![]()
ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ-ਪੁਲਿਸ ਕਮਿਸ਼ਨਰ
ਲੋਹਡ਼ੀ ਅਤੇ ਗੁਰਪੁਰਬ ਦੀ ਵਧਾਈ ਸਾਂਝੀ ਕੀਤੀ
ਲੁਧਿਆਣਾ, 13 ਜਨਵਰੀ ( ਸਤ ਪਾਲ ਸੋਨੀ ) : ਪੰਜਾਬ ਪੁਲਿਸ ਵੱਲੋਂ 13 ਤੋਂ 19 ਜਨਵਰੀ, 2019 ਤੱਕ ਪੁਲਿਸ ਵੀਕ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਆਪਣੇ-ਆਪਣੇ ਅਧਿਕਾਰ ਅਧੀਨ ਆਉਂਦੇ ਖੇਤਰਾਂ ਵਿੱਚ ਕਈ ਲੋਕ ਹਿੱਤ ਗਤੀਵਿਧੀਆਂ ਕੀਤੀਆਂ ਜਾਣਗੀਆਂ। ਲੁਧਿਆਣਾ ਪੁਲਿਸ ਵੱਲੋਂ ਇਸ ਹਫ਼ਤੇ ਦੀ ਸ਼ੁਰੂਆਤ ਅੱਜ ਪੁਲਿਸ ਸਟੇਸ਼ਨਾਂ ਅਤੇ ਪੁਲਿਸ ਕਲੋਨੀਆਂ ਦੀ ਸਫ਼ਾਈ ਅਤੇ ਲੋਹਡ਼ੀ ਤਿਉਹਾਰ ਨਾਲ ਕੀਤੀ ਗਈ। ਜਿਸ ਵਿੱਚ ਉੱਚ ਪੁਲਿਸ ਅਧਿਕਾਰੀਆਂ ਸਮੇਤ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸਹਿਯੋਗ ਕੀਤਾ।
ਇਸ ਸੰਬੰਧੀ ਸਥਾਨਕ ਪੁਲਿਸ ਲਾਈਨਜ਼ ਵਿਖੇ ਲੋਹਡ਼ੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਅਸ਼ਵਨੀ ਕੁਮਾਰ ਅਤੇ ਗਗਨ ਅਜੀਤ ਸਿੰਘ (ਦੋਵੇਂ ਡਿਪਟੀ ਕਮਿਸ਼ਨਰ ਪੁਲਿਸ), ਸੁਰਿੰਦਰ ਲਾਂਬਾ, ਸ੍ਰੀ ਦੀਪਕ ਪਾਰਿਕ, ਮਿਸ ਗੁਰਪ੍ਰੀਤ ਕੌਰ ਪੁਰੇਵਾਲ, ਸੁਖਪਾਲ ਸਿੰਘ ਬਰਾਡ਼ ਅਤੇ ਕੁਲਦੀਪ ਸ਼ਰਮਾ (ਸਾਰੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ), ਸਰਤਾਜ ਸਿੰਘ ਚਾਹਲ ਸਹਾਇਕ ਕਮਿਸ਼ਨਰ ਪੁਲਿਸ, ਰਮਨੀਸ਼ ਚੌਧਰੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਸਨ।
ਡਾ. ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਪੁਲਿਸ ਵੱਲੋਂ ਜਿੱਥੇ ਪੁਲਿਸ ਸਟੇਸ਼ਨਾਂ ਅਤੇ ਆਲੇ ਦੁਆਲੇ ਦੀ ਸਫਾਈ ਕਰਵਾਈ ਜਾਵੇਗੀ, ਉਥੇ ਹੀ 14 ਜਨਵਰੀ ਨੂੰ ਸੀਨੀਅਰ ਸਿਟੀਜ਼ਨ ਕੁਨੈੱਕਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਮਿਤੀ 15 ਜਨਵਰੀ ਨੂੰ ਆਰਥਿਕ ਅਪਰਾਧਾਂ ਅਤੇ ਇੰਮੀਗ੍ਰੇਸ਼ਨ ਨਾਲ ਸੰਬੰਧਤ ਮਾਮਲਿਆਂ ਤੋਂ ਬਚਣ ਲਈ ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ। ਮਿਤੀ 15 ਜਨਵਰੀ ਨੂੰ ਪੁਲਿਸ ਨਾਲ ਸੰਬੰਧਤ ਪਰਿਵਾਰਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਮਿਤੀ 16 ਜਨਵਰੀ ਨੂੰ ਇੰਟਰ ਜ਼ੋਨ ਵਾਲੀਬਾਲ ਮੁਕਾਬਲੇ ਕਰਵਾਏ ਜਾਣਗੇ।
ਉਨਾਂ ਅੱਗੇ ਦੱਸਿਆ ਕਿ ਮਿਤੀ 17 ਜਨਵਰੀ ਨੂੰ ਪੁਲਿਸ ਨਾਲ ਸੰਬੰਧਤ ਪਰਿਵਾਰਾਂ ਨੂੰ ਆਨਲਾਈਨ ਠੱਗੀਆਂ, ਸੋਸ਼ਲ ਮੀਡੀਆ ਧੋਖੇ ਅਤੇ ਏ. ਟੀ. ਐੱਮ. ਧੋਖਾਧਡ਼ੀਆਂ ਤੋਂ ਬਚਣ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਮਿਤੀ 18 ਜਨਵਰੀ ਨੂੰ ਗਜਟਿਡ ਅਫ਼ਸਰਾਂ ਅਤੇ ਐੱਸ. ਐੱਚ. ਓਜ਼ ਦਰਮਿਆਨ ਕ੍ਰਿਕਟ ਦਾ ਮੁਕਾਬਲਾਕ ਕਰਵਾਇਆ ਜਾਵੇਗਾ। ਇਸੇ ਤਰਾਂ ਮਿਤੀ 19 ਜਨਵਰੀ ਨੂੰ ਸ਼ਾਮ 5 ਵਜੇ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿੱਚ ਸਾਰੇ ਪੁਲਿਸ ਪਰਿਵਾਰ ਸ਼ਮੂਲੀਅਤ ਕਰਨਗੇ, ਜਿਸ ਉਪਰੰਤ ਸਾਰੇ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ।
ਲੋਹਡ਼ੀ ਸਮਾਗਮ ਮੌਕੇ ਡਾ. ਗਿੱਲ ਨੇ ਸਮੂਹ ਪਰਿਵਾਰਾਂ ਨੂੰ ਲੋਹਡ਼ੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸੰਬੰਧੀ ਵਧਾਈ ਦਿੱਤੀ ਅਤੇ ਸਾਰਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਗੀਤ ਸੰਗੀਤ ਦੇ ਨਾਲ-ਨਾਲ ਪਤੰਗਬਾਜ਼ੀ ਵੀ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰੇ ਸਾਰੇ ਪੁਲਿਸ ਸਟੇਸ਼ਨਾਂ ਦੇ ਆਲੇ-ਦੁਆਲੇ ਅਤੇ ਪੁਲਿਸ ਕਲੋਨੀਆਂ ਜਮਾਲਪੁਰ, ਸਰਾਭਾ ਨਗਰ, ਡੀ. ਪੀ. ਓ., ਪੁਲਿਸ ਸਟੇਸ਼ਨ ਡਵੀਜ਼ਨ-5 ਕਲੋਨੀ, ਕਲੋਨੀ ਪੁਲਿਸ ਸਟੇਸ਼ਨ ਸਦਰ, ਕਲੋਨੀ ਡੀ. ਆਈ. ਜੀ. ਦਫ਼ਤਰ ਦੇ ਪਿੱਛੇ ਅਤੇ ਪੁਲਿਸ ਲਾਈਨਜ਼ ਦੀ ਸਫਾਈ ਕਰਵਾਈ।
