ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੁਧਿਆਣਾ ਸਾਈਕਲ ਵੈਲੀ ਵਿੱਚ ਹੀਰੋ ਸਾਈਕਲਜ਼ ਨੂੰ 100 ਏਕੜ ਜ਼ਮੀਨ ਅਲਾਟ ਲਈ ਸਮਝੌਤਾ

Loading

ਪ੍ਰਾਜੈਕਟ ਨਾਲ ਸੂਬੇ ਵਿੱਚ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ

ਲੁਧਿਆਣਾ, 18 ਜਨਵਰੀ ( ਸਤ ਪਾਲ ਸੋਨੀ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ਵਿੱਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲਜ਼ ਲਿਮਟਿਡ ਨੂੰ 100 ਏਕਡ਼ ਜਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ ਜਿਸ ਨਾਲ ਲੁਧਿਆਣਾ ਦੇ ਹਾਈਟੈਕ ਸਾਈਕਲ, ਈ-ਬਾਈਕ, ਈ-ਵਹੀਕਲ ਅਤੇ ਲਾਈਟ ਇੰਜੀਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲੇਗਾ। ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਦੀ ਮੌਜੂਦਗੀ ਵਿੱਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਐਮ.ਡੀ. ਰਾਹੁਲ ਭੰਡਾਰੀ ਅਤੇ ਹੀਰੋ ਸਾਈਕਲਜ਼ ਲਿਮਟਿਡ ਦੇ ਚੇਅਰਮੈਨ ਪੰਕਜ ਮੁਝਾਲ ਨੇ ਇਸ ਸਬੰਧੀ ਇਕ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਮੌਕੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਉਦਯੋਗ, ਸੀ.ਆਈ.ਆਈ., ਪੀ.ਐਚ.ਡੀ. ਚੈਂਬਰ ਆਫ ਕਾਮਰਸ ਅਤੇ ਨਿਵੇਸ਼ਕਾਂ ਦੀਆਂ ਹੋਰ ਨੁਮਾਇੰਦਾ ਐਸੋਸੀਏਸ਼ਨਾਂ ਦੀ ਇਹ ਮੰਗ ਸੀ ਕਿ ਲੁਧਿਆਣੇ ਨੇਡ਼ੇ ਆਧੁਨਿਕ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਾਲਾ ਇਕ ਨਵਾਂ ਉਦਯੋਗਿਕ ਪਾਰਕ ਸਥਾਪਤ ਕੀਤਾ ਜਾਵੇ। ਇਸ ਸੰਦਰਭ ਵਿੱਚ ਹੀ ਪੰਜਾਬ ਸਰਕਾਰ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਿਲਕੁਲ ਨਜ਼ਦੀਕ ਪਿੰਡ ਧਨਾਨਸੂ ਵਿਖੇ 380 ਏਕਡ਼ ਰਕਬੇ ਵਿੱਚ ਪੀ.ਐਸ.ਆਈ.ਈ.ਸੀ. ਰਾਹੀਂ ਹਾਈਟੈਕ ਸਾਈਕਲ ਵੈਲੀ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰਾਜੈਕਟ ਹੀਰੋ ਸਾਈਕਲ ਲਿਮਟਡ ਅਤੇ ਇਸ ਦੇ ਨਾਲ ਜੁਡ਼ੇ ਸਪਲਾਇਰਾਂ/ਸਹਾਇਕ ਉਦਯੋਗਿਕ ਯੂਨਿਟਾਂ ਰਾਹੀਂ 400 ਕਰੋਡ਼ ਰੁਪਏ ਦਾ ਨਿਵੇਸ਼ ਲਿਆਵੇਗਾ ਅਤੇ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ। ਉਨਾਂ  ਕਿਹਾ ਕਿ ਇਸ ਉਦਯੋਗਿਕ ਪਾਰਕ ਦੀ ਸਮਰਥਾ ਸਾਲਾਨਾ 4 ਮਿਲੀਅਨ ਸਾਈਕਲ ਤਿਆਰ ਕਰਨ ਦੀ ਹੋਵੇਗੀ ਅਤੇ ਇਹ ਪ੍ਰਾਜੈਕਟ 36 ਮਹੀਨਿਆਂ ਵਿੱਚ ਅਮਲ ‘ਚ ਆਵੇਗਾ।

ਉਦਯੋਗ ਤੇ ਵਪਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੀਰੋ ਸਾਈਕਲਜ਼ ਲਿਮਟਡ ਦੀ ਚੋਣ ਉਦੇਸ਼, ਮੁਕਾਬਲਾ ਅਤੇ ਤਕਨੀਕੀ ਬੋਲੀ ਪ੍ਰਕ੍ਰਿਆ ਰਾਹੀਂ ‘ਪ੍ਰਾਜਕੈਟ ਕੰਪਨੀ’ ਵਜੋਂ ਕੀਤੀ ਗਈ ਹੈ ਜਿਸ ਤਹਿਤ ਸਾਈਕਲ, ਈ-ਬਾਈਕ ਵਰਗੇ ਵਹੀਕਲਾਂ ਨੂੰ ਬਣਾਉਣ ਲਈ ਐਂਕਰ ਯੂਨਿਟ ਸਥਾਪਤ ਕਰਨ ਦੇ ਨਾਲ-ਨਾਲ ਹਾਈਟੈੱਕ ਵੈਲੀ ਵਿੱਚ ਸਹਾਇਕ ਸਨਅਤੀ ਯੂਨਿਟਾਂ ਸਮੇਤ ਉਦਯੋਗਿਕ ਪਾਰਕ ਨੂੰ ਵਿਕਸਤ ਕੀਤਾ ਜਾਵੇਗਾ। ਅਲਾਟ ਕੀਤੀ ਜ਼ਮੀਨ ਵਿੱਚ ਸਮੁੱਚੇ ਉਦਯੋਗਿਕ ਪਾਰਕ ਦਾ ਵਿਕਾਸ ਕਰਨ ਦੀ ਜ਼ਿੰਮੇਵਾਰੀ ਹੀਰੋ ਸਾਈਕਲਜ਼ ਲਿਮਟਡ ਦੀ ਹੋਵੇਗੀ।ਇਸ ਪ੍ਰਸਤਾਵਿਤ ਪ੍ਰਾਜੈਕਟ ਤਹਿਤ ਹੀਰੋ ਸਾਈਕਲਜ਼ ਲਿਮਟਡ ਵੱਲੋਂ 50 ਏਕਡ਼ ਰਕਬੇ ਨੂੰ ਆਪਣੇ ਐਂਕਰ ਯੂਨਿਟ ਵਜੋਂ ਵਿਕਸਤ ਕੀਤਾ ਜਾਵੇਗਾ ਜਦਕਿ ਬਾਕੀ 50 ਏਕਡ਼ ਰਕਬੇ ਲਈ ਕੌਮੀ ਅਤੇ ਕੌਮਾਂਤਰੀ ਮੈਨੂਫੈਕਚਰਿੰਗ ਕੰਪਨੀਆਂ ਨੂੰ ਸਹਾਇਕ ਯੂਨਿਟ ਲਾਉਣ ਦਾ ਸੱਦਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹੀਰੋ ਸਾਈਕਲਜ਼ ਲਿਮਟਡ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਉਹ ਨਿੱਜੀ ਤੌਰ ‘ਤੇ ਸੂਬਾ ਸਰਕਾਰ ਦੇ ਰਿਣੀ ਹਨ। ਉਨਾਂ  ਨੇ ਉਮੀਦ ਜ਼ਾਹਰ ਕੀਤੀ ਕਿ ਲੁਧਿਆਣਾ ਵਿਖੇ ਹਾਈਟੈਕ ਸਾਈਕਲ ਵੈਲੀ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਨਮੂਨੇ ਤੌਰ ‘ਤੇ ਉੱਭਰੇਗੀ ਜੋ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗੀ।ਪੰਕਜ ਮੁੰਜਾਲ ਨੇ ਦੱਸਿਆ ਕਿ ਇਕੱਲਾ ਹੀਰੋ ਗਰੁੱਪ ਸਾਲਾਨਾ 10 ਮਿਲੀਅਨ ਸਾਈਕਲ ਬਣਾਉਦਾ ਹੈ ਜੋ ਵਿਸ਼ਵ ਵਿੱਚ ਬਣਦੇ ਕੁੱਲ ਸਾਈਕਲਾਂ ਦਾ 7.5 ਫੀਸਦੀ ਹੈ। ਉਨਾਂ  ਦੱਸਿਆ ਕਿ ਧਨਾਨਸੂ ਵਿਖੇ ਬਣਨ ਜਾ ਰਹੀ ਹਾਈਟੈਕ ਸਾਈਕਲ ਵੈਲੀ ਭਾਰਤ ਅਤੇ ਯੂਰਪ ਵਿੱਚ ਸਾਈਕਲ ਦੇ ਉਤਪਾਦਨ ਦੀ 50 ਫੀਸਦੀ ਮੰਗ ਪੂਰੀ ਕਰੇਗੀ। ਉਨਾਂ  ਕਿਹਾ ਕਿ ਉਤਪਾਦਨ ਦਾ ਸਮੁੱਚਾ ਕੰਮ ਜਰਮਨੀ ਵਿੱਚ ਸਿਖਲਾਈਯਾਫਤਾ ਵਰਕਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ।

