![]()

ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਮੇਅਰ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ 5 ਜਨਵਰੀ ( ਸਤ ਪਾਲ ਸੋਨੀ ) : ਨਗਰ ਨਿਗਮ ਮੁਲਾਜ਼ਮ ਐਸ਼ੋਸੀਏਸ਼ਨ ਰਜਿ. ਦੀ ਇਕ ਮੀਟਿੰਗ ਐਸ਼ੋਸ਼ੀਏਸ਼ਨ ਦੇ ਚੇਅਰਮੈਨ ਰਾਹੁਲ ਡੁਲਗਚ ਦੀ ਅਗਵਾਈ ਵਿਚ ਸਥਾਨਕ ਸਰਕਟ ਹਾਊਸ ਵਿਖੇ ਹੋਈ। ਇਸ ਮੀਟਿੰਗ ਵਿਚ ਮੇਅਰ ਬਲਕਾਰ ਸਿੰਘ ਸੰਧੂ, ਕਾਂਗਰਸ ਪਾਰਟੀ ਦੇ ਇਕਨੋਮਿਕ ਐਂਡ ਪੋਲੀਟਿਕਲ ਪਲੈਨਿੰਗ ਸੈਲ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਰਾਹੁਲ ਡੁਲਗਚ ਵਲੋਂ ਮੁਲਾਜ਼ਮ ਐਸ਼ੋਸ਼ੀਏਸ਼ਨ ਦੀਆਂ ਵੱਡੇ ਪੱਧਰ ਤੇ ਨਿਯੁਕਤੀਆਂ ਕੀਤੀਆ ਗਈਆ ਜਿਸ ਵਿਚ ਜਤਿੰਦਰ ਘਾਵਰੀ ਨੂੰ ਪ੍ਰਧਾਨ, ਨੀਰਜ ਸਿਰਸਵਾਲ ਨੂੰ ਵਾਈਸ ਚੇਅਰਮੈਨ, ਰਾਜ ਕਰੋਤੀਆ ਨੂੰ ਸੀਨੀਅਰ ਵਾਈਸ ਪ੍ਰਧਾਨ, ਰੋਹਿਤ ਡੁਲਗਚ ਨੂੰ ਜਨਰਲ ਸਕੱਤਰ, ਮਨਦੀਪ ਕੁਮਾਰ ਨੂੰ ਸਕੱਤਰ, ਵਿਵੇਕ ਸੂਦ ਨੂੰ ਸਕੱਤਰ ਤੇ ਅਮਨ ਸੌਦੇ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਹੁਲ ਡੁਲਗਚ ਨੇ ਕਿਹਾ ਕਿ ਮੁਲਾਜ਼ਮ ਐਸ਼ੋਸ਼ੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਤੇ ਐਸ਼ੋਸ਼ੀਏਸ਼ਨ ਦੀ ਜੋ ਨਵੀਂ ਟੀਮ ਐਲਾਨੀ ਗਈ ਹੈ ਇਹ ਮੁਲਾਜ਼ਮ ਦੇ ਹੱਕਾਂ ਲਈ ਡੱਟ ਕੇ ਲਡ਼ੇਗੀ। ਉਨਾਂ ਕਿਹਾ ਕਿ ਜਲਦੀ ਹੀ ਮੁਲਾਜ਼ਮ ਐਸ਼ੋਸ਼ੀਏਸ਼ਨ ਦੀ ਬਾਕੀ ਬਾਡੀ ਦਾ ਐਲਾਨ ਕੀਤਾ ਜਾਵੇਗਾ।

