ਸਨਅਤ ਅਤੇ ਵਣਜ ਵਿਭਾਗ ਦੇ ਨਿਰਦੇਸ਼ਕ ਵੱਲੋਂ ਸਨਅਤਕਾਰਾਂ ਨਾਲ ਮੀਟਿੰਗਾਂ

Loading

ਸਨਅਤਕਾਰਾਂ ਨੂੰ ਪੰਜਾਬ ਸਰਕਾਰ ਅਤੇ ਹੋਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਸੱਦਾ

ਲੁਧਿਆਣਾ, 3 ਜਨਵਰੀ ( ਸਤ ਪਾਲ ਸੋਨੀ ) :  ਪੰਜਾਬ ਸਰਕਾਰ ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਸਨਅਤਾਂ ਨੂੰ ਕਲੱਸਟਰ ਬਣਾ ਕੇ ਵਿਕਸਤ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਅਧੀਨ ਅੱਜ ਸਨਅਤ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਨੇ ਸਥਾਨਕ ਸਨਅਤਕਾਰਾਂ ਨਾਲ ਅਲੱਗ-ਅਲੱਗ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਕਲੱਸਟਰਜ਼ ਦੀ ਸਥਿਤੀ, ਐਕਸਪੋਰਟ ਨਾਲ ਸੰਬੰਧਤ ਸਮੱਸਿਆਵਾਂ ਅਤੇ ਪਿਛਲੇ ਸਮੇਂ ਦੌਰਾਨ ਸਰਕਾਰ ਅਤੇ ਸਨਅਤਕਾਰਾਂ ਦਰਮਿਆਨ ਹੋਏ ਸਮਝੌਤਿਆਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ  ਡੀ. ਪੀ. ਐੱਸ.ਖਰਬੰਦਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿ ਸਨਅਤਕਾਰਾਂ ਦੀਆਂ ਸਮੱਸਿਆਵਾਂ ਨੂੰ ਉਨਾਂ ਦੇ ਦਰਾਂ ‘ਤੇ ਜਾ ਕੇ ਸੁਣਿਆ ਜਾਵੇ। ਉਨਾਂ ਕਿਹਾ ਕਿ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬੇ ਵਿੱਚ ਵੱਧ ਤੋਂ ਵੱਧ ਸਨਅਤਾਂ ਦੇ ਕਲੱਸਟਰ ਬਣਾ ਕੇ ਵਿਕਾਸ ਕੀਤਾ ਜਾਵੇ ਤਾਂ ਜੋ ਸਨਅਤਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਵੱਧ ਤੋਂ ਵੱਧ ਸਬਸਿਡੀ ਅਤੇ ਹੋਰ ਸਹਾਇਤਾ ਰਾਸ਼ੀਆਂ ਦਿਵਾਈਆਂ ਜਾ ਸਕਣ।
ਉਨਾਂ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲਾ ਲੁਧਿਆਣਾ ਦੀਆਂ ਸਨਅਤਾਂ ਦੇ 12 ਨਵੇਂ ਕਲੱਸਟਰ ਬਣਾਉਣ ਲਈ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ। ਜਿਨਾਂ ਵਿੱਚੋਂ ਆਟੋ ਪਾਰਟਸ ਕਲੱਸਟਰ ਲਈ ਮੀਟਿੰਗ ਮਿਤੀ 4 ਜਨਵਰੀ ਨੂੰ ਚੰਡੀਗਡ਼ ਵਿਖੇ ਰੱਖੀ ਗਈ ਹੈ। ਪਹਿਲਾਂ ਹੀ ਮਨਜ਼ੂਰ ਦੋ ਕਲੱਸਟਰਾਂ (ਆਇਲ ਐਕਸਪੈਲਰ ਕਲੱਸਟਰਾਂ) ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਾਰਮੈਂਟ ਕਲੱਸਟਰ ਸੰਬੰਧੀ ਮਾਮਲਾ ਕੇਂਦਰ ਸਰਕਾਰ ਕੋਲ ਭੇਜਿਆ ਜਾ ਚੁੱਕਾ ਹੈ। ਜਦਕਿ ਬਾਕੀ ਕਲੱਸਟਰਾਂ ਬਾਰੇ ਸਨਅਤਕਾਰਾਂ ਨੂੰ ਡਿਟੇਲ ਪ੍ਰੋਜੈਕਟ ਰਿਪੋਰਟਾਂ (ਡੀ. ਪੀ. ਆਰਜ਼) ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਐਕਸਪੋਰਟ ਨਾਲ ਸਬੰਧਤ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ। ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਉਨਾਂ ਨੇ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਲਿਆ ਹੈ, ਜਿਸ ਸੰਬੰਧੀ ਉਹ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਇਨਾਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾ ਸਕੇ। ਇਸੇ ਤਰਾਂ ਪਿਛਲੇ ਸਮੇਂ ਦੌਰਾਨ ਸਰਕਾਰ ਅਤੇ ਸਨਅਤਕਾਰਾਂ ਦਰਮਿਆਨ ਜੋ ਸਮਝੌਤੇ ਸਹੀਬੱਦ ਹੋਏ ਸਨ, ਉਨਾਂ ਵਿੱਚੋਂ ਕੁਝ ਕੁ ਦੀ ਅਪਡੇਸ਼ਨ ਨਹੀਂ ਹੋਈ ਹੈ। ਜਿਸ ਬਾਰੇ ਸਨਅਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਾਸੋਂ ਹੋਣ ਵਾਲੀ ਅਪਡੇਸ਼ਨ ਨੂੰ ਯਕੀਨੀ ਬਣਾਉਣ ਤਾਂ ਜੋ ਸਰਕਾਰ ਵੱਲੋਂ ਆਪਣੀ ਕਾਰਵਾਈ ਨੂੰ ਅੱਗੇ ਤੋਰਿਆ ਜਾ ਸਕੇ। ਇਸ ਮੌਕੇ ਕੁਝ ਸਨਅਤਕਾਰਾਂ ਵੱਲੋਂ ਸ੍ਰੀ ਖਰਬੰਦਾ ਨੂੰ ਮੈਮੋਰੰਡਮ ਵੀ ਪੇਸ਼ ਕੀਤੇ ਗਏ।
ਇਨਾਂ ਮੀਟਿੰਗਾਂ ਵਿੱਚ ਡੀ. ਪੀ. ਐੱਸ. ਖਰਬੰਦਾ ਤੋਂ ਇਲਾਵਾ ਐੱਸ. ਐੱਮ. ਗੋਇਲ ਸਨਅਤੀ ਸਲਾਹਕਾਰ,  ਪਦਮਾਨੰਦ ਸਲਾਹਕਾਰ ਗਰਾਂਟ ਥਰੌਂਟਨ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ  ਮਹੇਸ਼ ਖੰਨਾ ਅਤੇ ਵੱਡੀ ਗਿਣਤੀ ਵਿੱਚ ਸਨਅਤਕਾਰਾਂ ਨੇ ਭਾਗ ਲਿਆ।

31040cookie-checkਸਨਅਤ ਅਤੇ ਵਣਜ ਵਿਭਾਗ ਦੇ ਨਿਰਦੇਸ਼ਕ ਵੱਲੋਂ ਸਨਅਤਕਾਰਾਂ ਨਾਲ ਮੀਟਿੰਗਾਂ

Leave a Reply

Your email address will not be published. Required fields are marked *

error: Content is protected !!