕਿਹਾ ਕਿ ਦੇਸ਼ ਵਾਸੀਆਂ ਨਾਲ ਨਰਿੰਦਰ ਮੋਦੀ ਸਰਕਾਰ ਵੱਲੋਂ ਇੱਕ ਹੋਰ ‘ਜੁਮਲਾ’ ਕੀਤਾ ਗਿਆ ਹੈ। ਬਜਟ ਵਿੱਚ ਹਰੇਕ ਵਰਗ ਦੇ ਉੱਥਾਨ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਕੇਂਦਰੀ ਬਜਟ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬਜਟ ਵਿੱਚ ਸਭ ਤੋਂ ਵੱਡਾ ਮਜ਼ਾਕ ਕਿਸਾਨਾਂ ਨਾਲ ਕੀਤਾ ਗਿਆ ਹੈ। ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੇਣ ਦਾ ਐਲਾਨ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਰਥਿਕਤਾ ਦਾ ਮਖੌਲ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਕਿਹਾ ਕਿ 500 ਰੁਪਏ ਤਾਂ ਅੱਜ ਕੱਲ ਸਕੂਲ ਪਡ਼ਦੇ ਬੱਚੇ ਜੇਬ ਖ਼ਰਚੇ ਵਜੋਂ ਖਰਚ ਕਰ ਦਿੰਦੇ ਹਨ। ਉਨਾਂ ਪੁੱਛਿਆ ਕਿ ਮੋਦੀ ਸਰਕਾਰ ਇਨਾਂ 500 ਰੁਪਏ ਪ੍ਰਤੀ ਮਹੀਨਾ, ਜੋ ਕਿ 17 ਰੁਪਏ ਪ੍ਰਤੀ ਦਿਨ ਬਣਦਾ ਹੈ, ਨਾਲ ਕਿਸਾਨਾਂ ਦਾ ਕੀ ਸੁਆਰਨਾ ਚਾਹੁੰਦੀ ਹੈ?, ਇਸ ਸਮਝ ਤੋਂ ਬਾਹਰ ਹੈ।
ਬਿੱਟੂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਮੋਦੀ ਸਰਕਾਰ ਦੇ ਆਖ਼ਰੀ ਬਜਟ ਤੋਂ ਕਾਫੀ ਉਮੀਦਾਂ ਸਨ ਪਰ ਉਨਾਂ ਨੇ ਪੰਜਵੇਂ ਸਾਲ ਵਿੱਚ ਵੀ ਹਰੇਕ ਵਰਗ ਨਾਲ ਮਖੌਲ ਹੀ ਕੀਤਾ ਹੈ। ਉਨਾਂ ਕਿਹਾ ਕਿ ਬਜਟ ਵਿੱਚ ਐੱਸ. ਸੀ., ਬੀ. ਸੀ. ਅਤੇ ਹੋਰ ਪਛਡ਼ੇ ਵਰਗਾਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕੀਤਾ ਗਿਆ ਹੈ। ਇਸੇ ਤਰਾਂ ਸਨਅਤੀ ਸ਼ਹਿਰ ਲੁਧਿਆਣਾ ਲਈ ਕੋਈ ਵਿਸ਼ੇਸ਼ ਪੈਕੇਜ ਜਾਂ ਐਲਾਨ ਨਾ ਕਰਨਾ ਵੀ ਸਮਝ ਨਹੀਂ ਆ ਰਿਹਾ ਹੈ।