ਹੀਰੋ ਸਾਈਕਲਜ਼ ਲਿਮਟਡ ਨੇ ਉਦਯੋਗਿਕ ਪਾਰਕ ਵਿੱਚ ਸਹਾਇਕ ਸਨਅਤੀ ਯੂਨਿਟਾਂ ਦੀ ਸਥਾਪਨਾ ਲਈ ਅਤੀ ਆਧੁਨਿਕ ਤਕਨਾਲੋਜੀ ਵਾਲੇ ਆਲਮੀ ਪੱਧਰ ‘ਤੇ ਪ੍ਰਸਿੱਧ ਮੈਨੂਫੈਕਚਰਿੰਗ ਕੰਪਨੀਆਂ ਨੂੰ ਸੱਦਾ ਦਿੱਤਾ ਹੈ। ਹੀਰੋ ਸਾਈਕਲਜ਼ ਲਿਮਟਡ ਨੂੰ ਇਹ ਜ਼ਮੀਨ ਨਾ ਸਿਰਫ ਉਦਯੋਗਿਕ ਮੰਤਵ ਲਈ ਵਰਤੋਂ ਕਰਨ ਵਾਸਤੇ ਦਿੱਤੀ ਗਈ ਹੈ ਸਗੋਂ ਵੇਅਰਹਾਊਸਿੰਗ, ਲੌਜਿਸਟਿਕਜ਼, ਖੋਜ ਤੇ ਵਿਕਾਸ ਕੇਂਦਰ ਅਤੇ ਹੁਨਰ ਵਿਕਾਸ ਕੇਂਦਰਾਂ ਵਰਗਾ ਢਾਂਚਾ ਕਾਇਮ ਕਰਨ ਲਈ ਵੀ ਮੁਹੱਈਆ ਕਰਵਾਈ ਗਈ ਹੈ।

ਪੀ.ਐਸ.ਆਈ.ਈ.ਸੀ. ਵੱਲੋਂ ਸਥਾਪਤ ਕੀਤੀ ਜਾ ਰਹੀ ਇਹ ਸਾਈਕਲ ਵੈਲੀ ਲੁਧਿਆਣਾ ਤੋਂ ਸਨਅਤਾਂ ਨੂੰ ਨਵੀਂ ਥਾਂ ‘ਤੇ ਲਿਜਾਣ ਵਿੱਚ ਸਹਾਈ ਹੋਵੇਗੀ ਅਤੇ ਸਾਈਕਲ ਇੰਡਸਟਰੀ ਦੇ ਸੈਕਟਰ ਵਿੱਚ ਐਂਕਰ ਯੂਨਿਟ ਸਥਾਪਤ ਕਰਨ ਨੂੰ ਉਤਸ਼ਾਹਤ ਕਰੇਗੀ। ਬੁਨਿਆਦੀ ਢਾਂਚੇ ‘ਤੇ 300 ਕਰੋਡ਼ ਰੁਪਏ ਦੇ ਨਿਵੇਸ਼ ਤੋਂ ਇਲਾਵਾ ਇਹ ਪ੍ਰਾਜੈਕਟ 1000-1500 ਕਰੋਡ਼ ਦੇ ਵਾਧੂ ਨਿਵੇਸ਼ ਨੂੰ ਵੀ ਆਕਰਸ਼ਿਤ ਕਰੇਗਾ।

ਹਾਈਟੈੱਕ ਸਾਈਕਲ ਵੈਲੀ ਨੂੰ ਸੂਬਾ ਸਰਕਾਰ ਸਿੱਧਾ ਰਸਤਾ ਮੁਹੱਈਆ ਕਰਵਾਏਗੀ ਜਿਸ ਲਈ ਲੁਧਿਆਣਾ-ਚੰਡੀਗਡ਼ ਹਾਈਵੇ ਤੋਂ 100 ਫੁੱਟ ਦੀ ਸਡ਼ਕ ਬਣਾਈ ਜਾਵੇਗੀ। ਮੌਜੂਦਾ ਰਸਤਾ ਜੋ ਵਾਇਆ ਬੁੱਢੇਵਾਲ ਖੰਡ ਮਿੱਲ ਰਾਹੀਂ ਸਾਈਕਲ ਵੈਲ ਤੱਕ ਜਾਂਦਾ ਹੈ, ਨੂੰ ਸੂਬਾ ਸਰਕਾਰ ਵੱਲੋਂ ਚੌਡ਼ਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਪੀ.ਐਸ.ਆਈ.ਈ.ਸੀ. ਨੇ ਸਾਈਕਲ ਵੈਲੀ ਵਿੱਚ ਯੋਜਨਾਬੰਦੀ ਅਤੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦੇ ਡਿਜ਼ਾਈਨ ਲਈ ਆਈ.ਐਲ. ਐਂਡ ਐਫ.ਐਸ. ਨੂੰ ਕੰਸਲਟੈਂਟ ਵਜੋਂ ਚੁਣਿਆ ਹੈ।

