![]()

42 ਸਰਕਾਰੀ ਇਮਾਰਤਾਂ ‘ਚ ਮੁਹੱਈਆ ਕਰਵਾਈਆਂ ਜਾਣਗੀਆਂ ਵਿਸ਼ੇਸ਼ ਸਮਰੱਥਾ ਵਾਲੇ ਵਿਅਕਤੀਆਂ ਲਈ ਸਹੂਲਤਾਂ-ਸੋਨੀ
ਲੁਧਿਆਣਾ, 25 ਜਨਵਰੀ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ, ਆਜ਼ਾਦੀ ਘੁਲਾਟੀਏ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਦੋ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਇੱਕ ਦਾ ਨੀਂਹ ਪੱਥਰ ਰੱਖਿਆ ਗਿਆ। ਓਮ ਪ੍ਰਕਾਸ਼ ਸੋਨੀ ਵੱਲੋਂ ਦੱਖਣੀ ਬਾਈਪਾਸ ਵਿਖੇ ਤਿਆਰ ਕੀਤੇ ਗਏ ਮਨੂੰਪੁਰ ਹੈੱਡਵਰਕਸ ਫਲਾਈਓਵਰ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਹ ਫਲਾਈਓਵਰ ਰਾਸ਼ਟਰੀ ਮਾਰਗ 44 ਨੂੰ ਰਾਸ਼ਟਰੀ ਮਾਰਗ 95 ਨਾਲ ਜੋਡ਼ਦਾ ਹੈ। ਸਰਹਿੰਦ ਨਹਿਰ ਨਾਲ ਬਣੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਲੁਧਿਆਣਾ ਦੀ ਆਵਾਜਾਈ ਸਮੱਸਿਆ ਵੱਡੀ ਪੱਧਰ ‘ਤੇ ਹੱਲ ਹੋਵੇਗੀ।

ਪੰਜਾਬ ਸਰਕਾਰ ਕੋਲ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ-ਬਿੱਟੂ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸੂਬੇ ਦੇ ਲੋਕਾਂ ਅਤੇ ਬੁਨਿਆਦੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਓਮ ਪ੍ਰਕਾਸ਼ ਸੋਨੀ ਨੇ ਸਥਾਨਕ ਚੰਡੀਗਡ਼ ਸਡ਼ਕ ਸਥਿਤ ਬਲਾਂਈਂਡ ਬੱਚਿਆਂ ਦੇ ਸਕੂਲ ਵਿਖੇ ਅਤਿ-ਆਧੁਨਿਕ ਸਹੂਲਤ ਨਾਲ ਲੈੱਸ ਖੇਡ ਸਹੂਲਤਾਂ ਦਾ ਉਦਘਾਟਨ ਕੀਤਾ। ਜਿਸ ਵਿੱਚ ਜਿਮਨੇਜ਼ੀਅਮ, ਐਕਟੀਵਿਟੀ ਰੂਮ, ਫੁੱਟਬਾਲ ਮੈਦਾਨ, ਕ੍ਰਿਕਟ, ਅਥਲੈਟਿਕਸ ਅਤੇ ਬਹੁੰ-ਮੰਤਵੀ ਖੇਡ ਮੈਦਾਨ ਦੀ ਸਹੂਲਤ ਸ਼ਾਮਿਲ ਹੈ। ਇਹ ਖੇਡ ਸਹੂਲਤਾਂ ਮਾਰਕਫੈੱਡ ਵੱਲੋਂ ਮੁਹੱਈਆ ਕਰਵਾਈਆਂ ਹਨ, ਜਿਸ ‘ਤੇ 40 ਲੱਖ ਰੁਪਏ ਦੀ ਲਾਗਤ ਆਈ ਹੈ।
ਉਪਰੋਕਤ ਤੋਂ ਇਲਾਵਾ ਓਮ ਪ੍ਰਕਾਸ਼ ਸੋਨੀ ਵੱਲੋਂ ਜ਼ਿਲਾ ਲੁਧਿਆਣਾ ਵਿੱਚ ਪੈਂਦੀਆਂ 42 ਸਰਕਾਰੀ ਇਮਾਰਤਾਂ ਵਿੱਚ ਵਿਸ਼ੇਸ਼ ਸਮਰੱਥਾ ਵਾਲੇ (ਅਪਾਹਜ) ਵਿਅਕਤੀਆਂ ਦੀ ਸਹੂਲਤ ਲਈ ਰੈਂਪ, ਪੌਡ਼ੀਆਂ ਦੁਆਲੇ ਰੇਲਿੰਗ ਅਤੇ ਵਿਸ਼ੇਸ਼ ਪਖਾਨੇ ਬਣਾਉਣ ਦੇ ਕੰਮ ਦਾ ਵੀ ਨੀਂਹ ਪੱਥਰ ਬਲਾਂਈਂਡ ਬੱਚਿਆਂ ਦੇ ਸਕੂਲ ਜਮਾਲਪੁਰ ਵਿਖੇ ਰੱਖਿਆ ਗਿਆ। ਉਨਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਅਜਿਹੀਆਂ 42 ਸਰਕਾਰੀ ਇਮਾਰਤਾਂ ਦੀ ਭਾਲ ਕੀਤੀ ਗਈ ਹੈ, ਜਿੱਥੇ ਇਹ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ। ਇਸ ਸਾਰੇ ਪ੍ਰੋਜੈਕਟ ‘ਤੇ 15 ਕਰੋਡ਼ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਹਾਜ਼ਰ ਸਨ ।