ਇਸ ਮੌਕੇ ਰਾਹੁਲ ਡੁਲਗਚ ਤੇ ਉਨਾਂ ਦੀ ਸਮੁੱਚੀ ਟੀਮ ਵਲੋਂ ਮੇਅਰ ਨੂੰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਜਿਸ ਵਿਚ ਉਨਾਂ ਮੰਗ ਕੀਤੀ ਕਿ ਨਗਰ ਨਿਗਮ ਲੁਧਿਆਣਾ ਵਿੱਚ 1992 ਤੋਂ ਲਟਕ ਰਹੇ ਸੀਵਰੇਜ਼ਮੈਨਾਂ ਨੂੰ ਬਿਨਾਂ ਸ਼ਰਤ 2008 ਤੇ 2011 ਦੀ ਤਰਜ਼ ‘ਤੇ ਪੱਕਾ ਕੀਤਾ ਜਾਵੇ। ਸੀਵਰੇਜ਼ਮੈਨਾਂ ਦੀ ਡਿਊਟੀ ਨੂੰ ਸੁਰੱਖਿਅਤ ਬਣਾਉਣ ਲਈ ਸੇਫ਼ਟੀ ਕਿੱਟ ਪ੍ਰਦਾਨ ਕੀਤੀ ਜਾਵੇ। ਲੁਧਿਆਣਾ ਨਗਰ ਨਿਗਮ ਵਿੱਚ ਸੀਵਰੇਜ਼ਮੈਨਾਂ ਦੀ ਸੁਪਰਵਾਈਜ਼ਰਾਂ ਦੀ ਪੋਸਟ ਨੂੰ ਭਰਿਆ ਜਾਵੇ ਤੇ ਯੋਗ ਮੁਲਾਜ਼ਮਾਂ ਨੂੰ ਤਰੱਕੀ ਦੇਕੇ ਸੁਪਰਵਾਈਜ਼ਰ ਬਣਾਇਆ ਜਾਵੇ। ਲੁਧਿਆਣਾ ਨਗਰ ਨਿਗਮ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਤੇ ਮੁਲਾਜ਼ਮਾਂ ਦੀ ਤਨਖਾਹ ਨੂੰ 7 ਤਰੀਖ ਤੱਕ ਦੇਣਾ ਯਕੀਨੀ ਬਣਾਇਆ ਜਾਵੇ। ਨਗਰ ਨਿਗਮ ਵਿਚ ਜਿੰਨੇ ਵੀ ਮੁਲਾਜ਼ਮ ਸ਼ੈਕਸ਼ਨ ਗਰੇਡ ‘ਤੇ ਕੰਮ ਕਰ ਰਹੇ ਹਨ ਉਨਾਂ ਨੂੰ ਡੀ. ਸੀ. ਰੇਟ ਤੇ ਕੀਤਾ ਜਾਵੇ ਅਤੇ ਨਗਰ ਨਿਗਮ ਵਿਚੋਂ ਸੈਕਸ਼ਨ ਗਰੇਡ ਨੂੰ ਮੁਕੰਮਲ ਤੌਰ ਤੇ ਖ਼ਤਮ ਕੀਤਾ ਜਾਵੇ।2011 ਤੋਂ ਬਾਅਦ ਮੁਲਾਜ਼ਮਾਂ ਨੂੰ ਸ਼ਨਿੱਚਰਵਾਰ ਦੀ ਛੁੱਟੀ ਰੱਦ ਕੀਤੀ ਗਈ ਸੀ ਉਹ ਛੁੱਟੀ ਮੁਡ਼ ਬਹਾਲ ਕੀਤੀ ਜਾਵੇ ਨਹੀਂ ਤਾਂ ਮੁਲਾਜ਼ਮਾਂ ਨੂੰ ਸ਼ਨਿੱਚਰਵਾਰ ਦੀ ਦਿਹਾਡ਼ੀ ਦਾ ਭੁਗਤਾਨ ਕੀਤਾ ਜਾਵੇ । ਜਿਨਾਂ ਮੁਲਾਜ਼ਮਾਂ ਦੀ ਮੌਤ ਹੋ ਜਾਂਦੀ ਹੈ ਉਨਾਂ ਦੇ ਵਾਰਸਾਂ ਨੂੰ ਬਿਨਾਂ ਸ਼ਰਤ ਨੌਕਰੀ ਦਿੱਤੀ ਜਾਵੇ ਤੇ ਮੁਲਾਜ਼ਮਾਂ ਦਾ ਘੱਟੋ-ਘੱਟ 15 ਲੱਖ ਦਾ ਬੀਮਾ ਕਰਵਾਇਆ ਜਾਵੇ। ਨਗਰ ਨਿਗਮ ਲੁਧਿਆਣਾ ‘ਚ ਸਫ਼ਾਈ ਕਰਮਚਾਰੀਆਂ ਦੀ ਪੈਨਸ਼ਨ ਨੀਤੀ ਨੂੰ ਬਹਾਲ ਕੀਤਾ ਜਾਵੇ । ਸੀਵਰਜ਼ੇਮੈਨਾਂ ਤੇ ਸਫ਼ਾਈ ਕਰਮਚਾਰੀਆਂ ਨੂੰ ਈ.