![]()

ਵਿਧਾਇਕਾਂ ਪਾਂਡੇ, ਡਾਵਰ, ਤਲਵਾੜ ਅਤੇ ਕੌਂਸਲਰ ਮਮਤਾ ਆਸ਼ੂ ਨੇ ਕੀਤਾ ਰਵਾਨਾ
ਲੁਧਿਆਣਾ, 29 ਜਨਵਰੀ ( ਸਤ ਪਾਲ ਸੋਨੀ ) :ਦਿਹਾਤੀ ਸਿਹਤ ਸੇਵਾਵਾਂ ਨੂੰ ਬਡ਼ਾਵਾ ਦੇਣ ਲਈ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਪ੍ਰੋਗਰਾਮ ਹੇਠ ਜ਼ਿਲਾ ਲੁਧਿਆਣਾ ਵਿੱਚ ਆਈ.ਈ.ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਵੈਨਾਂ ਰਵਾਨਾ ਕੀਤੀਆਂ ਗਈਆਂ ਹਨ। ਇਹ ਵੈਨਾਂ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਸੰਜੇ ਤਲਵਾੜ (ਸਾਰੇ ਵਿਧਾਇਕ), ਕੌਂਸਲਰ ਮਮਤਾ ਆਸ਼ੂ ਅਤੇ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਨੇ ਵੱਖ-ਵੱਖ ਖੇਤਰਾਂ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀਆਂ। ਲੋਕਾਂ ਨਾਲ ਸੰਪਰਕ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਵਾਲੇ ਇਸ ਪ੍ਰੋਗਰਾਮ ਹੇਠ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨਾਂ ਦੀ ਰੋਕਥਾਮ ਬਾਰੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਆਪਣੇ ਹਲਕਾ ਲੁਧਿਆਣਾ (ਉੱਤਰੀ) ਵਿੱਚ ਵੈਨ ਨੂੰ ਰਵਾਨਾ ਕਰਦਿਆਂ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਇਹ ਮੁਹਿੰਮ ਸਿਹਤ ਵਿਭਾਗ ਵੱਲੋਂ ਲੋਕਾਂ ਤੱਕ ਪਹੁੰਚ ਕਰਨ ਵਾਲੀ ਸਭ ਤੋਂ ਵੱਡੀ ਕਰਨ ਵਾਲੀ ਮੁਹਿੰਮ ਹੈ ਜੋ ਕਿ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਦੇ ਵੱਖ–ਵੱਖ ਵਿੰਗਾਂ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ ਜਿਨਾਂ ਵਿੱਚ ਡਾਇਰੈਕਟੋਰੇਟ ਆਫ ਹੈਲਥ ਸਰਵਿਸਿਜ਼, ਆਯੂਰਵੇਦ, ਹੋਮੋਪੈਥੀ, ਪੀ.ਐਚ.ਸੀ ਅਤੇ ਪੀ.ਐਸ.ਏ.ਸੀ.ਐਸ ਸ਼ਾਮਿਲ ਹਨ। ਜ਼ਿਲਾ ਪਰਿਵਾਰ ਭਲਾਈ/ਹਰੇਕ ਜ਼ਿਲੇ ਦੇ ਸੀਨੀਅਰ ਮੈਡੀਕਲ ਅਫ਼ਸਰ ਪੱਧਰ ਦੇ ਅਧਿਕਾਰੀ ਨੋਡਲ ਅਫ਼ਸਰ ਵੱਲੋਂ ਮਨੋਨੀਤ ਕੀਤੇ ਗਏ ਹਨ।