ਸਾਈਕਲ ਵੈਲੀ ਸੰਭਾਵੀ ਨਿਵੇਸ਼ਕਾਂ ਨੂੰ ਵਾਜਬ ਕੀਮਤਾਂ ‘ਤੇ ਵਿਕਸਤ ਸਨਅਤੀ ਪਲਾਟ ਮੁਹੱਈਆ ਕਰਵਾਏਗੀ ਅਤੇ ਇਸ ਵਿੱਚ ਬੈਕਿੰਗ, ਸਿਹਤ, ਮਨੋਰੰਜਨ, ਸਿੱਖਿਆ ਸਮੇਤ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ ਵੱਲੋਂ ਸਾਈਕਲ ਵੈਲੀ ਅਤੇ ਭਵਿੱਖ ਵਿੱਚ ਆਲੇ-ਦੁਆਲੇ ਲੱਗਣ ਵਾਲੇ ਹੋਰ ਯੂਨਿਟਾਂ ਲਈ 400 ਕੇ.ਵੀ. ਗਰਿੱਡ ਸਬ ਸਟੇਸ਼ਨ ਸਥਾਪਤ ਕੀਤਾ ਜਾਵੇਗਾ। ਲੁਧਿਆਣਾ ਦੀ ਉਦਯੋਗਿਕ ਤਰੱਕੀ ਬਹੁਤਾ ਕਰਕੇ ਸਾਈਕਲ ਅਤੇ ਸਮਾਲ ਸਕੇਲ ਮੈਨੂਫੈਕਚਰਿੰਗ ਇੰਡਸਟਰੀ ਨਾਲ ਜੁਡ਼ੀ ਹੋਈ ਹੈ। ਭਾਵੇਂ ਲੁਧਿਆਣਾ ਨੂੰ ਭਾਰਤ ਦੇ ਸਾਈਕਲ ਇੰਡਸਟਰੀ ਦੇ ਰਵਾਇਤੀ ਧੁਰੇ ਵਜੋਂ ਜਾਣਿਆ ਜਾਂਦਾ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਖਡ਼ੋਤ ਆ ਗਈ ਸੀ। ਨਵੇਂ ਉਦਯੋਗਿਕ ਪਾਰਕ ਦੀ ਸਥਾਪਨਾ ਦਾ ਮਕਸਦ ਹਾਈਟੈੱਕ ਸਾਈਕਲ ਅਤੇ ਇੰਜਨੀਅਰਿੰਗ ਉਤਪਾਦਾਂ ਲਈ ਈਕੋ-ਸਿਸਟਮ ਕਾਇਮ ਕਰਨਾ ਹੈ ਜਿਸ ਨਾਲ ਤਕਨਾਲੋਜੀ ਅਪਗ੍ਰੇਡ ਹੋਵੇਗੀ ਅਤੇ ਇਸ ਰਾਹੀਂ ਲੁਧਿਆਣਾ ਇਸ ਖੇਤਰ ਵਿੱਚ ਆਲਮੀ ਪੱਧਰ ‘ਤੇ ਆਪਣੀ ਮੋਹਰੀ ਪਛਾਣ ਕਾਇਮ ਰੱਖ ਸਕੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ,  ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੁਖੀ ਅਤੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਸੁਨੀਲ ਜਾਖਡ਼, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਐਮ.ਡੀ. ਪੀ.ਐਸ.ਆਈ.ਈ.ਸੀ ਰਾਹੁਲ ਭੰਡਾਰੀ ਤੇ ਏ.ਐਮ.ਡੀ. ਵਿਨੀਤ ਕੁਮਾਰ, ਹੀਰੋ ਸਾਈਕਲਜ਼ ਦੇ ਡਾਇਰੈਕਟਰ ਐਸ.ਕੇ. ਰਾਏ ਅਤੇ ਰੀਜਨਲ ਹੈੱਡ ਹੀਰੋ ਯੂਰਪ ਐਂਡਰਿਊਜ਼ ਕਲੇਨ ਹਾਜ਼ਰ ਸਨ।

32840cookie-checkਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੁਧਿਆਣਾ ਸਾਈਕਲ ਵੈਲੀ ਵਿੱਚ ਹੀਰੋ ਸਾਈਕਲਜ਼ ਨੂੰ 100 ਏਕੜ ਜ਼ਮੀਨ ਅਲਾਟ ਲਈ ਸਮਝੌਤਾ

Leave a Reply

Your email address will not be published. Required fields are marked *

error: Content is protected !!