ਪੀ.ਐਫ਼ ਫੰਡ ਦਾ ਖਾਤਾ ਨੰ. ਦਿੱਤਾ ਜਾਵੇ। ਨਗਰ ਨਿਗਮ ਲੁਧਿਆਣਾ ‘ਚ ਜਿੰਨੀਆਂ ਵੀ ਅਸਾਮੀਆਂ ਖਾਲੀਆਂ ਹਨ ਉਹਨਾਂ ਨੂੰ ਯੋਗਤਾਂ ਅਨੁਸਾਰ ਭਰਿਆ ਜਾਵੇ। ਦਰਜਾ-4 ਮੁਲਾਜ਼ਮਾਂ ਜੋ ਕਿ ਯੋਗ ਯੋਗਤਾ ਰੱਖਦੇ ਹਨ ਉਹਨਾਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਪ੍ਰਮੋਸ਼ਨ ਦਿੱਤੀ ਜਾਵੇ । ਹੋਰ ਵਿਭਾਗਾਂ ਦੀ ਤਰਜ਼ ਤੇ ਸੀਵਰੇਜ਼ਮੈਨਾਂ ਤੇ ਸਫ਼ਾਈ ਕਰਮਚਾਰੀਆਂ ਨੂੰ ਬੋਨਸ ਦਿੱਤਾ ਜਾਵੇ। ਇਸ ਮੌਕੇ ਮੇਅਰ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇਗੀ ਤੇ ਇਸ ਸੰਬੰਧੀ ਮੁਲਾਜ਼ਮ ਐਸ਼ੋਸ਼ੀਏਸ਼ਨ ਦੇ ਆਗੂ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਇਸ ਮੌਕੇ ਜਤਿੰਦਰ ਘਾਵਰੀ ਨੇ ਕਿਹਾ ਕਿ ਸਭ ਤੋਂ ਪਹਿਲਾ ਆਪਣੀ ਨਿਯੁਕਤੀ ਲਈ ਮੁਲਾਜ਼ਮ ਐਸ਼ੋਸ਼ੀਏਸ਼ਨ ਦੇ ਚੇਅਰਮੈਨ ਰਾਹੁਲ ਡੁਲਗਚ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਤੇ ਭਵਿੱਖ ‘ਚ ਮੁਲਾਜ਼ਮ ਦੀ ਭਲਾਈ ਤੇ ਤਰੱਕ ਲਈ ਡੱਟ ਕੇ ਕੰਮ ਕਰਨਗੇ। ਇਸ ਮੌਕੇ ਐਡਵੋਕੇਟ ਸ਼ੀਲਾ ਦੁਗਰੀ, ਰਾਕੇਸ਼ ਲੰਬਡ਼ਦਾਰ , ਜਗਾਪਲ ਜੱਗਾ , ਤੇਜਪਾਲ ਡੁਲਗਚ, ਅਜੇ ਟਾਂਕ, ਸੰਤੋਸ਼ ਕੁਮਾਰ, ਰਾਹੁਲ ਸੂਦ, ਵਿੱਕੀ ਪੁਹਾਲ, ਕਰਨ ਚੌਹਾਨ, ਆਦਿ ਹਾਜ਼ਰ ਸਨ।