ਵਿਧਾਇਕ ਸੁਰਿੰਦਰ ਡਾਵਰ ਨੇ ਦੱਸਿਆ ਹਰੇਕ ਵੈਨ ਰੋਜ਼ਾਨਾ ਘੱਟ ਤੋ ਘੱਟ 8 ਤੋ 10 ਥਾਵਾਂ ‘ਤੇ ਜਾਵੇਗੀ। ਬਲਾਕ ਦਾ ਐਸ.ਐਮ.ਓ ਇੰਚਾਰਜ਼ ਆਪਣੇ ਸਬੰਧਤ ਬਲਾਕ ਵਿੱਚ ਨੋਡਲ ਅਫਸਰ ਹੋਵੇਗਾ ਅਤੇ ਖਿੱਤੇ ਦਾ ਮੈਡੀਕਲ ਅਫ਼ਸਰ ਇੰਚਾਰਜ ਆਪਣੇ ਖੇਤਰ ਵਿੱਚ ਹਰੇਕ ਆਈ.ਈ.ਸੀ ਵੈਨ ਦਾ ਨੋਡਲ ਅਫ਼ਸਰ ਹੋਵੇਗਾ। ਉਹ ਸਾਰੀਆਂ ਸਥਾਨਕ ਸਰਗਰਮੀਆਂ ‘ਤੇ ਨਿਗਰਾਨੀ ਰੱਖੇਗਾ, ਜਿਨਾਂ ਵਿੱਚ ਮੈਡੀਕਲ ਕੈਂਪ ਅਤੇ ਆਰ.ਵੀ.ਐਸ.ਕੇ ਟੀਮਾਂ ਵੀ ਸ਼ਾਮਿਲ ਹਨ।
ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਐਚ.ਬੀ, ਬੀ.ਪੀ, ਰੈਂਡਮ ਬਲੱਡ ਸ਼ੂਗਰ, ਬਲੱਡ ਸਲਾਈਡ ਫਾਰ ਐਮ ਪੀ, ਅੱਖਾਂ ਦੀ ਰੋਸ਼ਨੀ ਵਰਗੇ ਮੁੱਢਲੇ ਟੈਸਟ ਮੌਕੇ ‘ਤੇ ਹੀ ਕਰ ਦਿੱਤੇ ਜਾਣਗੇ। ਪੈਰਾਸੀਟਾਮੋਲ ਅਤੇ ਐਮੋਕਸੀਕਲਿਨ ਵਰਗੀਆਂ ਐਂਟੀਬਾਓਟਿਕ ਦਵਾਈ ਮਰੀਜ਼ਾਂ ਨੂੰ ਮੁੱਫਤ ਦਿੱਤੀ ਜਾਵੇਗੀ। ਜਿਨਾਂ ਮਰੀਜ਼ਾਂ ਨੂੰ ਹੋਰ ਇਲਾਜ ਦੀ ਜ਼ਰੂਰਤ ਹੋਵੇਗੀ ਉਨਾਂ ਨੂੰ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਭੇਜਿਆ ਜਾਵੇਗਾ। ਕੈਂਪਾਂ ਵਿੱਚ ਆਉਣ ਵਾਲੇ ਲੋਕਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇਗੀ।
ਪਿੰਡ ਸੁਨੇਤ ਵਿਖੇ ਵੈਨ ਨੂੰ ਰਵਾਨਾ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀਆਂ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਦੂਰ–ਦਰਾਜ ਇਲਾਕਿਆ ਸਣੇ ਦਿਹਾਤੀ ਖੇਤਰਾਂ ਦੇ ਲੋਕਾਂ ਤੱਕ ਪਹੁੰਚ ਬਣਾਈ ਜਾਵੇਗੀ। ਇਨਾਂ ਅਤਿ ਆਧੁਨਿਕ ਵੈਨਾਂ ਵਿੱਚ 42” ਐਲ.ਈ.ਟੀ ਟੈਲੀਵਿਜ਼ਨ ਸਕ੍ਰੀਨਾਂ ਲੱਗੀਆਂ ਹੋਈਆਂ ਹਨ। ਇਨਾਂ ਵਿੱਚ ਪਬਲਿਕ ਐਡਰੈਸ ਸਿਸਟਮ ਅਤੇ ਐਲੀਵੇਟਿਡ ਪਲੇਟਫਾਰਮ ਹੈ। ਇਸ ਦੇ ਰਾਹੀਂ ਸਿਹਤ ਮਾਹਿਰ ਲੋਕਾਂ ਨੂੰ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਮੁਹੱਈਆ ਕਰਵਾਉਣਗੇ। ਇਨਾਂ ਦੇ ਰਾਹੀਂ ਜਾਗਰੂਕਤਾ ਪੈਦਾ ਕਰਨ ਵਾਲੀਆਂ ਫਿਲਮਾਂ ਵੀ ਵਿਖਾਈਆਂ ਜਾਣਗੀਆਂ।